ਗਾ-ਗਾ ਕੇ ਪੜ੍ਹਾਉਂਦੇ ਇਹ 'ਗਾਇਕ' ਅਧਿਆਪਕ, ਇਸੇ ਅੰਦਾਜ ਕਰਕੇ ਕਈ ਵਾਰ ਹੋਏ ਸਨਮਾਨਿਤ, ਮਿਲੋ ਇਸ ਅਧਿਆਪਕ ਨਾਲ...
ਮਿਲੋ ਇਸ 'ਗਾਇਕ' ਮਾਸਟਰ ਕਰਮਜੀਤ ਸਿੰਘ ਗਰੇਵਾਲ ਨਾਲ, ਜੋ ਗਾਉਂਦੇ-ਗਾਉਂਦੇ ਹੀ ਬੱਚਿਆਂ ਨੂੰ ਦੇ ਰਹੇ ਵਿੱਦਿਆ। ਰਹਿ ਚੁੱਕੇ ਨੈਸ਼ਨਲ ਅਤੇ ਸਟੇਟ ਐਵਾਰਡੀ।

Published : September 5, 2025 at 1:42 PM IST
|Updated : September 5, 2025 at 4:14 PM IST
ਲੁਧਿਆਣਾ: ਪੂਰੇ ਵਿਸ਼ਵ ਭਰ ਵਿੱਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਅਧਿਆਪਕ ਨੂੰ ਗੁਰੂ ਦਾ ਦਰਜਾ ਵੀ ਦਿੱਤਾ ਜਾਂਦਾ ਹੈ। ਭਾਰਤ ਵਿੱਚ ਗੁਰੂ ਨੂੰ ਸਰਵ ਉੱਚ ਮੰਨਿਆ ਜਾਂਦਾ ਹੈ। ਕਿਉਂਕਿ, ਦੁਨਿਆਵੀ ਕਦਰਾਂ ਕੀਮਤਾਂ ਦੇ ਨਾਲ ਸਮਾਜਿਕ ਸਿੱਖਿਆ ਅਤੇ ਧਾਰਮਿਕ ਗਿਆਨ ਅਧਿਆਪਕ ਤੋਂ ਹੀ ਮਿਲਦਾ ਹੈ। ਲੁਧਿਆਣਾ ਦੇ ਪਿੰਡ ਖੇੜੀ ਝਮੇੜੀ ਸਰਕਾਰੀ ਹਾਈ ਸਕੂਲ ਦੇ ਅਧਿਆਪਕ ਕਰਮਜੀਤ ਸਿੰਘ ਅਜਿਹੇ ਗੁਰੂਆਂ ਵਿੱਚੋਂ ਇੱਕ ਹਨ, ਜਿਨ੍ਹਾਂ ਦੀਆਂ ਸਿੱਖਿਆਵਾਂ ਨੂੰ ਵਿਦਿਆਰਥੀ ਬੜੇ ਹੀ ਚਾਅ ਦੇ ਨਾਲ ਸਿੱਖਦੇ ਹਨ। ਉਨ੍ਹਾਂ ਦੇ ਪੜਾਉਣ ਦਾ ਅੰਦਾਜ਼ ਵਿਦਿਆਰਥੀ ਸਿਰਫ ਸਕੂਲ ਵਿੱਚ ਹੀ ਨਹੀਂ, ਸਗੋਂ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਪਸੰਦ ਕਰਦੇ ਹਨ।
ਕਦੋਂ ਸ਼ੁਰੂ ਹੋਇਆ ਅਧਿਆਪਕ ਕਰੀਅਰ
ਸਾਲ 1996 ਵਿੱਚ ਬਤੌਰ ਈਟੀਟੀ ਅਧਿਆਪਕ ਆਪਣਾ ਸਫਰ ਸ਼ੁਰੂ ਕਰਨ ਵਾਲੇ ਕਰਮਜੀਤ ਸਿੰਘ ਲੁਧਿਆਣਾ ਦੇ ਪਿੰਡ ਲਲਤੋ ਕਲਾਂ ਦੇ ਰਹਿਣ ਵਾਲੇ ਹਨ। ਸ਼ੁਰੂ ਤੋਂ ਹੀ ਉਹਨਾਂ ਨੂੰ ਗਾਉਣ ਦਾ ਲਿਖਣ ਦਾ ਬਹੁਤ ਸ਼ੌਂਕ ਰਿਹਾ। ਇਸ ਕਰਕੇ ਉਹਨਾਂ ਦੀਆਂ ਰਚਨਾਵਾਂ ਨੂੰ ਕਈ ਸਨਮਾਨ ਮਿਲ ਚੁੱਕੇ ਹਨ।

ਹਾਲਾਂਕਿ, ਉਹ 2035 ਵਿੱਚ ਉਹ ਸੇਵਾ ਮੁਕਤ ਹੋਣਗੇ। ਉਹਨਾਂ ਵੱਲੋਂ ਲਿਖੀ ਪਹਿਲੀ ਪੁਸਤਕ ਨੂੰ 2005 ਵਿੱਚ ਕੌਮੀ ਬੈਸਟ ਬਾਲ ਪੁਸਤਕ ਐਵਾਰਡ ਮਿਲਿਆ ਸੀ। ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਉਹਨਾਂ ਨੇ ਅਹਿਮ ਯੋਗਦਾਨ ਪਾਇਆ ਹੈ।
ਕਰਮਜੀਤ ਸਿੰਘ ਦੀਆਂ ਰਚਨਾਵਾਂ
ਕਰਮਜੀਤ ਸਿੰਘ ਵਿਦਿਆ ਵੰਡਣ ਦੇ ਨਾਲ-ਨਾਲ ਰਚਨਾਵਾਂ ਵੀ ਸ਼ਲਾਘਾਯੋਗ ਹਨ। ਉਨ੍ਹਾਂ ਦੀਆਂ ਕੁਝ ਰਚਨਾਵਾਂ-ਛੱਡ ਕੇ ਸਕੂਲ ਮੈਨੂੰ ਆ, ਫੁੱਲਾਂ ਵਾਲੀ ਕਾਪੀ, ਪੜਨ ਵਾਲੀ ਦਵਾਈ, ਜਹਾਜ਼ ਦੇ ਝੂਟੇ, ਦਿਸ਼ਾ ਕਿਰਤ ਦੇ ਬਣੋ ਪੁਜਾਰੀ, ਧਰਤੀ ਦੀ ਪੁਕਾਰ, ਗਾਈਏ ਗੀਤ, ਪਿਆਰੇ ਬੱਚਿਓ ਅਤੇ ਨਵੀਂ ਸੋਚ ਹਨ।

ਹੋਰ ਵੀ ਖਾਸ ਗੱਲ ਇਹ ਹੈ ਕਿ ਦੱਸ ਭਾਸ਼ਾਵਾਂ ਤਮਿਲ, ਬੰਗਲਾ, ਗੁਜਰਾਤੀ, ਮਰਾਠੀ, ਕੌਂਕਣੀ, ਡੋਗਰੀ, ਹਿੰਦੀ, ਪੰਜਾਬੀ, ਕੰਨੜ, ਬੰਗਾਲੀ ਅਤੇ ਅਸਾਮੀ ਵਿੱਚ ਬਾਲ ਗੀਤ ਵੀ ਲਿਖੇ ਹਨ।
ਮੈਂ ਆਪਣੇ ਗੁਰੂ ਤੋਂ ਹਮੇਸ਼ਾ ਇਹ ਸਿੱਖਿਆ ਹੈ ਕਿ ਜਦੋਂ ਤੱਕ ਤੁਸੀਂ ਖੁਦ ਬੱਚਿਆਂ ਦੇ ਨਾਲ ਦੋਸਤ ਬਣ ਕੇ ਉਹਨਾਂ ਦੇ ਮਤਾ ਪਿਤਾ ਬਣ ਕੇ ਉਹਨਾਂ ਦੇ ਭਰਾ ਬਣ ਕੇ ਉਹਨਾਂ ਨੂੰ ਸਿੱਖਿਆ ਨਹੀਂ ਦਿੰਦੇ ਉਦੋਂ ਤੱਕ ਤੁਹਾਡਾ ਸਿੱਖਿਆ ਦੇਣ ਦਾ ਕੋਈ ਫਾਇਦਾ ਨਹੀਂ।
- ਕਰਮਜੀਤ ਸਿੰਘ, ਅਧਿਆਪਕ, ਨੈਸ਼ਨਲ ਐਵਾਰਡੀ

ਕਰਮਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਨੂੰ ਗਾ-ਗਾ ਕੇ ਉਹ ਸਿੱਖਿਆ ਦੇਣ। ਇਸ ਨਾਲ ਉਹ ਪੜਦੇ ਹੀ ਨਹੀਂ, ਸਗੋਂ ਸੁਣਦੇ ਵੀ ਹਨ।

ਕਰਮਜੀਤ ਨੂੰ ਬੱਚੇ ਸੋਸ਼ਲ ਮੀਡੀਆ ਉੱਤੇ ਵੀ ਦੇਖਦੇ
ਕਰਮਜੀਤ ਸਿੰਘ ਦੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਫੈਨ ਫੋਲੋਇੰਗ ਹੈ। ਉਹਨਾਂ ਦੀਆਂ ਕੁਝ ਵੀਡੀਓਜ਼ ਉੱਤੇ ਲੱਖਾਂ ਹੀ ਵਿਊਜ਼ ਹਨ। ਉਹਨਾਂ ਦੇ ਸੋਸ਼ਲ ਮੀਡੀਆ ਉੱਤੇ ਲਗਭਗ 24000 ਦੇ ਕਰੀਬ ਸਬਸਕ੍ਰਾਈਬਰ ਹਨ। ਇਸ ਤੋਂ ਇਲਾਵਾ ਹੁਣ ਤੱਕ ਉਹ 1200 ਤੋਂ ਵੱਧ ਵੀਡੀਓ ਸੋਸ਼ਲ ਮੀਡੀਆ ਉੱਤੇ ਆਪਣੀ ਸਿੱਖਿਆ ਨਾਲ ਸੰਬੰਧਿਤ ਅਪਲੋਡ ਕਰ ਚੁੱਕੇ ਹਨ।

ਕਈ ਐਵਾਰਡ ਹਾਸਿਲ ਕਰ ਚੁੱਕੇ ਕਰਮਜੀਤ ਸਿੰਘ
ਅਧਿਆਪਕ ਕਰਮਜੀਤ ਸਿੰਘ ਨੇ ਵੱਲੋਂ ਨਿਵੇਕਲੇ ਬੱਚਿਆਂ ਨੂੰ ਪੜ੍ਹਾਉਣ ਦੇ ਤਰੀਕੇ ਦੇ ਕਰਕੇ ਉਹਨਾਂ ਨੂੰ ਹੁਣ ਤੱਕ ਸਨਮਾਨ ਮਿਲ ਚੁੱਕੇ ਹਨ। ਉਹਨਾਂ ਦੇ ਕਮਰੇ ਵਿੱਚ ਸੈਂਕੜੇ ਸਨਮਾਨ ਹਨ, ਜੋ ਉਨਾਂ ਦੀ ਮਿਹਨਤ ਦੀ ਗਵਾਹੀ ਭਰਦੇ ਹਨ।

ਮੇਰਾ ਟੀਚਾ ਹੈ ਕਿ ਪੰਜਾਬੀ ਭਾਸ਼ਾ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾ ਸਕੇ, ਕਿਉਂਕਿ ਸਾਡੀ ਪੀੜੀ ਪੰਜਾਬੀ ਭਾਸ਼ਾ ਤੋਂ ਦੂਰ ਹੁੰਦੀ ਜਾ ਰਹੀ ਹੈ। ਇਹ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਵਿਸ਼ੇ ਵਜੋਂ ਬਹੁਤ ਲੇਟ ਪੜ੍ਹਾਈ ਜਾਂਦੀ ਹੈ, ਪਰ ਉਦੋਂ ਤੱਕ ਬੱਚਾ ਵੱਡਾ ਹੋ ਜਾਂਦਾ ਹੈ। ਬੱਚੇ ਦਾ ਮੁੱਢ ਬਣਾਉਣ ਲਈ ਪੰਜਾਬੀ ਭਾਸ਼ਾ ਬਹੁਤ ਜਰੂਰੀ ਹੈ। ਜਿਸ ਨਾਲ ਉਹ ਸ਼ੁਰੂ ਤੋਂ ਹੀ ਪੰਜਾਬੀ ਭਾਸ਼ਾ ਨਾਲ ਜੁੜ ਜਾਂਦਾ।
- ਕਰਮਜੀਤ ਸਿੰਘ, ਅਧਿਆਪਕ, ਨੈਸ਼ਨਲ ਐਵਾਰਡੀ

ਗਣਿਤ ਦੇ ਪਹਾੜਿਆਂ ਤੋਂ ਲੈ ਕੇ ਊੜਾ-ਐੜਾ ਪੜਾਉਣ ਦਾ ਤਰੀਕਾ ਲਾਜਵਾਬ
ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਸਮਾਜਿਕ ਗਿਆਨ ਵਿਗਿਆਨ ਅਤੇ ਹੋਰ ਵਿਸ਼ੇ ਦੇ ਵਿੱਚ ਵੀ ਕਈ ਵੀਡੀਓਜ਼ ਬਣਾਈਆਂ ਹਨ। ਗਣਿਤ ਦੇ ਪਹਾੜਿਆਂ ਦੀ ਵੀਡੀਓ ਵੀ ਉਹਨਾਂ ਦੀ ਕਾਫੀ ਪਸੰਦ ਕੀਤੀ ਗਈ ਹੈ।

ਉਹਨਾਂ ਦੀ ਵਰਨਮਾਲਾ ਦੀ ਵੀਡੀਓਜ਼ ਨੂੰ ਅਮੇਰੀਕਨ ਇੰਡੀਆ ਫਾਊਂਡੇਸ਼ਨ ਟਰੱਸਟ ਵੱਲੋਂ ਪਹਿਲਾ ਪੁਰਸਕਾਰ ਦਿੱਤਾ ਗਿਆ ਸੀ। ਉਹ ਬੱਚਿਆਂ ਨੂੰ ਊੜਾ-ਐੜਾ ਵੀ ਬੇਹੱਦ ਹੀ ਸੁਰੀਲੇ ਢੰਗ ਨਾਲ ਪੜ੍ਹਾਉਂਦੇ ਤੇ ਸਿਖਾਉਂਦੇ ਹਨ।

ਪੰਜਾਬ ਦੇ ਸੀਐਮ ਤੋਂ ਲੈ ਕੇ ਦੇਸ਼ ਦੇ ਸਾਬਕਾ ਪੀਐਮ ਕਰ ਚੁੱਕੇ ਸਨਮਾਨਿਤ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ, ਪੰਜਾਬ ਦੇ ਗਵਰਨਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਵੀ ਉਹਨਾਂ ਨੂੰ ਸਨਮਾਨਿਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੀ ਸਨਮਾਨਿਤ ਕਰ ਚੁੱਕੇ ਹਨ।

ਅਧਿਆਪਕ ਦਿਵਸ ਮੌਕੇ ਵੀ ਗਾ ਕੇ ਸੰਦੇਸ਼
ਅਧਿਆਪਕ ਦਿਵਸ ਮੌਕੇ ਵੀ ਕਰਮਜੀਤ ਨੇ ਬੱਚਿਆਂ ਨੂੰ ਇਹੀ ਗਾ ਕੇ ਸੁਨੇਹਾ ਦਿੱਤਾ ਹੈ ਕਿ ਵੱਧ ਤੋਂ ਵੱਧ ਗਿਆਨ ਲਵੋ ਅਤੇ ਗਿਆਨ ਵੰਡੋ, ਜੋ ਤਾਉਮਰ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੀ ਸਾਰੀ ਉਮਰ ਕੰਮ ਆਉਂਦਾ ਹੈ। ਉਹ ਸਿਰਫ ਆਪਣੇ ਸਕੂਲ ਤੱਕ ਸੀਮਿਤ ਨਹੀਂ ਹਨ, ਸਗੋਂ ਉਹ ਮੋਟੀਵੇਸ਼ਨ ਦੇ ਤੌਰ ਉੱਤੇ ਸਪੀਕਰ ਵਜੋਂ ਵੱਖ ਵੱਖ ਪਲੇਟਫਾਰਮ ਉੱਤੇ ਜਾ ਕੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹਨ, ਉਹਨਾਂ ਨੂੰ ਸਿੱਖਿਆ ਦਿੰਦੇ ਹਨ ਅਤੇ ਹੋਰ ਸਕੂਲਾਂ ਵਿੱਚ ਕੈਂਪ ਲਗਾਉਂਦੇ ਹਨ।

