ਅੰਮ੍ਰਿਤਸਰ: ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਪ੍ਰਤਾਪ ਨਗਰ 'ਚ ਇੱਕ ਢਾਬੇ 'ਤੇ ਬਦਮਾਸ਼ਾਂ ਨੇ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ਦੌਰਾਨ ਉਕਤ ਬਦਮਾਸ਼ ਦਾ ਦੋਸਤ ਹੀ ਜ਼ਖਮੀ ਹੋ ਗਿਆ। ਦਰਾਅਸਲ ਮਾਮਲਾ ਢਾਬੇ 'ਤੇ ਖਾਣ-ਪੀਣ ਦੇ ਪੈਸਿਆਂ ਨੂੰ ਲੈ ਕੇ ਹੋਏ ਵਿਵਾਦ ਦਾ ਹੈ। ਕੁਝ ਨੌਜਵਾਨ ਢਾਬੇ ਉੱਤੇ ਖਾਣਾ ਲੈਣ ਦੇ ਲਈ ਆਏ ਸਨ ਅਤੇ ਢਾਬੇ ਦੇ ਮਾਲਕ ਨਾਲ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਬਹਿਸਬਾਜ਼ੀ ਹੋ ਗਈ ਅਤੇ ਇਹ ਬਹਿਸਬਾਜ਼ੀ ਝੜਪ ਵਿੱਚ ਬਦਲ ਗਈ। ਇਸ ਤੋਂ ਬਾਅਦ ਨੌਜਵਾਨਾਂ ਨੇ ਢਾਬਾ ਮਾਲਕ ਉੱਤੇ ਗੋਲੀ ਚਲਾ ਦਿੱਤੀ, ਪਰ ਢਾਬਾ ਮਾਲਕ ਪਾਸੇ ਹੋ ਗਿਆ ਅਤੇ ਗੋਲੀ ਸਿੱਧਾ ਜਾ ਕੇ ਨੌਜਵਾਨ ਦੇ ਸਾਥੀ ਦੇ ਹੀ ਵੱਜ ਗਈ ਅਤੇ ਉਹ ਜ਼ਖਮੀ ਹੋ ਗਿਆ।
ਸ਼ਰਾਬ ਦੇ ਨਸ਼ੇ 'ਚ ਨੌਜਵਾਨਾਂ ਨੇ ਚਲਾਈ ਗੋਲੀ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਢਾਬੇ ਦੇ ਮਾਲਕ ਨੇ ਦੱਸਿਆ ਕਿ 10:30 ਵਜੇ ਦੇ ਕਰੀਬ ਨੌਜਵਾਨ ਮੇਰੇ ਢਾਬੇ ਉੱਤੇ ਆਏ ਸਨ 'ਤੇ ਪੈਸਿਆਂ ਨੂੰ ਲੈ ਕੇ ਉਨ੍ਹਾਂ ਨਾਲ ਬਹਿਸਬਾਜ਼ੀ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਪਿਸਤੌਲ ਕੱਢ ਲਿਆ ਅਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਢਾਬੇ ਮਾਲਕ ਦਾ ਕਹਿਣਾ ਹੈ ਕਿ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਗਾਲ੍ਹਾਂ ਕੱਢ ਰਹੇ ਸਨ ਅਤੇ ਇਸੇ ਦੌਰਾਨ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ। ਪੁਲਿਸ ਜ਼ਖਮੀ ਨੌਜਵਾਨ ਨੂੰ ਆਪਣੇ ਨਾਲ ਲੈ ਗਈ ਹੈ ਅਤੇ ਪਿਸਤੋਲ ਵੀ ਆਪਣੇ ਕਬਜੇ ਵਿੱਚ ਲੈ ਲਈ ਹੈ।
ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ
ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪੁੱਜੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਢਾਬੇ ਉੱਤੇ ਕਿਸੇ ਗੱਲ ਨੂੰ ਲੈ ਕੇ ਨੌਜਵਾਨਾਂ ਦੀ ਤਕਰਾਰ ਹੋਈ ਅਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀ ਨੌਜਵਾਨ ਨੇ ਆਪਣੇ ਸਾਥੀ ਦੇ ਹੀ ਵੱਜ ਗਈ ਅਤੇ ਉਹ ਜ਼ਖਮੀ ਹੋ ਗਿਆ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਜੋ ਵੀ ਮੁਲਜ਼ਮ ਹੋਇਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।