ਮੋਗਾ: ਸੂਬੇ ਵਿੱਚ ਲਗਾਤਾਰ ਠੱਗ ਟ੍ਰੈਵਲ ਏਜੰਟਾਂ ਉੱਤੇ ਸ਼ਿਕੰਜਾ ਕਸਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਬਾਵਜੂਦ ਇਸ ਦੇ ਠੱਗ ਏਜੰਟ ਕਿਸੇ ਨਾ ਕਿਸੇ ਨਾਲ ਧੋਖਾਧੜੀ ਕਰ ਹੀ ਜਾਂਦੇ ਹਨ। ਅਜਿਹਾ ਹੀ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਵਿੱਚੋਂ ਸਾਹਮਣੇ ਆਇਆ ਹੈ, ਜਿਥੇ ਇੱਕ ਨੌਜਵਾਨ ਕਬੱਡੀ ਖਿਡਾਰੀ ਲਖਬੀਰ ਸਿੰਘ ਨੇ ਏਜੰਟ ਦੀ ਠੱਗੀ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਲਖਬੀਰ ਸਿੰਘ ਨੇ ਵਿਦੇਸ਼ ਜਾਣ ਦੀ ਉਮੀਦ ’ਚ ਪਿੰਡ ਦੇ ਹੀ ਕੁਝ ਲੋਕਾਂ ਨੂੰ 25 ਲੱਖ ਰੁਪਏ ਦਿੱਤੇ ਸਨ ਪਰ ਨਾ ਤਾਂ ਉਹ ਵਿਦੇਸ਼ ਜਾ ਸਕਿਆ ਅਤੇ ਨਾ ਹੀ ਪੈਸੇ ਵਾਪਸ ਮਿਲੇ।
ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਅਨਵਰ ਅਲੀ ਨੇ ਦੱਸਿਆ ਕਿ '14 ਮਈ ਨੂੰ ਕਬੱਡੀ ਖਿਡਾਰੀ ਨੇ ਜ਼ਹਿਰੀਲੀ ਚੀਜ਼ ਖਾ ਕੇ ਜਾਨ ਦੇ ਦਿੱਤੀ, ਜਿਸ ਦੀ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮ੍ਰਿਤਕ ਦੀ ਪਤਨੀ ਬੇਅੰਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਨਾਮਜਦ ਮੁਲਜ਼ਮਾਂ ਖ਼ਿਲਾਫ ਐੱਫਆਈਆਰ ਨੰਬਰ 77 ਅਧੀਨ ਭਾਰਤੀ ਨਿਆਂ ਸੰਹਿਤਾ ਦੀ ਧਾਰਾ 108 ਅਤੇ 318 ਬੀ ਐਨ ਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।'

ਪੁਲਿਸ ਅਧਿਕਾਰੀ ਅਨਵਰ ਅਲੀ ਮੁਤਾਬਕ 'ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਲਖਬੀਰ ਸਿੰਘ ਨੇ ਆਪਣੇ ਹੀ ਪਿੰਡ ਦੇ ਜੁਗਰਾਜ ਸਿੰਘ ਉਰਫ ਰਾਜਾ, ਅਮਰਜੀਤ ਕੌਰ ਅਤੇ ਗੁਰਦੇਵ ਸਿੰਘ ਨੂੰ ਵਿਦੇਸ਼ ਭੇਜਣ ਲਈ 25 ਲੱਖ ਰੁਪਏ ਦਿੱਤੇ ਸਨ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਨਾਂ ਉਹ ਬਾਹਰ ਭੇਜਿਆ ਗਿਆ ਅਤੇ ਨਾਂ ਹੀ ਪੈਸੇ ਵਾਪਸ ਮਿਲੇ। ਇਸੇ ਤੰਗੀ ਕਾਰਨ ਲਖਬੀਰ ਨੇ ਸਲਫਾਸ ਦੀ ਗੋਲੀ ਖਾ ਲਈ। ਮੌਤ ਤੋਂ ਪਹਿਲਾਂ ਲਖਬੀਰ ਨੇ ਇੱਕ ਵੀਡੀਓ ਬਣਾਈ ਜੋ ਹੁਣ ਵਾਇਰਲ ਹੋ ਰਹੀ ਹੈ। ਇਸ ਵਿੱਚ ਉਸ ਨੇ ਆਪਣੇ ਨਾਲ ਹੋਈ ਧੋਖਾਧੜੀ ਦੀ ਪੂਰੀ ਕਹਾਣੀ ਦੱਸੀ ਅਤੇ ਨਿਆਂ ਦੀ ਮੰਗ ਕੀਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਦੋਸ਼ੀਆਂ ਜੁਗਰਾਜ ਸਿੰਘ ਅਤੇ ਅਮਰਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਗੁਰਦੇਵ ਸਿੰਘ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।' ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਕਾਬੂ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ।