ਸੰਗਰੂਰ : ਖਾਲਿਸਤਾਨ ਮੂਵਮੈਂਟ ਵੱਲੋਂ ਲਗਾਤਾਰ ਹੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਦੇ ਨੌਜਵਾਨਾਂ ਨੂੰ ਭੜਕਾ ਕੇ ਉਨ੍ਹਾਂ ਤੋਂ ਗਲਤ ਕੰਮ ਕਰਵਾਏ ਜਾਂਦੇ ਹਨ ਜਾਂ ਫਿਰ ਸਰਕਾਰੀ ਇਮਾਰਤਾਂ ਉੱਤੇ ਖਾਲੀਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਵਾਏ ਜਾਂਦੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਤੇ ਪਿੰਡ ਸਤੌਜ ਤੋਂ ਸਾਹਮਣੇ ਆਇਆ ਹੈ, ਜਿੱਥੇ ਖਾਲਿਸਤਾਨੀ ਜ਼ਿੰਦਾਬਾਦ ਦੇ ਨਾਅਰ ਲਿਖੇ ਮਿਲੇ ਹਨ ਅਤੇ ਖਾਲਿਸਤਾਨ ਦਾ ਝੰਡਾ ਵੀ ਲਹਿਰਾਇਆ ਮਿਲਿਆ। ਜਿਸ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਵਾਇਰਲ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਹੈ।
ਸੀਐਮ ਮਾਨ ਦੇ ਪਿੰਡ ਵਿੱਚ ਹੋਈ ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ "ਜੋ ਸਮਾਜ ਵਿਰੋਧੀ ਅਨਸਰ ਨੇ ਇਹ ਕੰਮ ਕੀਤੇ ਹੈ, ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਸਾਰੇ ਅਫਸਰਾਂ ਨਾਲ ਗੱਲ਼ਬਾਤ ਹੋ ਚੁੱਕੀ ਹੈ। ਇਨ੍ਹਾਂ ਮਾੜੀਆਂ ਹਰਕਤਾਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜੋ ਵੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।"
ਇਸ ਸਬੰਧੀ ਦਿੜਬਾ ਦੇ ਡੀਐੱਸਪੀ ਪ੍ਰਿਥਵੀ ਸਿੰਘ ਚਾਹਲ ਨੇ ਦੱਸਿਆ ਕਿ "ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗੁਰਪਤਵੰਤ ਸਿੰਘ ਪਨੂੰ ਕਹਿ ਰਿਹਾ ਹੈ ਕਿ ਪਿੰਡ ਸਤੌਜ ਦੇ ਸਕੂਲ ਵਿੱਚ ਜੋ ਇਹ ਨਾਅਰੇ ਲਿਖੇ ਗਏ ਹਨ ਅਤੇ ਖਾਲਿਸਤਾਨੀ ਝੰਡਾ ਚੜਾਇਆ ਗਿਆ ਹੈ, ਉਹ ਅਸੀਂ ਕਰਵਾਇਆ ਹੈ। ਪਰ ਸਾਡੀ ਹੁਣ ਤੱਕ ਦੀ ਜੋ ਪੜਤਾਲ ਹੈ ਅਤੇ ਪਿੰਡ ਵਾਸੀਆਂ ਵੱਲੋਂ ਜੋ ਦੱਸਿਆ ਜਾ ਰਿਹਾ ਹੈ, ਇਹੋ ਜਿਹੀ ਕੋਈ ਵੀ ਗੱਲਬਾਤ ਸਾਹਮਣੇ ਨਹੀਂ ਆਈ। ਇਸ ਨੂੰ ਲੈ ਕੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਹਨ, ਜੇਕਰ ਕੋਈ ਇਸ ਤਰ੍ਹਾਂ ਦੀ ਗੱਲਬਾਤ ਸਾਹਮਣੇ ਆਵੇਗੀ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਨੂੰ ਲੈ ਕੇ ਅਸੀਂ ਸਾਰੀਆਂ ਸਰਕਾਰੀ ਬਿਲਡਿੰਗਾਂ ਅਤੇ ਹੋਰ ਜਿਨ੍ਹੀਆਂ ਵੀ ਬਿਲਡਿੰਗਾਂ ਨੇ ਉਨ੍ਹਾਂ ਦੀ ਜਾਂਚ ਕਰ ਰਹੇ ਹਾਂ। ਅਸੀਂ ਸਤੌਜ ਪਿੰਡ ਦੇ ਸਰਪੰਚ ਅਤੇ ਸਾਰੇ ਹੀ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ। ਜੇਕਰ ਕਿਸੇ ਵੀ ਵਿਅਕਤੀ ਨੇ ਇਸ ਤਰ੍ਹਾਂ ਦੀ ਕੋਈ ਹਰਕਤ ਕੀਤੀ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਉਸ ਖਿਲਾਫ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।"