ਅੰਮ੍ਰਿਤਸਰ: ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਭਾਰਤੀ ਫੌਜ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਫੌਜ ਨੇ ਇੱਕ ਵਾਰ ਫਿਰ ਦੇਸ਼ ਅਤੇ ਧਰਮ ਦੀ ਰੱਖਿਆ ਕਰਕੇ ਆਪਣਾ ਫਰਜ਼ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਨੂੰ ਰੋਕਣ ਵਿੱਚ ਭਾਰਤੀ ਫੌਜ ਦੀ ਬਹਾਦਰੀ ਸ਼ਲਾਘਾਯੋਗ ਹੈ।
ਐਮਪੀ ਔਜਲਾ ਨੇ ਕਿਹਾ ਕਿ "10 ਮਈ ਨੂੰ ਹੀ ਸਿੱਖ ਭਾਈਚਾਰੇ ਨੇ ਪਾਕਿਸਤਾਨ ਵਿਰੁੱਧ ਵਿਰੋਧ ਦਰਜ ਕਰਵਾਇਆ ਸੀ ਕਿਉਂਕਿ ਪਾਕਿਸਤਾਨ ਵੱਲੋਂ ਸਾਡੇ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਅਸੀਂ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਪਾਕਿਸਤਾਨ ਸਾਡੇ ਪਵਿੱਤਰ ਸਥਾਨਾਂ ਨੂੰ ਖਤਰੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਜ ਭਾਰਤੀ ਫੌਜ ਨੇ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਅਤੇ ਸਾਬਤ ਕਰ ਦਿੱਤਾ ਹੈ ਕਿ ਸਾਡੀ ਸੁਰੱਖਿਆ ਪੂਰੀ ਤਰ੍ਹਾਂ ਮੁਕੰਮਲ ਹੈ।"
ਇੱਕ ਵੱਡਾ ਹਾਦਸਾ ਟਲ ਗਿਆ
ਔਜਲਾ ਨੇ ਕਿਹਾ ਕਿ ਫੌਜ ਨੇ ਅੰਮ੍ਰਿਤਸਰ ਅਤੇ ਇਸ ਦੇ ਆਲੇ-ਦੁਆਲੇ ਇੱਕ ਮਜ਼ਬੂਤ ਸੁਰੱਖਿਆ ਘੇਰਾ ਬਣਾਇਆ, ਜਿਸ ਨਾਲ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਥਾਨ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਹ ਫੌਜ ਦੀ ਪੇਸ਼ੇਵਰਤਾ ਅਤੇ ਵਚਨਬੱਧਤਾ ਦਾ ਨਤੀਜਾ ਹੈ ਕਿ ਇੱਕ ਵੱਡਾ ਹਾਦਸਾ ਟਲ ਗਿਆ। ਔਜਲਾ ਨੇ ਸਮੁੱਚੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫੌਜ ਪ੍ਰਤੀ ਆਪਣਾ ਸਤਿਕਾਰ ਅਤੇ ਸਮਰਥਨ ਦਿਖਾਉਣ ਅਤੇ ਅਜਿਹੇ ਮਾਮਲਿਆਂ ਵਿੱਚ ਇੱਕਜੁੱਟ ਰਹਿਣ ਤਾਂ ਜੋ ਕੋਈ ਵੀ ਦੁਸ਼ਮਣ ਤਾਕਤ ਸਾਡੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ।
"ਭਾਰਤ ਦੀ ਆਤਮਾ 'ਤੇ ਹਮਲਾ "
ਅੰਮ੍ਰਿਤਸਰ ਭਾਜਪਾ ਦੇ ਰਾਸ਼ਟਰੀ ਬੁਲਾਰੇ ਤਰੁਣ ਚੁੱਘ ਨੇ ਕਿਹਾ ਕਿ "ਪਾਕਿਸਤਾਨ ਵੱਲੋਂ 8 ਮਈ ਨੂੰ ਅੰਮ੍ਰਿਤਸਰ ਦੇ ਪਵਿੱਤਰ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਉਸ ਦੇ ਨੈਤਿਕ ਦੀਵਾਲੀਆਪਨ ਅਤੇ ਧਾਰਮਿਕ ਕੱਟੜਤਾ ਤੋਂ ਪ੍ਰੇਰਿਤ ਅੱਤਵਾਦੀ ਮਾਨਸਿਕਤਾ ਦੀ ਸਿਖਰ ਹੈ। ਇਹ ਸਿਰਫ਼ ਇੱਟਾਂ ਅਤੇ ਪੱਥਰਾਂ 'ਤੇ ਹਮਲਾ ਨਹੀਂ ਸੀ, ਸਗੋਂ ਭਾਰਤ ਦੀ ਆਤਮਾ 'ਤੇ ਹਮਲਾ ਸੀ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਹਾਲਾਂਕਿ ਭਾਰਤੀ ਫੌਜ ਦੀ ਚੌਕਸੀ ਅਤੇ ਤੇਜ਼ ਜਵਾਬ ਨੇ ਸਮੇਂ ਸਿਰ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।"
"ਆਪ੍ਰੇਸ਼ਨ ਸਿੰਦੂਰ"
ਪਾਕਿਸਤਾਨ ਦੀ ਇਹ ਘਬਰਾਹਟ ਭਾਰਤ ਵੱਲੋਂ ਹਾਲ ਹੀ ਵਿੱਚ ਸਫਲਤਾਪੂਰਵਕ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਦੇਖੀ ਗਈ ਹੈ। ਇਸ ਕਾਰਵਾਈ ਵਿੱਚ ਭਾਰਤੀ ਫੌਜ ਨੇ ਸਰਹੱਦ ਪਾਰ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਪਾਕਿਸਤਾਨ ਦੀ ਰਣਨੀਤੀ ਅਤੇ ਅੱਤਵਾਦੀ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਹਥਿਆਰਬੰਦ ਸੈਨਾਵਾਂ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਭਾਰਤ ਹੁਣ ਨਾ ਸਿਰਫ਼ ਆਪਣੀਆਂ ਸਰਹੱਦਾਂ ਦੀ ਰੱਖਿਆ ਕਰਨ ਦੇ ਸਮਰੱਥ ਹੈ, ਸਗੋਂ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ ਦੀ ਪਵਿੱਤਰਤਾ ਦੀ ਰੱਖਿਆ ਲਈ ਹਰ ਸੰਭਵ ਕਦਮ ਵੀ ਚੁੱਕੇਗਾ।
ਮੈਂ ਖੁਦ ਇੱਕ ਫੌਜੀ ਬਾਪ ਦਾ ਪੁੱਤ ਹਾਂ
ਉਧਰ ਦੂਜੇ ਪਾਸੇ ਪਾਕਿਸਤਾਨ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਦੇ ਮਾਮਲੇ ਉੱਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਇਹ ਨੀਚ ਹਰਕਤ ਬਿਲਕੁਲ ਕਬੂਲ ਨਹੀਂ ਅਤੇ ਭਾਰਤੀ ਫੌਜ ਨੇ ਇਸਦਾ ਮੂੰਹਤੋੜ ਜਵਾਬ ਦੇ ਕੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਭਾਰਤ 'ਚ ਹੁਣ ਕਿੰਨੀ ਕੁ ਸਮਰੱਥਾ ਹੈ।
“ਮੈਂ ਖੁਦ ਇੱਕ ਫੌਜੀ ਬਾਪ ਦਾ ਪੁੱਤ ਹਾਂ, ਅਤੇ ਮੈਨੂੰ ਆਪਣੇ ਫੌਜੀਆਂ ਉੱਤੇ ਮਾਣ ਹੈ। ਜਦੋਂ ਵੀ ਦੁਸ਼ਮਣ ਨੇ ਸਾਡੀਆਂ ਧਾਰਮਿਕ ਨਗਰੀਆਂ ਜਾਂ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਭਾਰਤੀ ਫੌਜ ਨੇ ਹਰ ਵਾਰੀ ਉਨ੍ਹਾਂ ਦੀ ਨੀਅਤ ਨੂੰ ਨਾਕਾਮ ਕੀਤਾ ਹੈ।”
ਮੰਤਰੀ ਧਾਲੀਵਾਲ ਨੇ ਕਿਹਾ, “ਮੈਂ ਆਪਣੇ ਦੇਸ਼ ਦੇ ਜਵਾਨਾਂ ਨੂੰ ਸਲੂਟ ਕਰਦਾ ਹਾਂ। ਉਹ ਸਿਰਫ਼ ਸਾਡੀਆਂ ਸਰਹੱਦਾਂ ਦੀ ਰਖਵਾਲੀ ਨਹੀਂ ਕਰ ਰਹੇ, ਸਗੋਂ ਸਾਡੀਆਂ ਆਸਥਾਵਾਂ ਅਤੇ ਪਵਿੱਤਰ ਸਥਾਨਾਂ ਦੀ ਵੀ ਰੱਖਿਆ ਕਰ ਰਹੇ ਹਨ।