ਤਰਨ ਤਾਰਨ: ਪੰਜਾਬ ਦਾ ਵਾਤਾਵਰਣ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ ਪਰ ਮੁੱਖ ਕਾਰਨ ਪੰਜਾਬ ਵਿੱਚ ਘਟ ਰਹੀ ਰੁੱਖਾਂ ਦੀ ਗਿਣਤੀ ਹੈ। ਪੰਜਾਬ ਅਤੇ ਪੰਜਾਬੀਆਂ ਨੂੰ ਆਪਣੇ ਰੁੱਖਾਂ ਉੱਤੇ ਮਾਣ ਸੀ। ਰੁੱਖ ਤਾਂ ਉੱਥੇ ਹੀ ਹੁੰਦੇ ਹਨ ਜਿੱਥੇ ਪਾਣੀ ਹੋਵੇ ਅਤੇ ਪੰਜਾਬ ਨੂੰ ਤਾਂ ਪਾਣੀਆਂ ਦਾ ਸੂਬਾ ਆਖਿਆ ਜਾਂਦਾ ਹੈ। ਇਸ ਕਰਕੇ ਇੱਥੇ ਰੁੱਖ ਹੀ ਰੁੱਖ ਨਜ਼ਰ ਆਉਂਦੇ ਸਨ। ਭਾਰਤ ਦੇ ਸਭ ਤੋਂ ਪਵਿੱਤਰ ਮੰਨੇ ਗਏ ਚਾਰ ਗ੍ਰੰਥਾਂ ਦੀ ਰਚਨਾ ਪੰਜਾਬ ਵਿੱਚ ਰੁੱਖਾਂ ਹੇਠ ਬੈਠ ਕੀਤੀ ਗਈ। ਸੰਸਾਰ ਦੀ ਸਭ ਤੋਂ ਪੁਰਾਣੀ ਮੰਨੀ ਜਾਂਦੀ ਪੁਸਤਕ ਵੇਦਾਂ ਦੀ ਰਚਨਾ ਰਿਸ਼ੀਆਂ ਨੇ ਰੁੱਖਾਂ ਹੇਠ ਬੈਠ ਕੇ ਹੀ ਕੀਤੀ ਸੀ।
ਆਧੁਨਿਕ ਯੁੱਗ ਕਾਰਨ ਹੋ ਰਹੀ ਹੈ ਰੁੱਖਾਂ ਦੀ ਕਟਾਈ
ਮਹਾਂਰਿਸ਼ੀ ਬਾਲਮੀਕ ਜੀ ਨੇ ਰਾਮਾਇਣ ਦੀ ਰਚਨਾ ਵੀ ਅੰਮ੍ਰਿਤਸਰ ਨੇੜੇ ਆਪਣੀ ਵਾਟਿਕਾ ਵਿੱਚ ਹੀ ਕੀਤੀ ਸੀ। ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਗੀਤਾ ਦਾ ਉਪਦੇਸ਼ ਕੁਰੂਕਸ਼ੇਤਰ ਨੇੜੇ ਜਯੋਤੀਸਰ ਵਿਖੇ ਰੁੱਖ ਹੇਠ ਬੈਠ ਕੇ ਹੀ ਦਿੱਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਲਿਖਾਈ ਰਾਮਸਰ ਸਾਹਿਬ ਵਿਖੇ ਰੁੱਖਾਂ ਹੇਠ ਬੈਠ ਕੇ ਹੀ ਕੀਤੀ ਸੀ। ਅੰਮ੍ਰਿਤਸਰ ਵਿੱਚ ਸਰੋਵਰ ਦੀ ਖੁਦਾਈ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਗੁਰੂ ਸਾਹਿਬਾਨ ਨੇ ਰੁੱਖਾਂ ਹੇਠ ਬੈਠ ਕੇ ਹੀ ਕਰਵਾਈ ਸੀ। ਪ੍ਰੰਤੂ ਜਿਉਂ ਹੀ ਅਸੀਂ ਆਧੁਨਿਕ ਯੁੱਗ ਵਿੱਚ ਪੈਰ ਰੱਖਿਆ ਤਾਂ ਅਸੀਂ ਮਸ਼ੀਨਰੀ ਯੁੱਗ ਨੂੰ ਅਪਣਾ ਲਿਆ। ਜਿਸ ਕਰਕੇ ਦੇਸ਼ ਦੀ ਵੱਧਦੀ ਆਬਾਦੀ ਕਾਰਨ ਅਸੀਂ ਵਾਤਾਵਰਣ ਨੂੰ ਹੋਰ ਗੰਧਲਾ ਕਰਨ ਲਈ ਅੱਗੇ ਵਧੇ ਅਤੇ ਆਪਣੇ ਆਉਣ ਵਾਲੇ ਭਵਿੱਖ ਨੂੰ ਨਜ਼ਰ ਅੰਦਾਜ਼ ਕਰਦਿਆ ਰੁੱਖਾਂ ਦੀ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਕਟਾਈ ਕਰਨ ਲੱਗ ਗਏ ਹਾਂ।
