ਲੁਧਿਆਣਾ: ਸ਼ਾਸਤਰੀ ਨਗਰ ਵਿਖੇ ਇੱਕ ਨਿੱਜੀ ਸਕੂਲ ਦੇ ਬਾਹਰ ਮਾਪਿਆਂ ਨੇ ਵਧੀਆਂ ਫੀਸਾਂ ਦੇ ਰੋਸ ਵਜੋਂ ਧਰਨਾ ਦਿੱਤਾ। ਦੱਸ ਦਈਏ ਕਿ ਇਸ ਸਕੂਲ ਵਿੱਚ ਥੋੜੀ ਹੀ ਦੇਰ ਵਿੱਚ ਪੰਜਾਬ ਦੇ ਗਵਰਨਰ ਵੱਲੋਂ ਪਹੁੰਚ ਕੇ ਸਮਾਗਮ ਵਿੱਚ ਹਿੱਸਾ ਲਿਆ ਜਾਣਾ ਹੈ, ਪਰ ਮਾਪਿਆਂ ਵੱਲੋਂ ਗੇਟ ਦੇ ਬਾਹਰ ਧਰਨਾ ਦਿੱਤਾ ਗਿਆ ਹੈ ਅਤੇ ਕਿਹਾ ਕਿ ਜੋ ਫੀਸਾਂ ਵਿੱਚ ਵਾਧਾ ਕੀਤਾ ਗਿਆ, ਉਸ ਨੂੰ ਵਾਪਸ ਲਿਆ ਜਾਵੇ।
ਉਧਰ ਪ੍ਰੋਗਰਾਮ ਦੌਰਾਨ ਪਹੁੰਚੇ ਵਿਧਾਇਕ ਕੁਲਵੰਤ ਸਿੱਧੂ ਨੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਕੋਈ ਗੱਲ ਹੈ ਤਾਂ ਸਕੂਲ ਪ੍ਰਸ਼ਾਸਨ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਧਰਨਾਕਾਰੀ ਮਾਪਿਆਂ ਨੂੰ ਉਥੋਂ ਸ਼ਾਂਤ ਕਰਵਾ ਕੇ ਧਰਨਾ ਚੁੱਕਵਾ ਦਿੱਤਾ ਗਿਆ।
ਵਿਧਾਇਕ ਨੇ ਚੁੱਕਵਾਇਆ ਧਰਨਾ
ਗੱਲਬਾਤ ਕਰਦਿਆ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਨਿੱਜੀ ਸਕੂਲ ਦੇ ਬਾਹਰ ਮਾਪਿਆਂ ਨੇ ਧਰਨਾ ਦਿੱਤਾ ਹੈ ਕਿਹਾ ਕਿ ਸਕੂਲ ਵੱਲੋਂ 28% ਤੱਕ ਫੀਸਾਂ ਵਿੱਚ ਵਾਧਾ ਕਰਨ ਦੀ ਗੱਲ ਕਹੀ ਜਾ ਰਹੀ ਹੈ, ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 8% ਫੀਸ ਤੇ ਵਾਧੇ ਦੀ ਗੱਲ ਕਹੀ ਸੀ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਸੀ ਕਿ ਇਸ ਬਾਰੇ ਵੀ ਉਹਨਾਂ ਨੂੰ ਜਾਣਕਾਰੀ ਦੇਣੀ ਹੋਵੇਗੀ ਕਿਹਾ ਕਿ ਜੋ ਫੀਸਾਂ ਵਿੱਚ ਵਾਧਾ ਕੀਤਾ ਗਿਆ ਹੈ ਇਹ ਧੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖਿਲਾਫ ਲੜਾਈ ਲੜਨਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਮਾਪਿਆਂ ਦੇ ਨਾਲ ਹਨ ਅਤੇ ਅਜਿਹੀਆਂ ਵਧੀਆਂ ਫੀਸਾਂ ਨੂੰ ਵਾਪਿਸ ਕਰਾਉਣਗੇ।
ਫੀਸਾਂ ਵਧਾਉਣ ਕਰਕੇ ਲਾਇਆ ਧਰਨਾ
ਪ੍ਰਦਰਸ਼ਨਕਾਰੀ ਮਾਪਿਆਂ ਨੇ ਕਿਹਾ ਕਿ 6000 ਕੁਆਰਟਰ ਲਈ ਫੀਸ ਵਿੱਚ ਵਾਧਾ ਕੀਤਾ ਗਿਆ ਹੈ, ਜੋ ਲਗਭਗ 28% ਦੇ ਕਰੀਬ ਫੀਸ ਵਿੱਚ ਵਾਧਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਮਰਹੂਮ ਵਿਧਾਇਕ ਗੋਗੀ ਨੇ ਇਨ੍ਹਾਂ ਦੇ ਮਸਲੇ ਨੂੰ ਹੱਲ ਕਰਵਾਇਆ ਸੀ ਪਰ ਹੁਣ ਮੁੜ ਤੋਂ ਫੀਸਾਂ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਵਜ੍ਹਾਂ ਕਰਕੇ ਅੱਜ ਮਾਪਿਆਂ ਨੇ ਧਰਨਾ ਦਿੱਤਾ ਹੈ।