ਤਰਨ ਤਾਰਨ: ਪੰਜਾਬ 'ਚ ਵਧ ਰਹੀਆਂ ਅਪਰਾਧਕ ਵਾਰਦਾਤਾਂ ਨਾਲ ਲੋਕ ਪਹਿਲਾ ਹੀ ਸਹਿਮ 'ਚ ਸਨ ਕਿ ਬੀਤੀ ਦੇਰ ਰਾਤ ਤਰਨ ਤਾਰਨ ਵਿੱਚ ਇੱਕ ਹੋਰ ਵੱਡੀ ਵਾਰਦਾਤ ਨਾਲ ਲੋਕਾਂ 'ਚ ਸਹਿਮ ਵੱਧ ਗਿਆ ਹੈ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਉੱਠ ਰਹੇ ਹਨ। ਦਰਅਸਲ ਬੀਤੀ ਦੇਰ ਰਾਤ ਜ਼ਿਲ੍ਹਾ ਤਰਨ ਤਾਰਨ 'ਚ ਗੋਇੰਦਵਾਲ ਬਾਈਪਾਸ ਨੇੜੇ ਡੇਅਰੀ ਮਾਲਕ ਵੱਲੋਂ 50 ਲੱਖ ਰੁਪਏ ਦੀ ਫਿਰੌਤੀ ਨਾ ਦੇਣ ਦੇ ਚੱਲਦਿਆਂ ਉਸ ਦੀ ਦੁਕਾਨ ਉੱਪਰ ਸੋਮਵਾਰ ਦੇਰ ਸ਼ਾਮ ਤਿੰਨ ਅਣਪਛਾਤੇ ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਗਈ। ਹਾਲਾਂਕਿ ਇਸ ਫਾਇਰਿੰਗ ਦੌਰਾਨ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਾਰਦਾਤ ਦਾ ਪਤਾ ਲੱਗਦੇ ਹੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ।
ਫਿਰੌਤੀ ਪਿੱਛੇ ਚਲਾਈਆਂ ਗੋੋਲੀਆਂ
ਜਾਣਕਾਰੀ ਅਨੁਸਾਰ ਸ਼ਿਵ ਕੁਮਾਰ ਪੁੱਤਰ ਭਗਵਾਨ ਨਿਵਾਸੀ ਗੋਇੰਦਵਾਲ ਨੇ ਦੱਸਿਆ ਕਿ ਉਸ ਦੀ ਮਾਸਟਰ ਕਲੋਨੀ ਦੇ ਸਾਹਮਣੇ ਗਣੇਸ਼ ਡੇਅਰੀ ਹੈ। ਉਸ ਨੂੰ ਕਰੀਬ ਪੰਜ ਮਹੀਨੇ ਪਹਿਲਾਂ ਜੈਸਲ ਨਾਮ ਦੇ ਗੈਂਗਸਟਰ ਵੱਲੋਂ ਫੋਨ 'ਤੇ ਧਮਕੀ ਆਈ ਸੀ ਕਿ ਸਾਨੂੰ 50 ਲੱਖ ਰੁਪਏ ਦੀ ਰਕਮ ਦੇ ਦਿਓ। ਉਸ ਨੇ ਇਹ ਸਾਰਾ ਮਾਮਲਾ ਜ਼ਿਲ੍ਹੇ ਦੇ ਐੱਸਐੱਸਪੀ ਦੇ ਧਿਆਨ ਵਿੱਚ ਲਿਆਂਦਾ, ਜਿਸ ਤੋਂ ਬਾਅਦ ਮਾਮਲਾ ਥਾਣਾ ਸਿਟੀ ਵਿਖੇ ਦਰਜ ਕਰਨ ਤੋਂ ਬਾਅਦ ਉਸ ਨੂੰ ਕੁਝ ਸਮੇਂ ਲਈ ਸੁਰੱਖਿਆ ਦੇ ਦਿੱਤੀ ਗਈ। ਪ੍ਰੰਤੂ ਇੱਕ ਮਹੀਨਾ ਪਹਿਲਾਂ ਉਸ ਦੀ ਸੁਰੱਖਿਆ ਵਾਪਸ ਲੈ ਲਈ ਗਈ ਅਤੇ ਕਿਹਾ ਗਿਆ ਕਿ ਫਿਰੌਤੀ ਮੰਗਣ ਵਾਲਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪਰ ਅੱਜ ਸ਼ਾਮ ਕਰੀਬ 9 ਵਜੇ ਜਦੋਂ ਉਹ ਆਪਣੀ ਦੁਕਾਨ ਉੱਪਰ ਮੌਜੂਦ ਸੀ ਤਾਂ ਅਚਾਨਕ ਮੋਟਰਸਾਈਕਲ ਉੱਪਰ ਤਿੰਨ ਵਿਅਕਤੀ ਆਉਂਦੇ ਹਨ ਜਿਨ੍ਹਾਂ ਵੱਲੋਂ ਸਿੱਧੀ ਜਾਨ ਤੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕੀਤੀ ਗਈ।
ਸ਼ਿਵ ਕੁਮਾਰ ਨੇ ਦੱਸਿਆ ਕਿ ਉਸ ਨੇ ਦੋ ਦਿਨ ਪਹਿਲਾਂ ਹੀ ਆਪਣੀ ਦੁਕਾਨ ਦੇ ਬਾਹਰ ਟਫਣ ਸ਼ੀਸ਼ਾ ਲਗਵਾਇਆ ਸੀ, ਜਿਸ ਕਰ ਕੇ ਉਸ ਦੀ ਜਾਨ ਬਚ ਗਈ। ਜਿਸ ਸਮੇਂ ਗੋਲੀਆਂ ਚਲਾਈਆਂ ਗਈਆਂ ਉਸ ਸਮੇਂ ਦੁਕਾਨ ਵਿੱਚ ਅੰਦਰ ਅਤੇ ਬਾਹਰ ਕਾਫੀ ਗ੍ਰਾਹਕ ਵੀ ਮੌਜੂਦ ਸਨ। ਸ਼ਿਵ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਦੀ ਢਿੱਲੀ ਕਾਰਵਾਈ ਸਾਹਮਣੇ ਆਈ ਹੈ ਅਤੇ ਉਹ ਆਪਣੇ ਪਰਿਵਾਰ ਸਮੇਤ ਡੇਅਰੀ ਦੇ ਉੱਪਰ ਰਹਿੰਦਾ ਹੈ। ਪੀੜਤ ਨੇ ਜ਼ਿਲ੍ਹੇ ਦੇ ਐੱਸਐੱਸਪੀ ਕੋਲੋਂ ਮੰਗ ਕੀਤੀ ਹੈ ਕਿ ਜੇ ਉਸ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ।
ਪੁਲਿਸ ਕਰ ਰਹੀ ਜਾਂਚ
ਉਧਰ ਥਾਣਾ ਸਿਟੀ ਦੇ ਸਹਾਇਕ ਮੁਖੀ ਅਵਤਾਰ ਸਿੰਘ ਨੇ ਮੌਕੇ 'ਤੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਮੰਨਿਆ ਕਿ ਇਹ ਮਾਮਲਾ ਫਿਰੌਤੀ ਨਾਲ ਜੁੜਿਆ ਹੋਇਆ ਹੈ।