ਲੁਧਿਆਣਾ : ਬਨਸਪਤੀ ਸਾਡੇ ਵਾਤਾਵਰਣ ਦਾ ਅਹਿਮ ਹਿੱਸਾ ਹੈ ਅਤੇ ਇਸ ਨੂੰ ਕੁਦਰਤ ਦਾ ਵਰਦਾਨ ਮੰਨਿਆ ਜਾਂਦਾ ਹੈ। ਕੁਦਰਤ ਵੱਲੋਂ ਦਿੱਤੇ ਗਏ ਕਈ ਦਰੱਖ਼ਤ-ਬੂਟੇ ਅਤੇ ਕਈ ਜੜੀਆਂ ਬੂਟੀਆਂ ਅਜਿਹੀਆਂ ਹਨ, ਜੋ ਮਨੁੱਖੀ ਸਰੀਰ ਦੇ ਨਾਲ-ਨਾਲ ਪਸ਼ੂਆਂ ਲਈ ਵੀ ਕਾਫੀ ਕਾਰਗਰ ਹਨ। ਡਾਕਟਰ ਸਲੋਨੀ ਸਿੰਗਲਾ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਹੜਾ ਬੂਟਾ ਕਿਹੜੀ ਬਿਮਾਰੀ ਲਈ ਕਾਰਗਰ ਸਾਬਿਤ ਹੁੰਦਾ ਹੈ। ਕਈ ਅਜਿਹੇ ਬੂਟੇ ਵੀ ਹਨ ਜਿਹੜੇ ਕਿ ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਕਿੰਨੇ ਗੁਣਕਾਰੀ ਹਨ।
ਡਾਕਟਰ ਸਲੋਨੀ ਸਿੰਗਲਾ ਨੇ ਦੱਸਿਆ ਕਿ, "ਮਾਡਰਨ ਸਾਇੰਸ ਵਿੱਚ ਇਨ੍ਹਾਂ ਨੂੰ 'ਮੈਡੀਸਨ ਬੂਟੇ' ਕਿਹਾ ਜਾਂਦਾ ਹੈ ਜਿਨ੍ਹਾਂ ਵਿੱਚ ਗੁੜਮਾਰ, ਇਨਸੁਲਿਨ, ਗੁਲਾਬ, ਨਿਰਗੁਡੀ, ਵਾਸ਼ਾ, ਕੜੀ ਪੱਤਾ, ਗਲੋਂ, ਸਤਾਵਰ, ਪੱਥਰ ਚੱਟ ਅਤੇ ਲੈਮਨ ਗਰਾਸ ਦੇ ਬੂਟੇ ਸ਼ਾਮਿਲ ਹਨ। ਇਸ ਤੋਂ ਇਲਾਵਾ ਭਖੜਾ/ਗੋਖਰੂ, ਤੁਲਸੀ, ਬੇਲ, ਨੀਮ, ਕਿੱਕਰ, ਅਜਵੈਨ, ਹਿੰਗ, ਹਲਦੀ ਅਤੇ ਸੌਂਫ ਕੁਦਰਤ ਦਾ ਅਜਿਹਾ ਵਰਦਾਨ ਹੈ ਜਿਸ ਨਾਲ ਕਈ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਇਨ੍ਹਾਂ ਚੋਂ ਕਈ ਜੜੀ-ਬੂਟੀਆਂ ਜਾਨਵਰਾਂ ਅਤੇ ਕਈ ਮਨੁੱਖਾਂ ਲਈ ਵੀ ਕਾਰਗਾਰ ਹਨ।"
ਪਸ਼ੂਆਂ ਲਈ ਲਾਹੇਵੰਦ ਪੌਦੇ
ਡਾਕਟਰ ਸਲੋਨੀ ਨੇ ਦੱਸਿਆ ਕਿ ਸ਼ਿਤਾਵਰ ਬੂਟਾ ਕਾਫੀ ਦੁਰਲੱਭ ਹੈ, ਇਸ ਦੇ ਕਈ ਫਾਇਦੇ ਹਨ। ਇਸ ਦੀ ਜੜ ਦਾ ਚੂਰਨ ਬਣਦਾ ਹੈ ਅਤੇ ਪਸ਼ੂਆਂ ਵਿੱਚ ਦੁੱਧ ਵਧਾਉਣ ਸ਼ਕਤੀਵਰਧਕ ਰੂਪ ਵਿੱਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਭੱਖੜਾ ਦਾਵੀ ਚੂਰਨ ਬਣਾਇਆ ਜਾ ਸਕਦਾ ਹੈ। ਇਸ ਦੇ ਫਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦਾ ਚੂਰਨ ਬਣਾ ਕੇ ਪਿਸ਼ਾਬ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਗਲੋਅ ਅਜਿਹਾ ਬੂਟਾ ਹੈ ਜਿਸ ਦੇ ਤਣੇ ਨੂੰ ਪੀਸ ਕੇ ਬੁਖਾਰ ਦੀ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ। ਇਹ ਆਮ ਤੌਰ ਉੱਤੇ ਲੋਕ ਕਾਹੜਾ ਬਣਾਉਂਦੇ ਹਨ। ਇਸ ਗਲੋਅ ਦਾ ਕਾਹੜਾ ਇਨਸਾਨ ਵੀ ਪੀਂਦੇ ਹਨ।
ਮਨੁੱਖ ਅਤੇ ਪਸ਼ੂਆਂ ਦੋਵਾਂ ਲਈ ਕਾਰਗਾਰ ਬੂਟੇ
ਤੁਲਸੀ ਵੀ ਇੱਕ ਕਾਫੀ ਗੁਣਕਾਰੀ ਬੂਟਾ ਹੈ ਜਿਸ ਦੇ ਪੱਤਿਆਂ ਦੀ ਵਰਤੋਂ ਦੇ ਨਾਲ ਖੰਘ ਅਤੇ ਬੁਖਾਰ ਦਾ ਇਲਾਜ ਹੁੰਦਾ ਹੈ। ਇਹ ਨਾ ਸਿਰਫ ਜਾਨਵਰਾਂ ਲਈ ਸਗੋਂ ਮਨੁੱਖ ਲਈ ਵੀ ਕਾਫੀ ਕਾਰਗਰ ਹੈ। ਇਸ ਤੋਂ ਇਲਾਵਾ ਗੁੱਲਰ ਬੂਟੇ ਦਾ ਫਲ ਅਤੇ ਛਿੱਲੜ ਦੋਵੇਂ ਹੀ ਗੁਣਕਾਰੀ ਹਨ। ਇਸ ਦਾ ਚੂਰਨ ਬਣਾ ਕੇ ਪਸ਼ੂਆਂ ਵਿੱਚ ਦਸਤ ਅਤੇ ਜ਼ਖ਼ਮਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਬੇਲ ਦਾ ਦਰੱਖ਼ਤ ਵੀ ਕਾਫੀ ਗੁਣਕਾਰੀ ਹਨ। ਇਸ ਦੇ ਕੱਚੇ ਫਲ ਦੇ ਅੰਦਰਲੇ ਹਿੱਸੇ ਦਾ ਚੂਰਨ ਬਣਾ ਕੇ ਦਸਤ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਨਿੰਮ ਦਾ ਦਰੱਖ਼ਤ ਵੀ ਕਾਫੀ ਗੁਣਕਾਰੀ ਹੈ। ਇਸ ਦੇ ਨਾਲ ਜ਼ਖ਼ਮਾਂ ਦਾ ਇਲਾਜ, ਚਮੜੀ ਰੋਗ ਖੂਨ ਸਾਫ ਕਰਨ ਵਿੱਚ ਕਾਫੀ ਕਾਰਗਰ ਸਾਬਿਤ ਹੁੰਦਾ ਹੈ।'
ਹਿੰਗ, ਅਜਵਾਇਨ ਅਤੇ ਸੌਂਫ ਲਾਹੇਵੰਦ
ਇਸੇ ਤਰ੍ਹਾਂ ਅਜਵਾਇਨ ਪਸ਼ੂਆਂ ਲਈ ਵੀ ਕਾਫੀ ਕਾਰਗਰ ਹੈ। ਇਸੇ ਤਰ੍ਹਾਂ ਮਨੁੱਖਾਂ ਲਈ ਵੀ ਬਦਹਜਮੀ, ਪੇਟ ਫੁੱਲਣਾ ਅਤੇ ਕਬਜ਼ ਆਦਿ ਵਰਗੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ। ਹਿੰਗ ਵੀ ਪੇਟ ਫੁੱਲਣਾ, ਦਸਤ, ਬਦਹਜ਼ਮੀ ਦਾ ਇਲਾਜ ਕਰਦੀ ਹੈ। ਹਲਦੀ ਕਾਫੀ ਗੁਣਕਾਰੀ ਹੈ, ਜੋ ਕਿ ਪੇਟ ਦੇ ਕੀੜੇ ਅਤੇ ਇਸ ਤੋਂ ਇਲਾਵਾ ਜ਼ਖ਼ਮਾਂ ਲਈ ਕਾਫੀ ਕਾਰਗਰ ਹੈ। ਇਹ ਖੂਨ ਸਾਫ ਕਰਦੀ ਹੈ। ਇਸੇ ਤਰ੍ਹਾਂ ਸੌਂਫ ਦੁੱਧ ਵਧਾਉਣ ਅਤੇ ਬਦਹਜ਼ਮੀ ਲਈ ਕਾਫੀ ਕਾਰਗਰ ਸਾਬਿਤ ਹੁੰਦੀ ਹੈ।
