ਮਾਨਸਾ: ਪੰਜਾਬ ਵਿੱਚ ਜਿੱਥੇ ਨਸ਼ੇ ਨੂੰ ਲੈ ਕੇ ਲੋਕ ਚਿੰਤਤ ਨੇ ਉੱਥੇ ਹੀ ਪੰਜਾਬ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਦਾ ਦਾਅਵਾ ਕਰ ਰਹੀ ਹੈ ਅਜਿਹੇ ਦੇ ਵਿੱਚ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦੇ ਲੋਕਾਂ ਵੱਲੋਂ ਦੁਕਾਨਾਂ 'ਤੇ ਮਿਲਦੇ ਐਨਰਜੀ ਡਰਿੰਕ ਅਤੇ ਤੰਬਾਕੂ ਨੂੰ ਦੁਕਾਨਾਂ 'ਤੇ ਨਾ ਵੇਚਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਐਨਰਜੀ ਡਰਿੰਕ ਅਤੇ ਤੰਬਾਕੂ ਨੂੰ ਉਨ੍ਹਾਂ ਵੱਲੋਂ ਨਸ਼ਟ ਵੀ ਕੀਤਾ ਗਿਆ ਹੈ।
ਪਿੰਡ ਵਾਸੀਆਂ ਵੱਲੋਂ ਉਪਰਾਲਾ
ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਕਾਰਨ ਨੌਜਵਾਨ ਨਿੱਤ ਦਿਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਅਜਿਹੇ ਵਿੱਚ ਹੀ ਸਕੂਲਾਂ ਦੇ ਵਿਦਿਆਰਥੀ ਦੁਕਾਨਾਂ ਤੋਂ ਐਨਰਜੀ ਡਰਿੰਕ ਲੈ ਕੇ ਵੀ ਸੇਵਨ ਕਰਦੇ ਨਜ਼ਰ ਆ ਰਹੇ ਨੇ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀਆਂ ਕੰਟੀਨਾਂ 'ਤੇ ਐਨਰਜੀ ਡਰਿੰਕ ਵੇਚਣ ਉੱਤੇ ਪੂਰਨ ਪਾਬੰਦੀ ਲਗਾਈ ਗਈ , ਉੱਥੇ ਹੀ ਹੁਣ ਪਿੰਡਾਂ ਦੇ ਵਿੱਚ ਦੁਕਾਨਾਂ 'ਤੇ ਮਿਲ ਰਹੇ ਐਨਰਜੀ ਡਰਿੰਕ ਅਤੇ ਤੰਬਾਕੂ ਨੂੰ ਖਤਮ ਕਰਨ ਦਾ ਪਿੰਡ ਵਾਸੀਆਂ ਵੱਲੋਂ ਵੀ ਉਪਰਾਲਾ ਕੀਤਾ ਗਿਆ ਹੈ ।
ਐਨਰਜੀ ਡਰਿੰਕ 'ਤੇ ਵੀ ਪੂਰਨ ਪਾਬੰਦੀ
ਮਾਨਸਾ ਜਿਲ੍ਹੇ ਦੇ ਪਿੰਡ ਜੋਗਾ ਦੇ ਨੌਜਵਾਨਾਂ ਨੇ ਮਿਲ ਕੇ ਜਿੱਥੇ ਆਪਣੇ ਪਿੰਡ ਦੀਆਂ ਦੁਕਾਨਾਂ ਤੋਂ ਐਨਰਜੀ ਡਰਿੰਕ ਖਰੀਦ ਅਤੇ ਤੰਬਾਕੂ ਨੂੰ ਖਰੀਦ ਕੇ ਨਸ਼ਟ ਕੀਤਾ ਹੈ । ਉੱਥੇ ਹੀ ਪਿੰਡ ਵਾਸੀਆਂ ਨੇ ਵਾਸੀਆਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ "ਉਹ ਆਪਣੀਆਂ ਦੁਕਾਨਾਂ 'ਤੇ ਅਜਿਹੇ ਪਦਾਰਥ ਨਾ ਵੇਚਣ ਜਿਨ੍ਹਾਂ ਕਾਰਨ ਸਾਡੇ ਬੱਚੇ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਜਾ ਰਹੇ ਨੇ। ਸਕੂਲੀ ਬੱਚੇ ਜ਼ਿਆਦਾਤਰ ਇਨ੍ਹਾਂ ਐਨਰਜੀ ਡਰਿੰਕਸ ਦਾ ਸੇਵਨ ਕਰ ਰਹੇ ਨੇ, ਜਿਸ ਨਾਲ ਸਾਡੀ ਆਉਣ ਵਾਲੀ ਪੀੜੀ ਨਸ਼ਿਆਂ ਦੇ ਵਿੱਚ ਗਰਕ ਹੁੰਦੀ ਜਾ ਰਹੀ ਹੈ।" ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਲਈ ਉਪਰਾਲਾ ਕਰ ਰਹੇ ਹਨ ਤਾਂ ਕਿ ਆਪਣੇ ਪਿੰਡ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਪਿੰਡਾਂ ਦੇ ਵਿੱਚ ਦੁਕਾਨਾਂ 'ਤੇ ਮਿਲਣ ਵਾਲੇ ਐਨਰਜੀ ਡਰਿੰਕ 'ਤੇ ਵੀ ਪੂਰਨ ਪਾਬੰਦੀ ਲਗਾਈ ਜਾਵੇ।