ਅੰਮ੍ਰਿਤਸਰ: ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਦੇ ਨਾਲ 23 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਉੱਥੇ ਹੀ ਬਹੁਤ ਸਾਰੇ ਲੋਕ ਗੰਭੀਰ ਰੂਪ ਵਿੱਚ ਬਿਮਾਰ ਹੋਣ ਕਰਕੇ ਹਸਪਤਾਲ 'ਚ ਦਾਖਲ ਹਨ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕੁੱਲ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿੰਨ੍ਹਾਂ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਪੁਲਿਸ ਨੇ ਅਦਾਲਤ ਕੋਲੋਂ 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਪਰ ਅਦਾਲਤ ਨੇ ਮੁਲਜ਼ਮਾਂ 2 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਹੈ।
ਵੱਡੇ ਖੁਲਾਸੇ ਹੋਣ ਦੀ ਸੰਭਾਵਨਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ "ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਕੁੱਲ 16 ਮੁਲਜ਼ਮਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ 2 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ। ਪੁਲਿਸ ਨੂੰ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।"
"ਸਾਹਿਬ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਲੋਕਾਂ ਦੀਆਂ ਜਾਨਾਂ ਲੈਣ ਵਾਲੀ 50 ਲੀਟਰ ਸ਼ਰਾਬ ਇੱਕ ਫੈਕਟਰੀ ਤੋਂ ਲਿਆਂਦੀ ਗਈ ਸੀ, ਫਿਰ ਉਸ ਫੈਕਟਰੀ ਵਿੱਚ ਛਾਪਾ ਮਾਰਿਆ ਗਿਆ ਅਤੇ ਕੁੱਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਾਹਿਬ ਸਿੰਘ ਦੇ ਫੋਨ ਤੋਂ ਪੁਲਿਸ ਨੂੰ ਪੱਕਾ ਤਕਨੀਕੀ ਸਬੂਤ ਮਿਲਦਾ ਹੈ ਕਿ ਉਸ ਨੇ ਦਿੱਲੀ ਤੋਂ ਹੋਰ 600 ਲੀਟਰ ਗੈਰ-ਕਾਨੂੰਨੀ ਸ਼ਰਾਬ ਲਿਆਉਣ ਦਾ ਆਰਡਰ ਦਿੱਤਾ ਹੈ, ਗੈਰ ਕਾਨੂੰਨੀ ਸ਼ਰਾਬ ਭੇਜਣ ਵਾਲੀ ਇਹ ਕੰਪਨੀ ਦਿੱਲੀ ਨਾਲ ਸਬੰਧਿਤ ਪਾਈ ਗਈ ਹੈ। ਇਸ ਤੋਂ ਬਾਅਦ ਉਸ ਟਰੱਕ ਨੂੰ ਵੀ ਪਟਿਆਲਾ ਨੇੜੇ ਫੜ੍ਹ ਲਿਆ ਜਾਂਦਾ ਹੈ ਜਿਸ ਵਿੱਚ ਇਹ 600 ਲੀਟਰ ਗੈਰ-ਕਾਨੂੰਨੀ ਸ਼ਰਾਬ ਸਾਹਿਬ ਸਿੰਘ ਕੋਲ ਪਹੁੰਚਾਈ ਜਾਣੀ ਸੀ।"- ਸਤਿੰਦਰ ਸਿੰਘ,ਡੀਆਈਜੀ
ਮ੍ਰਿਤਕ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
ਦੱਸ ਦਈਏ ਕਿ ਬੀਤੇ ਦਿਨ ਮਜੀਠਾ ਦੇ ਸ਼ਰਾਬ ਕਾਂਡ ਵਿੱਚ ਮਾਰੇ ਗਏ ਲੋਕਾਂ ਦੇ ਪੀੜਤ ਪਰਿਵਾਰਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆ ਸੀਐੱਮ ਮਾਨ ਨੇ ਐਲਾਨ ਕੀਤਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਜਿਨ੍ਹਾਂ ਨੂੰ ਨੌਕਰੀ ਦੇ ਸਕਦੇ ਹਾਂ, ਉਨ੍ਹਾਂ ਨੂੰ ਨੌਕਰੀ ਵੀ ਦਿੱਤੀ ਜਾਵੇਗੀ। ਇਸ ਸਾਰੇ ਮਾਮਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀ ਜਾਵੇਗਾ, ਸਖ਼ਤ ਕਾਰਵਾਈ ਹੋਵੇਗੀ। ਕਿਸੇ ਵੀ ਪਰਿਵਾਰ ਦਾ ਚੁੱਲ੍ਹਾ ਬੁੱਝਣ ਨਹੀਂ ਦਿੱਤਾ ਜਾਵੇਗਾ। ਅਫਸਰ ਖੁਦ ਘਰ ਆ ਕੇ ਇਨ੍ਹਾਂ ਦੇ ਕਾਗਜ਼ ਤਿਆਰ ਕਰਨਗੇ।