ਚੰਡੀਗੜ੍ਹ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੀ ਆਪ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ ਹੈ। ਬਜਟ ਪੇਸ਼ ਕਰਨ ਤੋਂ ਪਹਿਲਾਂ ਹਰਪਾਲ ਸਿੰਘ ਚੀਮਾ ਨੇ ਆਪਣੀ ਸਰਕਾਰੀ ਰਿਹਾਇਸ਼ ’ਤੇ ਬਜਟ ਦੀ ਕਾਪੀ ’ਤੇ ਦਸਤਖ਼ਤ ਕੀਤੇ। ਇਸ ਤੋਂ ਬਾਅਦ ਉਹ ਸੀਐੱਮ ਭਗਵੰਤ ਮਾਨ ਦੇ ਘਰ ਗਏ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਵਾਰ ਬਜਟ 2.36 ਲੱਖ ਕਰੋੜ ਰੁਪਏ ਦਾ ਰੱਖਿਆ ਗਿਆ ਹੈ। ਹਰਪਾਲ ਚੀਮਾ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਿੱਚ ਵਿੱਤ ਮੰਤਰੀ ਹਨ, ਆਓ ਜਾਣਦੇ ਹਾਂ ਹਰਪਾਲ ਚੀਮਾ ਦੇ ਜੀਵਨ ਬਾਰੇ...
ਨਿੱਜੀ ਜਾਣਕਾਰੀ
ਹਰਪਾਲ ਸਿੰਘ ਚੀਮਾ ਦਾ ਜਨਮ ਮੇਹਰ ਸਿੰਘ ਅਤੇ ਮਨਜੀਤ ਕੌਰ ਦੇ ਘਰ 10 ਫਰਬਰੀ 1974 ਵਿੱਚ ਧੂਰੀ ਸਬ-ਡਿਵੀਜ਼ਨ ਦੇ ਚੀਮਾ ਪਿੰਡ ਵਿੱਚ ਹੋਇਆ ਸੀ, ਉਨ੍ਹਾਂ ਦੇ ਕੁੱਲ੍ਹ ਪੰਜ ਭੈਣ-ਭਰਾ ਹਨ, ਜਿਨ੍ਹਾਂ ਵਿੱਚ ਦੋ ਭਰਾ ਅਤੇ ਤਿੰਨ ਭੈਣਾਂ। ਹੁਣ ਉਹ ਆਪਣੀ ਪਤਨੀ ਅਤੇ ਇੱਕ ਧੀ ਨਾਲ ਸੰਗਰੂਰ ਵਿੱਚ ਰਹਿੰਦੇ ਹਨ।
ਪੜਾਈ
ਸਰਕਾਰੀ ਰਣਬੀਰ ਕਾਲਜ, ਸੰਗਰੂਰ ਤੋਂ ਗ੍ਰੈਜੂਏਟ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐੱਲਐੱਲਬੀ ਕਰਨ ਤੋਂ ਬਾਅਦ, ਉਨ੍ਹਾਂ ਕਾਨੂੰਨ ਦੀ ਪੜ੍ਹਾਈ ਕਰਦੇ ਹੋਏ ਖੱਬੇ-ਪੱਖੀ ਝੁਕਾਅ ਵਾਲੇ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐਸਐਫਆਈ) ਦੇ ਕੈਂਪਸ ਪ੍ਰਧਾਨ ਵਜੋਂ ਵਿਦਿਆਰਥੀ ਰਾਜਨੀਤੀ ਵਿੱਚ ਵੀ ਹਿੱਸਾ ਲਿਆ। ਚੀਮਾ ਨੇ 2014 ਵਿੱਚ ਸੰਗਰੂਰ ਬਾਰ ਐਸੋਸੀਏਸ਼ਨ ਦੀ ਅਗਵਾਈ ਕੀਤੀ।
ਸਿਆਸੀ ਸਫ਼ਰ
ਹਰਪਾਲ ਸਿੰਘ ਚੀਮਾ ਇੱਕ ਭਾਰਤੀ ਸਿਆਸਤਦਾਨ ਅਤੇ ਪੰਜਾਬ ਸਰਕਾਰ ਵਿੱਚ ਮੌਜੂਦਾ ਕੈਬਨਿਟ ਮੰਤਰੀ ਹਨ। ਉਹ ਪੰਜਾਬ ਵਿਧਾਨ ਸਭਾ ਵਿੱਚ ਦਿੜਬਾ ਤੋਂ ਵਿਧਾਇਕ ਹਨ। ਹਰਪਾਲ ਸਿੰਘ ਚੀਮਾ ਨੂੰ 2017 ਵਿੱਚ ਦਿੜਬਾ ਦੇ ਲੋਕਾਂ ਨੇ ਪਹਿਲੀ ਵਾਰ ਵਿਧਾਨ ਸਭਾ ਵਿੱਚ ਭੇਜਿਆ ਸੀ। ਸਾਲ 2017-18 ਦੌਰਾਨ ਉਹ ਵਿਧਾਨ ਸਭਾ ਦੀ ਇੱਕ ਕਮੇਟੀ ਦੇ ਮੈਂਬਰ ਵੀ ਰਹੇ ਸਨ। ਇਸ ਤੋਂ ਇਲਾਵਾ ਉਹ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਚੀਮਾ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਜੁਲਾਈ 2018 ਵਿੱਚ, ਉਹ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਚੁਣੇ ਗਏ ਸਨ।