ਗੁੜਮਾਰ ਦਾ ਪੇਸਟ ਪਸ਼ੂਆਂ ਲਈ ਫਾਇਦੇਮੰਦ
ਡਾਕਟਰ ਸਲੋਨੀ ਨੇ ਦੱਸਿਆ ਕਿ ਅਸੀਂ ਪਹਿਲਾਂ ਤੋਂ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਕਿਹਾ ਕਿ, ਗੁੜਮਾਰ ਦਾ ਪੇਸਟ ਪਸ਼ੂਆਂ ਲਈ ਕਾਰਗਰ ਹੈ। ਇਨਸੁਲਿਨ ਦਾ ਵਰਤੋਂ ਕਰਕੇ ਮਨੁੱਖਾਂ ਲਈ ਸ਼ੂਗਰ ਦੀ ਬਿਮਾਰੀ ਲਈ ਕਾਰਗਰ ਹੈ, ਅਸੀਂ ਆਮ ਇਨ੍ਹਾਂ ਬੂਟਿਆਂ ਨੂੰ ਘਰ ਵਿੱਚ ਲਾ ਸਕਦੇ ਹਾਂ। ਇਹ ਗੁਰੂ ਅੰਗਦ ਦੇਵ ਵੇਟਨਰੀ ਯੂਨੀਵਰਸਟੀ ਵਿੱਚ ਉਪਲਬਧ ਹੈ। ਬਹੁਤ ਹੀ ਘੱਟ ਕੀਮਤਾਂ ਉੱਤੇ ਇਹ ਬੂਟੇ ਲਾਏ ਜਾ ਸਕਦੇ ਹਨ। ਆਮ ਨਰਸਰੀ ਤੋਂ ਵੀ ਅਜਿਹੇ ਬੂਟੇ ਮਿਲ ਸਕਦੇ ਹਨ।'
ਲੈਮਨ ਗਰਾਸ ਕਾਫੀ ਗੁਣਕਾਰੀ ਬੂਟਾ
ਡਾਕਟਰ ਸਲੋਨੀ ਨੇ ਕਿਹਾ ਕਿ ਲੈਮਨ ਗਰਾਸ ਕਾਫੀ ਗੁਣਕਾਰੀ ਬੂਟਾ ਹੈ। ਇਸ ਦੇ ਨਾਲ ਅਸੀਂ ਲੈਮਨ ਟੀ ਘਰ ਵਿੱਚ ਬਣਾ ਸਕਦੇ ਹਾਂ। ਇਸ ਦੇ ਨਾਲ ਮੱਖੀ ਮੱਛਰ ਵੀ ਘਰ ਵਿੱਚ ਨਹੀਂ ਆਉਂਦੇ। ਸ਼ੈਡ ਦੇ ਆਲੇ ਦੁਆਲੇ ਇਸ ਨੂੰ ਲਗਾਇਆ ਜਾ ਸਕਦਾ। ਇਸ ਤੋਂ ਇਲਾਵਾ ਜੇਕਰ ਮੋਚ ਆ ਜਾਵੇ ਤਾਂ ਇਸ ਦੇ ਪੱਤਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਹੋਰ ਵੀ ਕਈ ਅਜਿਹੇ ਬੂਟੇ ਹਨ, ਜੋ ਕਿ ਕਾਫੀ ਲਾਹੇਵੰਦ ਹਨ।
ਮਾਤਰਾ ਦਾ ਰੱਖਣਾ ਪੈਂਦਾ ਖਿਆਲ
ਜਾਨਵਰਾਂ ਦੀ ਬਿਮਾਰੀ ਦੇ ਨਾਲ-ਨਾਲ ਇਨਸਾਨੀ ਸਰੀਰ ਉੱਤੇ ਵੀ ਇਸ ਦਾ ਚੰਗਾ ਅਸਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਇਨ੍ਹਾਂ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ। ਘਰ ਵਿੱਚ ਇਹ ਬੂਟੇ ਆਮ ਹੋਣੇ ਚਾਹੀਦੇ ਹਨ। ਡਾਕਟਰ ਸਲੋਨੀ ਨੇ ਕਿਹਾ ਕਿ ਬਸ ਇਸ ਦੀ ਮਾਤਰਾ ਜਾਨਵਰਾਂ ਵਿੱਚ ਜ਼ਿਆਦਾ ਦਿੱਤੀ ਜਾਂਦੀ ਹੈ ਅਤੇ ਮਨੁੱਖ ਲਈ ਘੱਟ ਮਾਤਰਾ ਲਈ ਜਾਂਦੀ ਹੈ। ਅੰਗਰੇਜ਼ੀ ਦਵਾਈਆਂ ਨਾਲੋਂ ਇਹ ਜ਼ਿਆਦਾ ਲਾਹੇਵੰਦ ਅਤੇ ਉਪਯੋਗੀ ਹਨ ਅਤੇ ਇਨਾਂ ਦਾ ਕੋਈ ਵੀ ਸਾਈਡ ਇਫੈਕਟ ਵੀ ਨਹੀਂ ਹੈ।