ਲੁਧਿਆਣਾ : ਜਲੰਧਰ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਲਗਾਤਾਰ ਵਿਰੋਧੀਆਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸ ਨੂੰ ਲੈ ਕੇ ਹੁਣ ਲੁਧਿਆਣਾ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਵੱਲੋਂ ਆਪਣੀ ਸੁਰੱਖਿਆ ਦੇ ਲਈ ਵਿਸ਼ੇਸ਼ ਤੌਰ 'ਤੇ ਅਮਰੀਕਾ ਤੋਂ ਬੁਲੇਟ ਪਰੂਫ ਜੈਕਟ ਮੰਗਵਾਈ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਬਣਿਆ ਹੋਇਆ ਹੈ, ਕੁਝ ਪਤਾ ਨਹੀਂ ਹੈ ਕਿਸ ਵੇਲੇ ਕਿੱਥੇ ਕੀ ਹੋ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਕਰਕੇ ਉਨ੍ਹਾਂ ਨੇ ਇਹ ਜੈਕਟ ਮੰਗਵਾਈ ਹੈ ਕਿਉਂਕਿ ਹੁਣ ਪੰਜਾਬ ਦੇ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ, ਅਜਿਹੇ ਹਾਲਾਤ ਪੈਦਾ ਹੋ ਗਏ ਹਨ।
ਸੀਨੀਅਰ ਲੀਡਰ ਮਨੋਰੰਜਨ ਕਾਲੀਆ ਦੇ ਘਰ 'ਤੇ ਹਮਲਾ
ਜ਼ਿਲ੍ਹਾ ਪ੍ਰਧਾਨ ਰਮਿੰਦਰ ਸੰਗੋਵਾਲ ਨੇ ਕਿਹਾ ਹਾਲੇ ਕੁਝ ਦਿਨ ਪਹਿਲਾਂ ਹੀ ਸਾਡੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਦੇ ਘਰ ਹਮਲਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇੰਨਾ ਹੀ ਨਹੀਂ। ਇੱਕ ਐਸਐਚਓ ਦੇ ਗੋਲੀ ਮਾਰ ਦਿੱਤੀ ਗਈ ਅਤੇ ਇੱਕ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ, ਉਹ ਸਮਝੌਤਾ ਕਰਾਉਣ ਲਈ ਗਏ ਸੀ। ਉਨ੍ਹਾਂ ਨੇ ਕਿਹਾ ਕਿ ਉਹ ਦਿਹਾਤੀ ਦੇ ਪ੍ਰਧਾਨ ਹਨ ਪਿੰਡਾਂ ਦੇ ਵਿੱਚ ਜਾਂਦੇ ਹਨ, ਗੱਲਬਾਤ ਕਰਦੇ ਹਨ, ਲੋਕਾਂ ਦੇ ਵਿੱਚ ਵਿਚਰਦੇ ਹਨ। ਇਸ ਕਰਕੇ ਉਨ੍ਹਾਂ ਨੇ ਆਪਣੀ ਸੁਰੱਖਿਆ ਦੇ ਲਈ ਇਹ ਮੰਗਵਾਈ ਹੈ।
ਬੁਲੇਟ ਪਰੂਫ ਜੈਕਟ ਅਮਰੀਕਾ ਤੋਂ ਵਿਸ਼ੇਸ਼ ਤੌਰ 'ਤੇ ਮੰਗਵਾਈ
ਜ਼ਿਲ੍ਹਾ ਪ੍ਰਧਾਨ ਰਮਿੰਦਰ ਸੰਗੋਵਾਲ ਨੇ ਕਿਹਾ ਹਾਲਾਂਕਿ ਇੱਥੇ ਵੀ ਇਹ ਮਿਲ ਜਾਂਦੀ ਹੈ ਪਰ ਬਹੁਤ ਜ਼ਿਆਦਾ ਮਹਿੰਗੀ ਹੈ ਅਤੇ ਇੱਥੋਂ ਦੀ ਕੁਆਲਿਟੀ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਉਨ੍ਹਾਂ ਨੇ ਇਹ ਲਾਈਟ ਵੇਟ ਪੂਰੀ ਤਰ੍ਹਾਂ ਬੁਲੇਟ ਪਰੂਫ ਜੈਕਟ ਅਮਰੀਕਾ ਤੋਂ ਵਿਸ਼ੇਸ਼ ਤੌਰ 'ਤੇ ਮੰਗਵਾਈ ਹੈ ਤਾਂ ਜੋ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਸਕਣ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ 'ਤੇ ਜਾਣ ਦੌਰਾਨ ਉਹ ਇਸ ਜੈਕਟ ਦਾ ਇਸਤੇਮਾਲ ਜ਼ਰੂਰ ਕਰਨਗੇ।