ਮੰਗਲ ਸਿੰਘ ਦਾ ਅਹਿਮ ਉਪਰਾਲਾ
ਪੰਜਾਬ ਦੇ ਤਰਨ ਤਰਨ ਜ਼ਿਲ੍ਹੇ ਵਿੱਚ ਇੱਕ ਅਜਿਹਾ ਵਾਤਾਵਰਨ ਪ੍ਰੇਮੀ ਵੀ ਹੈ ਜੋ ਸਾਡੇ ਗੁਰੂਆਂ ਪੀਰ ਪੈਗੰਬਰਾਂ ਅਤੇ ਰਿਸ਼ੀਆਂ ਮੁਨੀਆਂ ਦੇ ਸਿਧਾਂਤਾਂ ਉੱਪਰ ਚੱਲ ਕੇ ਨਿਤ ਦਿਨ ਗੰਧਲੇ ਹੋ ਰਹੇ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ। ਇਸ ਵਿਅਕਤੀ ਦਾ ਨਾਂ ਮੰਗਲ ਸਿੰਘ ਹੈ ਜੋ ਪਿੰਡ ਭੈਣੀ ਬੱਠੇ ਦਾ ਰਹਿਣ ਵਾਲਾ ਹੈ। ਮੰਗਲ ਸਿੰਘ ਵੱਲੋਂ ਆਪਣੇ ਸਾਥੀ ਸਾਈਕਲ ਉੱਪਰ ਰੋਜ਼ਾਨਾ ਹੀ ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ ਦਾ ਸਫਰ ਕਰਕੇ ਉਨ੍ਹਾਂ ਪਿੰਡਾਂ ਵਿੱਚ ਹਰਿਆਵਲ ਨੂੰ ਪੈਦਾ ਕਰਨ ਲਈ ਆਪ ਹੀ ਤਿਆਰ ਕੀਤੇ ਰੁੱਖ ਲਗਾਏ ਜਾ ਰਹੇ ਹਨ।
ਮੰਗਲ ਸਿੰਘ ਪਿਛਲੇ 5 ਸਾਲ ਤੋਂ ਕਰ ਰਿਹਾ ਰੁੱਖ ਲਗਾਉਣ ਦਾ ਕੰਮ
ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਵਾਤਾਵਰਣ ਪ੍ਰੇਮੀ ਮੰਗਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਪੰਜ ਸਾਲਾਂ ਤੋਂ ਲਗਾਤਾਰ ਹੀ ਤਰਨ ਤਾਰਨ ਜ਼ਿਲ੍ਹੇ ਵਿੱਚ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਘਰ ਵਿੱਚ ਹੀ ਰੁੱਖਾਂ ਨੂੰ ਉਗਾ ਕੇ ਫਿਰ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਲਗਾ ਰਿਹਾ ਹੈ। ਮੰਗਲ ਸਿੰਘ ਨੇ ਦੱਸਿਆ ਕਿ "ਜਿੱਥੇ ਉਸ ਵੱਲੋਂ ਇਨ੍ਹਾਂ ਰੁੱਖਾਂ ਨੂੰ ਲਗਾਉਣ ਦਾ ਕਾਰਜ ਕੀਤਾ ਜਾਂਦਾ ਹੈ ਉੱਥੇ ਹੀ ਉਨ੍ਹਾਂ ਦੀ ਵੱਡੇ ਹੋਣ ਤੱਕ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਈ ਜਾਂਦੀ ਹੈ। ਹੁਣ ਤੱਕ ਕਰੀਬ 18 ਹਜ਼ਾਰ ਰੁੱਖ ਉਸ ਵੱਲੋਂ ਤਰਨ ਤਰਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾ ਦਿੱਤਾ ਗਿਆ ਹੈ ਪਰੰਤੂ ਉਹ ਇਸ ਕਾਰਜ ਨੂੰ ਹੋਰ ਵੱਧ ਚੜ ਕੇ ਵੀ ਕਰ ਸਕਦਾ ਹੈ ਜੋ ਘਰ ਦੇ ਹਾਲਾਤ ਅਤੇ ਆਰਥਿਕ ਤੰਗੀ ਹੋਣ ਦੇ ਚੱਲਦਿਆਂ ਨਹੀਂ ਕਰ ਸਕਦਾ।"
ਹੋਰ ਲੋਕ ਵੀ ਹੋਏ ਪ੍ਰੇਰਿਤ
ਦੂਜੇ ਪਾਸੇ ਵਾਤਾਵਰਣ ਪ੍ਰੇਮੀ ਮੰਗਲ ਸਿੰਘ ਤੋਂ ਪ੍ਰੇਰਿਤ ਹੋਏ ਸਮਾਜ ਸੇਵੀ ਪ੍ਰਧਾਨ ਅਨੂ ਸ਼ਰਮਾ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵੀ ਮੰਗਲ ਸਿੰਘ ਤੋਂ ਪ੍ਰੇਰਿਤ ਹੋ ਕੇ ਤਕਰੀਬਨ ਹੁਣ ਤੱਕ 5500 ਦੇ ਕਰੀਬ ਰੁੱਖ ਲਗਾਏ ਗਏ ਹਨ। ਬੇਸ਼ੱਕ ਕਿਸੇ ਵੀ ਸਮਾਜ ਸੇਵੀ ਅਤੇ ਐੱਨਆਰਆਈ ਵੀਰ ਨੇ ਮੰਗਲ ਸਿੰਘ ਦੀ ਆਰਥਿਕ ਹਾਲਤ ਨੂੰ ਦੇਖ ਕੇ ਉਸਦੀ ਮਦਦ ਨਹੀਂ ਕੀਤੀ ਹੈ ਪ੍ਰੰਤੂ ਉਨ੍ਹਾਂ ਵੱਲੋਂ ਮੰਗਲ ਸਿੰਘ ਦੀ ਆਰਥਿਕ ਮਦਦ ਵੀ ਆਉਣ ਵਾਲੇ ਦਿਨਾਂ ਵਿੱਚ ਕੀਤੀ ਜਾਵੇਗੀ ਤਾਂ ਕਿ ਅਜਿਹੇ ਲੋਕ ਹੋਰ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆ ਸਕਣ।
ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਅਮਨ ਸ਼ਰਮਾ ਖਾਲੜਾ ਅਤੇ ਗੁਰਜੰਟ ਸਿੰਘ ਭਿੱਖੀਵਿੰਡ ਨੇ ਦੱਸਿਆ ਕਿ ਮੰਗਲ ਸਿੰਘ ਵੱਲੋਂ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਲਗਾਤਾਰ ਹੀ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਾਨੂੰ ਵੀ ਮੰਗਲ ਸਿੰਘ ਵਾਂਗ ਰੁੱਖ ਲਗਾ ਕੇ ਵਾਤਾਵਰਣ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਮੰਗਲ ਸਿੰਘ ਤੋਂ ਪ੍ਰੇਰਿਤ ਹੋ ਕੇ ਆਪਣੇ ਇਲਾਕੇ ਵਿੱਚ ਵੱਖ-ਵੱਖ ਥਾਵਾਂ ਉੱਤੇ ਰੁੱਖ ਲਗਾਏ ਗਏ ਹਨ ਅਤੇ ਉਨ੍ਹਾਂ ਰੁੱਖਾਂ ਨੂੰ ਪਾਲਿਆ ਵੀ ਜਾ ਰਿਹਾ ਹੈ।
- ਕੀ 36 ਹਜ਼ਾਰ ਪ੍ਰਤੀ ਤੋਲਾ ਰਹਿ ਜਾਵੇਗਾ ਸੋਨਾ, ਕੀ ਸੋਨਾ ਖਰੀਦਣ ਜਾਂ ਵੇਚਣ ਦਾ ਇਹੀ ਹੈ ਸਹੀ ਸਮਾਂ, ਵੇਖੋ ਇਹ ਖਾਸ ਰਿਪੋਰਟ...
- ਇਸ ਜੁੱਤੀ ਨੂੰ ਪਾਉਣ ਵਾਲੇ ਬਥੇਰੇ, ਪਰ ਬਣਾਉਣ ਵਾਲੇ ਲੁਪਤ, ਬਹੁਤ ਹੀ ਖਾਸ ਜੁੱਤੀ, ਪਰ ਹੁਣ ਘਟਿਆ ਕ੍ਰੇਜ਼, ਇਸ ਰਿਪੋਰਟ ਵਿੱਚ ਜਾਣੋ ਵਜ੍ਹਾਂ
- "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਚੁੱਕੇ ਸਵਾਲ, ਕਿਹਾ - ਕਿੱਥੇ ਨੇ ਨਸ਼ੇ ਦੇ ਵੱਡੇ ਸੌਦਾਗਰ, ਪੜ੍ਹੋ ਖਾਸ ਖਬਰ