ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਇੱਕ ਅਪ੍ਰੈਲ ਤੋਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨ ਆਪਣੀ ਕਣਕ ਲੈ ਪਹੁੰਚ ਰਹੇ ਹਨ ਬੇਸ਼ੱਕ ਅਜੇ ਤੱਕ ਵੱਡੀ ਮਾਤਰਾ ਵਿੱਚ ਕਣਕ ਮੰਡੀਆਂ ਵਿੱਚ ਨਹੀਂ ਪਹੁੰਚੀ ਪਰ ਸਰਕਾਰ ਵੱਲੋਂ ਖਰੀਦ ਨੂੰ ਲੈ ਕੇ ਪੁਖਤਾ ਪ੍ਰਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਵੱਖ-ਵੱਖ ਮੰਡੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਵੱਖ-ਵੱਖ ਜ਼ਿਲ੍ਹਾ ਮੰਡੀ ਬੋਰਡ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਚੰਡੀਗੜ੍ਹ ਵਿੱਚ ਮੁੱਖ ਦਫਤਰ ਵੀ ਬਣਾਇਆ ਗਿਆ ਹੈ ਅਤੇ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਨਾ ਆਵੇ। ਇਸ ਲੜੀ ਵਿੱਚ ਅੱਜ ਲੁਧਿਆਣਾ ਪਹੁੰਚੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪੱਤਰਕਾਰਾਂ ਨਾਲ ਖਾਸ ਗੱਲਬਾਤ ਕੀਤੀ।
'ਮੰਡੀਆਂ ਵਿੱਚ ਪਿਛਲੀ ਵਾਰ ਨਾਲੋਂ ਜ਼ਿਆਦਾ ਫਸਲ ਆਉਣ ਦੀ ਉਮੀਦ'
ਗੱਲਬਾਤ ਦੇ ਦੌਰਾਨ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ, 'ਪੰਜਾਬ ਵਿੱਚ ਮੰਡੀਆਂ ਅੰਦਰ ਕਣਕ ਦੀ ਖਰੀਦ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਵਾਰ ਪਿਛਲੀ ਵਾਰ ਨਾਲੋਂ ਜ਼ਿਆਦਾ ਫਸਲ ਮੰਡੀਆਂ ਵਿੱਚ ਆਉਣ ਦੀ ਉਮੀਦ ਹੈ, ਲਗਭਗ ਇੱਕ ਲੱਖ 36 ਹਜਾਰ ਮੈਟਰਿਕ ਟਨ ਕਣਕ ਮੰਡੀਆਂ ਵਿੱਚ ਪਹੁੰਚਣ ਦੀ ਉਮੀਦ ਹੈ। ਬੇਸ਼ੱਕ ਹੁਣ ਤੱਕ ਬਹੁਤ ਘੱਟ ਫਸਲ ਮੰਡੀਆਂ ਵਿੱਚ ਪਹੁੰਚੀ ਹੈ, ਜਿਸ ਵਿੱਚੋਂ 2601 ਮੈਟਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਅਤੇ ਕਿਸਾਨਾਂ ਦੇ ਖਾਤਿਆਂ ਵਿੱਚ ਨਾਲ ਦੀ ਨਾਲ ਹੀ 48 ਘੰਟਿਆਂ ਵਿੱਚ ਪੈਸੇ ਟ੍ਰਾਂਸਫਰ ਕੀਤੇ ਜਾ ਰਹੇ ਹਨ।'
ਹੈਲਪ ਲਾਈਨ ਨੰਬਰ ਵੀ ਕੀਤਾ ਜਾਰੀ
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਕਣਕ ਦੀ ਲਿਫਟਿੰਗ ਅਤੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਇੱਕ ਮੁੱਖ ਦਫਤਰ ਬਣਾਇਆ ਗਿਆ ਹੈ, ਜਿਸ ਵਿੱਚ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਆਵੇ ਤਾਂ ਉਸ ਨੰਬਰ ਉੱਪਰ ਸ਼ਿਕਾਇਤ ਕੀਤੀ ਜਾ ਸਕੇ। ਉਨ੍ਹਾਂ ਨੇ ਕੇਂਦਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਹੁਣ ਤੱਕ ਪੰਜਾਬ ਸਰਕਾਰ ਦਾ ਰੂਲਰ ਡਿਵੈਲਪਮੈਂਟ ਫੰਡ ਜਾਰੀ ਨਹੀਂ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਵਿਕਾਸ ਕਾਰਜਾਂ ਵਿੱਚ ਵੱਡੀ ਸਮੱਸਿਆ ਆ ਰਹੀ ਹੈ। ਉਨ੍ਹਾਂ ਨੇ ਜਿੱਥੇ ਕੇਂਦਰ ਨੂੰ ਰੂਲਰ ਡਿਵੈਲਪਮੈਂਟ ਫੰਡ ਜਾਰੀ ਕਰਨ ਲਈ ਅਪੀਲ ਕੀਤੀ ਉੱਥੇ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਸਾਨ ਸੁੱਕੀ ਫਸਲ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
- ਕੀ 36 ਹਜ਼ਾਰ ਪ੍ਰਤੀ ਤੋਲਾ ਰਹਿ ਜਾਵੇਗਾ ਸੋਨਾ, ਕੀ ਸੋਨਾ ਖਰੀਦਣ ਜਾਂ ਵੇਚਣ ਦਾ ਇਹੀ ਹੈ ਸਹੀ ਸਮਾਂ, ਵੇਖੋ ਇਹ ਖਾਸ ਰਿਪੋਰਟ...
- ਇਸ ਜੁੱਤੀ ਨੂੰ ਪਾਉਣ ਵਾਲੇ ਬਥੇਰੇ, ਪਰ ਬਣਾਉਣ ਵਾਲੇ ਲੁਪਤ, ਬਹੁਤ ਹੀ ਖਾਸ ਜੁੱਤੀ, ਪਰ ਹੁਣ ਘਟਿਆ ਕ੍ਰੇਜ਼, ਇਸ ਰਿਪੋਰਟ ਵਿੱਚ ਜਾਣੋ ਵਜ੍ਹਾਂ
- ਦੁਕਾਨਦਾਰ ਨੇ ਬਹਾਦਰੀ ਨਾਲ ਕੀਤਾ ਲੁਟੇਰਿਆਂ ਦਾ ਮੁਕਾਬਲਾ, ਗੋਲੀ ਚੱਲਣ ਮਗਰੋਂ ਵੀ ਨਹੀਂ ਡਰਿਆ, ਦੇਖੋ ਲਾਈਵ ਤਸਵੀਰਾਂ