ਮੋਗਾ: ਬਾਘਾ ਪੁਰਾਣਾ ਬਾਈਪਾਸ ਕੋਲ ਸੀਵਰੇਜ ਦੀ ਸਫਾਈ ਕਰਵਾ ਰਹੇ ਠੇਕੇਦਾਰ ਅਤੇ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਵਿਚਕਾਰ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੀਵਰੇਜ ਦੀ ਲਾਈਨ ਸਾਫ ਕਰਵਾ ਰਹੇ ਠੇਕੇਦਾਰ ਸੰਤੋਖ ਸਿੰਘ ਜਦੋਂ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਨਾਲ ਲੈਕੇ ਲਾਈਨ ਦੀ ਸਫਾਈ ਕਰਵਾ ਰਹੇ ਸਨ ਤਾਂ ਇਸ ਮਗਰੋਂ ਮੌਕੇ 'ਤੇ ਮੇਅਰ ਬਲਜੀਤ ਸਿੰਘ ਚਾਨੀ ਵੀ ਪਹੁੰਚ ਗਏ। ਮੇਅਰ ਬਲਜੀਤ ਸਿੰਘ ਚਾਨੀ ਅਤੇ ਠੇਕੇਦਾਰ ਸੰਤੋਖ ਸਿੰਘ ਵਿਚਕਾਰ ਹੋਈ ਬਹਿਸ ਬਹੁਤ ਜਿਆਦਾ ਵਧ ਗਈ।
"ਮੈਨੂੰ ਗਾਲਾਂ ਕੱਢੀਆਂ "
ਠੇਕੇਦਾਰ ਸੰਤੋਖ ਸਿੰਘ ਨੇ ਕਿਹਾ ਕਿ "ਉਨ੍ਹਾਂ ਵੱਲੋਂ ਇੱਕ ਕਰੋੜ 70 ਲੱਖ ਰੁਪਏ ਦੇ ਅਲਟੀਮੇਟ ਨਾਲ ਨਵੇਂ ਲਾਈਨ ਪਾਉਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਨੇ ਇਹ ਮਾਮਲਾ ਹਲਕਾ ਵਿਧਾਇਕਾ ਅਮਨਦੀਪ ਕੌਰ ਅਰੋੜਾ ਦੇ ਧਿਆਨ ਵਿੱਚ ਵੀ ਲਿਆਂਦਾ ਹੈ। ਉਹ ਅੱਜ ਲਾਈਨ ਚਲਾਉਣ ਲਈ ਆਏ ਸਨ। ਪ੍ਰੰਤੂ ਇਸੇ ਦੌਰਾਨ ਹੀ ਨਗਰ ਨਿਗਮ ਮੋਗਾ ਦੇ ਮੇਅਰ ਆ ਗਏ ਅਤੇ ਉਨ੍ਹਾਂ ਨੇ ਕਥਿਤ ਤੌਰ 'ਤੇ ਮੈਨੂੰ ਗਾਲਾਂ ਕੱਢੀਆਂ ਅਤੇ ਮੇਰੇ ਤੇ ਪਿਸਤੌਲ ਤਾਣ ਦਿੱਤੀ। ਮੇਰੀ ਜਾਨ-ਮਾਲ ਨੂੰ ਖਤਰਾ ਹੈ।"
"ਮੈਂ ਆਪਣੇ ਬਚਾ ਲਈ ਆਪਣਾ ਲਾਈਸੈਂਸੀ ਰਿਵਾਲਵਰ ਜਰੂਰ ਕੱਢਿਆ "
ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ "ਇਹ ਸੀਵਰੇਜ ਲਾਈਨ ਪਿਛਲੇ 4 ਸਾਲਾਂ ਤੋਂ ਬੰਦ ਪਈ ਹੈ ਅਤੇ ਪਹਿਲਾਂ ਵੀ ਇੱਥੇ ਉਨ੍ਹਾਂ ਦੀਆਂ 3 ਨੋਜ਼ਲਾਂ ਫਸ ਚੁੱਕੀਆਂ ਹਨ। ਦਿੱਲੀ ਤੋਂ ਆਈ ਇੱਕ ਟੀਮ ਨੇ ਕੈਮਰਾ ਪਾ ਕੇ ਜਾਂਚ ਕੀਤੀ ਸੀ ਅਤੇ ਇਸ ਲਾਈਨ ਨੂੰ ਡੈੱਡ ਕਰਾਰ ਦਿੱਤਾ ਸੀ। ਮੇਅਰ ਦੇ ਅਨੁਸਾਰ ਠੇਕੇਦਾਰ ਬਿਨਾਂ ਇਜਾਜ਼ਤ ਦੇ ਨਗਰ ਨਿਗਮ ਦੀ ਮਸ਼ੀਨ ਅਤੇ ਵਰਕਰ ਲੈ ਕੇ ਆ ਗਿਆ ਅਤੇ ਝੂਠ ਬੋਲ ਕੇ ਕੰਮ ਸ਼ੁਰੂ ਕਰ ਦਿੱਤਾ। ਜਦੋਂ ਮੇਅਰ ਨੂੰ ਸਾਈਟ ‘ਤੇ ਬੁਲਾਇਆ ਗਿਆ, ਤਾਂ ਠੇਕੇਦਾਰ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਠੇਕੇਦਾਰ ਖੁਦ ਵੀ ਡਿੱਗ ਗਿਆ ਅਤੇ ਉਸ ਦੀ ਲੱਤ ‘ਚ ਚੋਟ ਲੱਗੀ। ਉਨ੍ਹਾਂ ਨੂੰ ਇਸ ਮਾਮਲੇ 'ਤੇ ਕਿਸੇ ਦਾ ਕੋਈ ਡਰ ਨਹੀਂ ਅਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਠੇਕੇਦਾਰ ਕਥਿਤ ਤੌਰ 'ਤੇ ਕਮਿਸ਼ਨ ਦੀ ਮੰਗ ਕਰਦਾ ਅਤੇ ਉਸ ਨੇ ਪਹਿਲਾਂ ਮੇਰੇ ਉੱਪਰ ਇੱਟ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ । ਮੈਂ ਆਪਣੇ ਬਚਾ ਲਈ ਆਪਣਾ ਲਾਈਸੈਂਸੀ ਰਿਵਾਲਵਰ ਜਰੂਰ ਕੱਢਿਆ ਤਾਂ ਜੋ ਮੇਰਾ ਕੋਈ ਜਾਨੀ ਨੁਕਸਾਨ ਨਾ ਹੋਵੇ।" ,
"ਸਾਡੇ ਕੋਲੇ ਸੂਚਨਾ ਆਈ ਸੀ ਕੇ ਮੇਹਰ ਬਲਜੀਤ ਸਿੰਘ ਚਾਨੀ ਦੇ ਵਾਰਡ ਵਿੱਚ ਠੇਕੇਦਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਪ੍ਰੰਤੂ ਇਸਦੀ ਸੂਚਨਾ ਨਾ ਕਿਸੇ ਅਧਿਕਾਰੀ ਨੂੰ ਦਿੱਤੀ ਅਤੇ ਨਾ ਹੀ ਮੇਅਰ ਸਾਹਿਬ ਨੂੰ ਜਿਸ ਨੂੰ ਲੈ ਕੇ ਇਹ ਰੌਲਾ ਪਿਆ ਹੁਣ ਇਸ ਦੇ ਅੱਗੇ ਸਪਸ਼ਟੀਕਰਨ ਮੰਗਿਆ ਜਾਵੇਗਾ ਕਿ ਉਹ ਕਿਸ ਦੇ ਕਹਿਣ ਦੇ ਉੱਪਰ ਸੀਵਰੇਜ ਲਾਈਨ ਚਲਾਉਣ ਗਏ ਸੀ ਅਤੇ ਉਹਨਾਂ ਨੇ ਅਧਿਕਾਰੀਆਂ ਨੂੰ ਅਤੇ ਮੇਅਰ ਸਾਹਿਬ ਨੂੰ ਸੂਚਿਤ ਕਿਉਂ ਨਹੀਂ ਕੀਤਾ? " - ਪਵਨਪ੍ਰੀਤ ਸਿੰਘ,ਐਸਡੀਓ ਨਗਰ ਨਿਗਮ
ਉਧਰ ਦੂਜੇ ਪਾਸੇ ਇਸ ਮਾਮਲੇ 'ਚ ਜਦੋਂ ਐਸਐਚਓ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ "ਉਨ੍ਹਾਂ ਕੋਲ ਹਾਲੇ ਤੱਕ ਕੋਈ ਵੀ ਸ਼ਿਕਾਇਤ ਨਹੀਂ , ਜਦੋਂ ਉਨ੍ਹਾਂ ਕੋਲ ਕੋਈ ਸ਼ਿਕਾਇਤ ਆਵੇਗੀ ਤਾਂ ਉਸ ਦੀ ਪੂਰੀ ਜਾਂਚ ਕੀਤੀ ਜਾਵੇਗੀ।"