ਲੁਧਿਆਣਾ: ਖੰਨਾ ਦੇ ਥਾਣਾ ਦੋਰਾਹਾ ਅਧੀਨ ਆਉਂਦੇ ਪਿੰਡ ਚਣਕੋਈਆਂ ਖੁਰਦ ਦੇ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਜਗਜੀਤ ਸਿੰਘ ਜੱਗੀ ਦੇ ਘਰ ਛਾਪਾ ਮਾਰਿਆ ਗਿਆ। ਇਸ ਛਾਪੇਮਾਰੀ ਦੌਰਾਨ 4 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਕਬਜ਼ੇ ਵਿੱਚੋਂ 20 ਗ੍ਰਾਮ ਹੈਰੋਇਨ, 3.5 ਲੱਖ ਰੁਪਏ ਦੀ ਡਰੱਗ ਮਨੀ ਅਤੇ ਅਮਰੀਕੀ ਡਾਲਰ ਬਰਾਮਦ ਕੀਤੇ ਗਏ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਪੁਲਿਸ ਦੀ ਇਸ ਕਾਰਵਾਈ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਇਸ ਨੂੰ ਸਰਕਾਰ ਦੀ ਧੱਕੇਸ਼ਾਹੀ ਦੱਸਿਆ। ਇਸ ਦਾ ਜਵਾਬ ਦਿੰਦੇ ਹੋਏ 'ਆਪ' ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਅਕਾਲੀ ਪੰਜਾਬ ਵਿੱਚ ਚਿੱਟਾ (ਹੈਰੋਇਨ) ਲੈ ਕੇ ਆਏ। ਜ਼ਿਕਰਯੋਗ ਹੈ ਕਿ ਕੁੱਝ ਸਾਲ ਪਹਿਲਾਂ ਇਸ ਇਲਾਕੇ ਤੋਂ ਕਰੋੜਾਂ ਰੁਪਏ ਦਾ ਡਰੱਗ ਰੈਕੇਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਜੇਲ੍ਹ ਵਿੱਚ ਹੈ।
ਜ਼ਮੀਨੀ ਵਿਵਾਦ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦਿੱਤਾ ਰੰਗ
ਪਾਇਲ ਤੋਂ ਅਕਾਲੀ ਆਗੂ ਗੁਰਪ੍ਰੀਤ ਸਿੰਘ ਲਾਪਰਾਂ ਨੇ ਕਿਹਾ ਕਿ, 'ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਦੇ ਪਰਿਵਾਰ ਵਿੱਚ ਜ਼ਮੀਨੀ ਵਿਵਾਦ ਹੈ। ਇਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਰੰਗ ਦਿੱਤਾ ਗਿਆ। ਕਈ ਗੱਡੀਆਂ ਵਿੱਚ ਪੁਲਿਸ ਜ਼ਬਰਦਸਤੀ ਘਰ ਵਿੱਚ ਦਾਖਲ ਹੋਈ। ਘਰ ਵਿੱਚ ਬੈਠੇ ਚਾਰ ਨੌਜਵਾਨ ਫੜੇ ਗਏ। ਘਰ ਵਿੱਚੋਂ ਮਿਲੇ 3.5 ਲੱਖ ਰੁਪਏ ਅਤੇ ਅਮਰੀਕੀ ਡਾਲਰ ਬਰਾਮਦ ਦਿਖਾਏ ਗਏ। ਦੋ ਦਿਨ ਪਹਿਲਾਂ ਹੀ ਸਾਬਕਾ ਸਰਪੰਚ ਦਾ ਭਰਾ ਵਿਦੇਸ਼ ਤੋਂ ਵਾਪਸ ਆਇਆ ਸੀ। ਇਹ ਡਾਲਰ ਉਸ ਦੇ ਸਨ। ਸਾਬਕਾ ਸਰਪੰਚ ਜੱਗੀ ਮੌਕੇ 'ਤੇ ਮੌਜੂਦ ਨਹੀਂ ਸੀ। ਬਾਅਦ ਵਿੱਚ ਪਤਾ ਲੱਗਾ ਕਿ ਦੋਰਾਹਾ ਪੁਲਿਸ ਸਟੇਸ਼ਨ ਵਿਖੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਸਾਬਕਾ ਸਰਪੰਚ ਨੂੰ ਵੀ ਨਾਮਜ਼ਦ ਕੀਤਾ ਗਿਆ। ਇਹ ਸਾਰਾ ਮਾਮਲਾ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਇਸ ਦੇ ਵਿਰੋਧ ਵਿੱਚ ਦੋਰਾਹਾ ਥਾਣੇ ਅਤੇ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।'
4 ਅਕਾਲੀ ਆਗੂ ਕਰ ਰਹੇ ਵਿਰੋਧ
