ਲੁਧਿਆਣਾ: ਕਾਂਗਰਸ ਦੇ ਵਿਚਕਾਰ ਆਪਸੀ ਖਾਨਾ ਜੰਗੀ ਫਿਰ ਤੋਂ ਜਗ ਜਾਹਿਰ ਹੋ ਗਈ ਹੈ। ਬੀਤੇ ਦਿਨ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਬਲੀਏਵਾਲ ਵੱਲੋਂ ਕਾਂਗਰਸ ਦਾ ਇੱਕ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਗਿਆ, ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦੀ ਤਸਵੀਰ ਪੋਸਟਰ ਦੇ ਵਿੱਚੋਂ ਗਾਇਬ ਹੈ। ਜਿਸ ਨੂੰ ਲੈ ਕੇ ਉਨ੍ਹਾਂ ਸਵਾਲ ਖੜੇ ਕੀਤੇ ਨੇ, ਉੱਥੇ ਹੀ ਦੂਜੇ ਪਾਸੇ ਇਸ ਸਬੰਧੀ ਰਾਜਾ ਵੜਿੰਗ ਨੇ ਸਫਾਈ ਦਿੱਤੀ ਹੈ।
ਭਾਜਪਾ ਬੁਲਾਰੇ ਨੇ ਚੁੱਕੇ ਸਵਾਲ
ਇਸ ਦੌਰਾਨ ਭਾਜਪਾ ਬੁਲਾਰੇ ਪ੍ਰਿਤਪਾਲ ਬਲੀਏਵਾਲ ਨੇ ਕਿਹਾ ਕਿ ਕਾਂਗਰਸ ਦੋਫਾੜ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ ਕਿਸੇ ਨੂੰ ਸ਼ਾਮਿਲ ਕਰਵਾਉਣ ਲਈ ਨਹੀਂ ਪੁੱਛਿਆ ਜਾਂਦਾ। ਇੱਥੋਂ ਤੱਕ ਕਿ ਉਨ੍ਹਾਂ ਦੀ ਤਸਵੀਰ ਪੋਸਟਰ ਤੋਂ ਗਾਇਬ ਹੈ। ਬਲੀਏਵਾਲ ਨੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਪ੍ਰਤਾਪ ਬਾਜਵਾ ਜੀ ਪਹਿਲਾਂ ਹੀ ਵਿਦੇਸ਼ ਦੌਰੇ 'ਤੇ ਚਲੇ ਗਏ ਹਨ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ। ਇਸ ਕਰਕੇ ਉਹ ਵਿਦੇਸ਼ ਜਾ ਕੇ ਵੋਟਾਂ ਮੰਗ ਰਹੇ ਹਨ। ਬਲੀਏਵਾਲ ਨੇ ਕਿਹਾ ਕਿ ਅੱਜ ਕਾਂਗਰਸ ਪੂਰੀ ਤਰ੍ਹਾਂ ਵਿਖਰ ਚੁੱਕੀ ਹੈ।
ਸਾਰੇ ਕਾਂਗਰਸੀ ਇੱਕਜੁੱਟ ਹਨ: ਵੜਿੰਗ
ਬੀਤੇ ਦਿਨ ਆਸ਼ੂ ਨੂੰ ਵਿਜੀਲੈਂਸ ਦੇ ਸੰਮਨ ਕਰਨ ਦੇ ਮਾਮਲੇ 'ਚ ਵੀ ਪਹਿਲਾ ਰਾਜਾ ਵੜਿੰਗ ਨੇ ਪ੍ਰੈਸ ਕਾਨਫਰੰਸ ਸੱਦੀ ਪਰ ਉਸ ਤੋਂ ਪਹਿਲਾਂ ਹੀ ਭਾਰਤ ਭੂਸ਼ਣ ਆਸ਼ੂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ। ਬਾਅਦ 'ਚ ਰਾਜਾ ਵੜਿੰਗ ਨੇ ਵੱਖਰੀ ਪ੍ਰੈਸ ਕਾਨਫਰੰਸ ਕੀਤੀ। ਸਿਰਫ ਰਾਜਾ ਵੜਿੰਗ ਹੀ ਨਹੀਂ ਆਸ਼ੂ ਦੀ ਪ੍ਰੈਸ ਕਾਨਫਰੰਸ 'ਚੋਂ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਵੀ ਗਾਇਬ ਹਨ। ਰਾਜਾ ਵੜਿੰਗ ਧੜੇ 'ਚ ਸਿਮਰਜੀਤ ਬੈਂਸ, ਕੁਲਦੀਪ ਵੈਦ, ਸੁਰਿੰਦਰ ਡਾਵਰ, ਪ੍ਰਤਾਪ ਬਾਜਵਾ ਸ਼ਾਮਿਲ ਨੇ ਜਦੋਂ ਕਿ ਦੂਜੇ ਧੜੇ 'ਚ ਰਾਣਾ ਗੁਰਜੀਤ, ਚਰਨਜੀਤ ਚੰਨੀ, ਭਾਰਤ ਭੂਸ਼ਣ ਆਸ਼ੂ, ਈਸ਼ਵਰਜੋਤ ਚੀਮਾ ਆਦਿ ਆਗੂ ਸ਼ਾਮਿਲ ਹਨ। ਜਦੋਂ ਕਿ ਰਾਜਾ ਵੜਿੰਗ ਇਹ ਸਾਫ ਕਹਿ ਰਹੇ ਹਨ ਕਿ ਉਹ ਇੱਕਜੁੱਟ ਨੇ ਕਿਉਂਕਿ ਮਸਲਾ ਕਾਂਗਰਸ ਦਾ ਹੈ। ਉਨ੍ਹਾਂ ਕਿਹਾ ਕਿ ਆਪਸੀ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਹਰ ਕਾਂਗਰਸੀ ਆਗੂ ਕਾਂਗਰਸ ਦੇ ਨਾਲ ਖੜਾ ਹੈ।