ਲੁਧਿਆਣਾ: ਅੱਜ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਲਈ ਵੋਟਿੰਗ ਦੀ ਪ੍ਰਕਿਰਿਆ ਖਤਮ ਹੋ ਗਈ। ਹੁਣ 23 ਜੂਨ ਨੂੰ ਨਤੀਜੇ ਆਉਣਗੇ, ਜਿਸ 'ਚ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। 14 ਉਮੀਦਵਾਰਾਂ ਦੀ ਕਿਸਮਤ ਅੱਜ ਈਵੀਐਮ ਦੇ ਵਿੱਚ ਕੈਦ ਹੋ ਗਈ। ਹੁਣ ਇਹ 23 ਜੂਨ ਨੂੰ ਖੁੱਲ੍ਹੇਗੀ ਅਤੇ ਕਿਸ ਦੇ ਸਿਰ ਲੁਧਿਆਣਾ ਪੱਛਮੀ ਦਾ ਤਾਜ ਸੱਜਦਾ ਹੈ ਇਸ ਲਈ ਕੁਝ ਉਡੀਕ ਜ਼ਰੂਰ ਕਰਨੀ ਹੋਵੇਗੀ। ਉਥੇ ਹੀ ਅੱਜ ਵੋਟਿੰਗ ਟਰਨ ਆਊਟ ਨੂੰ ਲੈ ਕੇ ਜਰੂਰ ਚਿੰਤਾ ਜਾਹਿਰ ਹੁੰਦੀ ਰਹੀ। ਹਾਲਾਂਕਿ ਫਾਈਨਲ ਵੋਟਿੰਗ ਫੀਸਦ 51.33 ਪ੍ਰਤੀਸ਼ਤ ਦਰਜ ਕੀਤਾ ਗਿਆ ਹੈ। ਚੋਣ ਕਮਿਸ਼ਨ ਦੇ ਵੋਟਰ ਟਰਨ ਆਊਟ ਐਪਲੀਕੇਸ਼ਨ ਦੇ ਵਿੱਚ ਇਹ ਵੋਟ ਫੀਸਦ ਵਿਖਾਇਆ ਜਾ ਰਿਹਾ ਹੈ ਤੇ ਖੁਦ ਪੰਜਾਬ ਚੋਣ ਕਮਿਸ਼ਨ ਨੇ ਅੰਕੜੇ ਜਾਰੀ ਕੀਤੇ ਹਨ।
ਘੱਟ ਵੋਟ ਫ਼ੀਸਦ
ਇਸ ਸਬੰਧੀ ਅਸੀਂ ਲੁਧਿਆਣਾ ਦੇ ਏਡੀਸੀ ਰੁਪਿੰਦਰ ਪਾਲ ਸਿੰਘ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਅਮਨੋ-ਅਮਾਨ ਦੇ ਨਾਲ ਚੋਣਾਂ ਨੇਪਰੇ ਚੜ੍ਹ ਗਈਆਂ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੂਰੇ ਪੋਲਿੰਗ ਸਟਾਫ ਦਾ ਧੰਨਵਾਦ ਕਰਦੇ ਨੇ, ਜਿਨ੍ਹਾਂ ਨੇ ਬੜੀ ਹੀ ਮਿਹਨਤ ਦੇ ਨਾਲ ਅੱਜ ਕੰਮ ਕੀਤਾ। ਹਾਲਾਂਕਿ ਅਗਰ ਨਗਰ ਦੇ ਵਿੱਚ ਜ਼ਰੂਰ ਵੀਡੀਓ ਵਾਇਰਲ ਹੋਈ ਜਿਸ ਵਿੱਚ ਜਾਅਲੀ ਵੋਟਾਂ ਪਾਉਣ ਨੂੰ ਲੈ ਕੇ ਵਰਕਰ ਹੰਗਾਮਾ ਕਰਦੇ ਵਿਖਾਈ ਦਿੱਤੇ, ਇਸ ਦੌਰਾਨ ਗੱਡੀ ਦਾ ਪਿੱਛਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਆਰਐਸ ਮਾਡਲ ਸਕੂਲ ਦੇ ਵਿੱਚ ਵੋਟਿੰਗ ਮਸ਼ੀਨ ਕੁਝ ਦੇਰ ਲਈ ਰੁਕੀ। ਤਕਨੀਕੀ ਫਾਲਟ ਕਰਕੇ ਬਾਅਦ ਦੇ ਵਿੱਚ ਮਸ਼ੀਨ ਸਹੀ ਹੋਈ। ਉਨ੍ਹਾਂ ਨਾਲ ਹੀ ਕਿਹਾ ਕਿ ਗਰਮੀ ਹੋਣ ਕਾਰਨ ਲੋਕ ਘਰ ਤੋਂ ਘੱਟ ਨਿਕਲਦੇ ਹਨ, ਜਿਸ ਕਾਰਨ ਵੋਟਿੰਗ ਪ੍ਰਤੀਸ਼ਤ ਜ਼ਰੂਰ ਪਠ੍ਰਭਾਵਿਤ ਹੋਵੇਗੀ।

ਸਟਰੋਂਗ ਰੂਮ ਦੀ ਸੁਰੱਖਿਆ
ਲੁਧਿਆਣਾ ਦੇ ਖਾਲਸਾ ਕਾਲਜ ਦੇ ਵਿੱਚ ਸਟਰੋਂਗ ਰੂਮ ਬਣਾਇਆ ਗਿਆ ਹੈ, ਜਿੱਥੇ ਤਿੰਨ ਦਿਨ ਤੱਕ ਤਿੰਨ ਲੇਅਰ ਸੁਰੱਖਿਆ ਦੇ ਵਿੱਚ ਈਵੀਐਮ ਮਸ਼ੀਨਾਂ ਪਈਆਂ ਰਹਿਣਗੀਆਂ। ਹਾਲਾਂਕਿ ਉਮੀਦਵਾਰਾਂ ਦੀ ਮੌਜੂਦਗੀ ਦੇ ਵਿੱਚ ਇਹ ਮਸ਼ੀਨਾਂ ਸੀਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰ ਆ ਕੇ ਇੱਥੇ ਵੇਖ ਵੀ ਸਕਦੇ ਹਨ, ਬਾਕੀ ਸਾਡੇ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਰਿਜ਼ਰਵ ਫੋਰਸਿਸ ਦੀਆਂ ਟੁਕੜੀਆਂ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਇੱਥੇ ਤੈਨਾਤ ਰਹਿਣਗੇ, ਉਮੀਦਵਾਰ ਆ ਕੇ ਮਸ਼ੀਨਾਂ ਦੀ ਸੁਰੱਖਿਆ ਨੂੰ ਵੀ ਵੇਖ ਸਕਦੇ ਹਨ।

ਪੁਲਿਸ ਰਹੀ ਮੁਸਤੈਦ
ਦੂਜੇ ਪਾਸੇ ਪੁਲਿਸ ਦੇ ਸੀਨੀਅਰ ਅਫਸਰਾਂ ਨਾਲ ਵੀ ਦੇਰ ਸ਼ਾਮ ਸਾਡੀ ਗੱਲ ਹੋਈ ਤਾਂ ਉਨ੍ਹਾਂ ਨੇ ਕਿਹਾ ਕਿ ਵੋਟਿੰਗ ਦੀ ਪ੍ਰਕਿਰਿਆ ਸ਼ਾਂਤਮਈ ਢੰਗ ਦੇ ਨਾਲ ਚੱਲੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਸਾਡੀਆਂ ਪੰਜਾਬ ਪੁਲਿਸ ਦੀਆਂ ਟੀਮਾਂ ਸਵੇਰ ਤੋਂ ਕੰਮ ਕਰ ਰਹੀਆਂ ਨੇ ਤਾਂ ਜੋ ਚੋਣਾਂ ਅਮਨੋ-ਅਮਾਨ ਦੇ ਨਾਲ ਸਹੀ ਢੰਗ ਦੇ ਨਾਲ ਹੋ ਸਕੇ। ਹਾਲਾਂਕਿ ਇੱਕ ਦੋ ਘਟਨਾਵਾਂ ਨੂੰ ਛੱਡ ਕੇ ਲੁਧਿਆਣਾ ਪੱਛਮੀ ਦੇ ਵਿੱਚ ਚੋਣਾਂ ਸ਼ਾਂਤਮਈ ਨੇਪਰੇ ਚੜ੍ਹ ਗਈਆਂ ਹਨ।


ਚਰਚਾ 'ਚ ਰਹੀ ਉਮੀਦਵਾਰਾਂ ਦੀ ਮਿਲਣੀ
ਜੇਕਰ ਅੱਜ ਦੀਆਂ ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਕਤਾਰਾਂ ਦੇ ਵਿੱਚ ਬਜ਼ੁਰਗ ਵੋਟਰ ਨਜ਼ਰ ਆਏ। ਜ਼ਿਆਦਾਤਰ ਵੋਟਰ 50 ਉਮਰ ਤੋਂ ਵਧੇਰੇ ਸਨ, ਜਿਨ੍ਹਾਂ ਵੱਲੋਂ ਵੱਧ ਤੋਂ ਵੱਧ ਵੋਟ ਪਾਈ ਗਈ। ਹਾਲਾਂਕਿ ਨੌਜਵਾਨ ਕਤਾਰਾਂ ਦੇ ਵਿੱਚ ਅੱਜ ਘੱਟ ਦਿਖਾਈ ਦਿੱਤ। ਪਰ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਜਦੋਂ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ, ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਬਹੁਤ ਹੀ ਗਰਮ ਜੋਸ਼ੀ ਦੇ ਨਾਲ ਮਿਲਦੇ ਹੋਏ ਦਿਖਾਈ ਦਿੱਤੇ।


ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ, ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੂੰ ਮਿਲੇ। ਉਨ੍ਹਾਂ ਨੂੰ ਸਤਿਕਾਰ ਦੇ ਨਾਲ ਹੱਥ ਜੋੜੇ। ਅੱਜ ਲੋਕਤੰਤਰ ਦੀ ਖੂਬਸੂਰਤੀ ਨਜ਼ਰ ਆਈ ਕਿ ਜਿੱਥੇ ਇੱਕ ਪਾਸੇ ਮੰਚ ਤੋਂ ਇੱਕ ਦੂਜੇ ਦੇ ਖਿਲਾਫ ਉਮੀਦਵਾਰ ਜ਼ਰੂਰ ਬਿਆਨਬਾਜ਼ੀ ਕਰਦੇ ਨੇ ਪਰ ਅੱਜ ਜਦੋਂ ਆਹਮੋ ਸਾਹਮਣੇ ਹੋਏ ਤਾਂ ਉਹ ਇੱਕ ਦੂਜੇ ਨੂੰ ਮਿਲਦੇ ਹੋਏ ਇੱਕ ਦੂਜੇ ਦਾ ਸਵਾਗਤ ਕਰਦੇ ਹੋਏ ਦਿਖਾਈ ਦਿੱਤੇ। ਇਹੀ ਕਾਰਨ ਰਿਹਾ ਕਿ ਅੱਜ ਲੁਧਿਆਣਾ ਪੱਛਮੀ ਦੀਆਂ ਚੋਣਾਂ ਦੇ ਵਿੱਚ ਕੋਈ ਜਿਆਦਾ ਹੰਗਾਮਾ ਨਹੀਂ ਹੋਇਆ। ਉਥੇ ਹੀ ਭਾਰਤ ਭੂਸ਼ਣ ਆਸ਼ੂ ਬੂਥ ਦਾ ਜਾਇਜ਼ਾ ਲੈਣ ਲਈ ਸਕੂਟਰ 'ਤੇ ਘੁੰਮਦੇ ਹੋਏ ਵੀ ਵਿਖਾਈ ਦਿੱਤੇ। ਜਿਸ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ।


ਪਿਛਲੇ ਸਾਲਾਂ ਦੇ ਅੰਕੜੇ
ਪਿਛਲੇ ਸਾਲਾਂ ਦੇ ਅੰਕੜਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2007 ਤੋਂ ਬਾਅਦ ਕਦੇ ਵੀ ਪੰਜਾਬ ਦੇ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੇ ਵਿੱਚ ਇੰਨੀ ਜ਼ਿਆਦਾ ਘੱਟ ਵੋਟਿੰਗ ਨਹੀਂ ਹੋਈ। ਸਾਲ 2007 ਦੇ ਵਿੱਚ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ 1 ਲੱਖ 37 ਹਜ਼ਾਰ ਵੋਟਾਂ ਦੇ ਵਿੱਚੋਂ ਲੱਗਭਗ 81,000 ਵੋਟਾਂ ਪਈਆਂ ਸਨ, ਜੋ ਕਿ 58.9 ਫੀਸਦੀ ਬਣਦਾ ਹੈ। ਉੱਥੇ ਹੀ ਸਾਲ 2012 ਦੇ ਵਿੱਚ 69.7 ਫੀਸਦੀ, 2017 ਦੇ ਵਿੱਚ 68.6 ਫੀਸਦੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ 64.3 ਫੀਸਦੀ ਵੋਟਾਂ ਪਈਆਂ ਸਨ। 2012 ਤੋਂ ਬਾਅਦ ਕਦੇ ਵੀ ਇਸ ਹਲਕੇ ਦੇ ਵਿੱਚ 60 ਫੀਸਦੀ ਤੋਂ ਘੱਟ ਵੋਟ ਨਹੀਂ ਹੋਈ ਪਰ 2025 ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਜ਼ਰੂਰ ਵੋਟਾਂ ਘੱਟ ਵੇਖਣ ਨੂੰ ਮਿਲ ਰਹੀਆਂ ਨੇ ਜੋ ਕਿ ਅੰਕੜਾ 51.33 ਫੀਸਦੀ ਤੱਕ ਹੀ ਸੀਮਤ ਰਹਿ ਗਿਆ।