ਅਕਾਲੀ ਦਲ ਵੱਲੋਂ ਰੋਸ ਜ਼ਾਹਰ ਕਰਨ ਤੋਂ ਬਾਅਦ ਪਾਇਲ ਤੋਂ 'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ। ਗਿਆਸਪੁਰਾ ਨੇ ਕਿਹਾ ਕਿ, 'ਜਿੰਨਾ ਚਿਰ ਪੁਲਿਸ ਆਪਣਾ ਕੰਮ ਕਰ ਰਹੀ ਸੀ ਉਨ੍ਹਾਂ ਨੇ ਕੁੱਝ ਨਹੀਂ ਕਿਹਾ। ਹੁਣ ਅਕਾਲੀ ਦਲ ਨੇ ਖੁਦ ਇਸ ਨਸ਼ਾ ਤਸਕਰੀ ਮਾਮਲੇ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ। ਜਦੋਂ ਕਿ ਸੱਚਾਈ ਇਹ ਹੈ ਕਿ ਇਹ ਅਕਾਲੀ ਹੀ ਸਨ ਜੋ ਚਿੱਟਾ ਪੰਜਾਬ ਲੈ ਕੇ ਆਏ। ਅਕਾਲੀਆਂ ਦਾ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਪਾਇਆ ਗਿਆ ਹੈ, ਪਾਇਲ ਹਲਕੇ ਦੇ ਚਾਰ ਅਕਾਲੀ ਆਗੂ ਇਸ ਦਾ ਸਭ ਤੋਂ ਵੱਧ ਵਿਰੋਧ ਕਰ ਰਹੇ ਹਨ। ਉਹ ਆਗੂ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਵੀ ਸ਼ਾਮਲ ਹੋ ਸਕਦੇ ਹਨ। ਪੁਲਿਸ ਨੂੰ ਇਸਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਆਗੂਆਂ ਨੂੰ ਵੀ ਨਾਮਜ਼ਦ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਦੀਆਂ ਜਾਇਦਾਦਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।'
ਕੋਠੀ ਦੇ ਬਾਹਰ ਇੱਕ ਕਾਰ ਸਵਾਰ ਤਸਕਰ
ਐਸਐਚਓ ਦੋਰਾਹਾ ਜਸਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ, 'ਪੁਲਿਸ ਨੇ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਦੀ ਕੋਠੀ ਵੱਲ ਜਾਂਦੀ ਗਲੀ ਵਿੱਚ ਵਰਨਾ ਕਾਰ ਰੋਕੀ। ਇਸ ਵਿੱਚੋਂ ਅਨੁਜ ਲੱਲਾ ਵਾਸੀ ਪਿੰਡ ਖੱਟੜਾ, ਰਵੀ ਕੁਮਾਰ ਕਾਰਤੂਸ ਵਾਸੀ ਦੋਰਾਹਾ, ਸੂਰਜ ਸਿੰਘ ਬੋਹੜਾ ਵਾਸੀ ਮਾਨਸਾ, ਸਵਰਨਦੀਪ ਸਿੰਘ ਵਾਸੀ ਚਾਵਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਕਾਰ ਵਿੱਚੋਂ 20 ਗ੍ਰਾਮ ਹੈਰੋਇਨ, 3.5 ਲੱਖ ਰੁਪਏ ਅਤੇ 33 ਅਮਰੀਕੀ ਡਾਲਰ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਤੋਂ ਉਹ ਨਸ਼ੀਲੇ ਪਦਾਰਥਾਂ ਦੀ ਖਰੀਦ ਕਰਦੇ ਸੀ ਅਤੇ ਅੱਗੇ ਸਪਲਾਈ ਕਰਦੇ ਸਨ। ਨਸ਼ੇ ਦੀ ਕਮਾਈ ਸਾਬਕਾ ਸਰਪੰਚ ਨਾਲ ਸਾਂਝੀ ਕਰਦੇ ਸੀ ਅਤੇ ਅੱਜ ਵੀ ਉਹ ਰਕਮ ਦੇ ਕੇ ਆਏ ਸੀ। ਜਿਸ ਤੋਂ ਬਾਅਦ ਜਗਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਐਸਐਚਓ ਨੇ ਦੱਸਿਆ ਕਿ ਰਵੀ ਵਿਰੁੱਧ ਨਸ਼ਾ ਤਸਕਰੀ ਅਤੇ ਲੜਾਈ-ਝਗੜੇ ਦੇ ਕੁੱਲ 10 ਮਾਮਲੇ ਦਰਜ ਹਨ। ਬਾਕੀ ਦੋ ਮੁਲਜ਼ਮਾਂ ਵਿਰੁੱਧ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਦਰਜ ਹਨ।'