ਬਠਿੰਡਾ: ਪੰਜਾਬ ਦਾ ਕਿਸਾਨ ਜਿੱਥੇ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚ ਉਲਝ ਕੇ ਰਹਿ ਗਿਆ ਹੈ, ਉੱਥੇ ਹੀ ਇੱਕ ਅਜਿਹਾ ਸਫਲ ਕਿਸਾਨ ਵੀ ਹੈ ਜਿਸ ਦੀ ਚਰਚਾ ਪੂਰੇ ਦੇਸ਼ ਵਿੱਚ ਹੋ ਰਹੀ ਹੈ। ਫਸਲੀ ਭਿੰਨਤਾ ਅਪਣਾਉਂਦੇ ਹੋਏ ਬਠਿੰਡਾ ਦੇ ਪਿੰਡ ਮੰਡੀ ਕਲਾਂ ਦੇ ਰਹਿਣ ਵਾਲੇ ਜਗਤਾਰ ਸਿੰਘ ਵੱਲੋਂ ਜਿੱਥੇ ਸ਼ਾਇਦ ਦੀ ਮੱਖੀ ਤੋਂ ਤਿਆਰ ਕੀਤੇ ਗਏ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਤਿਆਰ ਕੀਤੇ। ਉੱਥੇ ਹੀ ਆਰਗੈਨਿਕ ਹਲਦੀ, ਗੰਨਾ ਅਤੇ ਮੋਟੇ ਅਨਾਜ ਦੀ ਪੈਦਾਵਾਰ ਕਰਕੇ ਲੱਖਾਂ ਦਾ ਮੁਨਾਫਾ ਕਮਾਇਆ ਜਾ ਰਿਹਾ ਹੈ। ਜਗਤਾਰ ਸਿੰਘ ਵੱਲੋਂ ਆਪਣੇ ਤਿਆਰ ਕੀਤੇ ਗਏ ਪ੍ਰੋਡਕਟਾਂ ਦੀ ਸੇਲ ਆਪ ਕੀਤੀ ਜਾਂਦੀ ਹੈ ਅਤੇ ਉਸ ਵੱਲੋਂ ਇਹ ਆਪਣੀ ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਰਾਹੀਂ ਦੇਸ਼ ਵਿਦੇਸ਼ ਵਿੱਚ ਭੇਜੇ ਜਾ ਰਹੇ ਹਨ।
ਸ਼ਹਿਦ ਦੇ ਸੱਤ ਤਰ੍ਹਾਂ ਦੇ ਪ੍ਰੋਡਕਟ
ਇਸ ਮੌਕੇ ਗੱਲਬਾਤ ਦੌਰਾਨ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕਰੀਬ ਦੋ ਦਹਾਕੇ ਪਹਿਲਾਂ ਮਧੂ ਮੱਖੀ ਤੋਂ ਤਿਆਰ ਸ਼ਹਿਦ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ ਸੀ। ਸ਼ੁਰੂ-ਸ਼ੁਰੂ ਵਿੱਚ ਪਿੰਡ ਦੇ ਲੋਕਾਂ ਵੱਲੋਂ ਉਨ੍ਹਾਂ ਦੇ ਇਸ ਕਾਰੋਬਾਰ ਨੂੰ ਲੈ ਕੇ ਕਾਫੀ ਮਜ਼ਾਕ ਉਡਾਇਆ ਗਿਆ ਪਰ ਹੌਲੀ-ਹੌਲੀ ਉਨ੍ਹਾਂ ਦਾ ਇਹ ਤਜ਼ਰਬਾ ਸਫਲ ਹੋਣ ਲੱਗਿਆ। ਉਨ੍ਹਾਂ ਦੱਸਿਆ ਕਿ ਸ਼ਹਿਦ ਇੱਕ ਕੁਦਰਤੀ ਭੋਜਨ ਹੈ, ਜਿਸ ਨੂੰ ਹਰ ਵਿਅਕਤੀ ਆਸਾਨੀ ਨਾਲ ਖਾ ਸਕਦਾ ਹੈ। ਸ਼ਹਿਦ ਦੇ ਵਿੱਚ ਸਾਰੇ ਤੱਤ ਜਿਵੇਂ ਵਿਟਾਮਿਨ, ਕਾਰਬੋਹਾਈਡਰੇਜ, ਖਣਿਜ ਪਦਾਰਥ ਤੇ ਤੇਜ਼ਾਬ ਅਜਾਇਮ ਪ੍ਰੋਟੀਨ ਆਦਿ ਵੱਡੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਸ਼ਹਿਦ ਦੀ ਮੱਕੀ ਸਿਰਫ ਸ਼ਹਿਦ ਹੀ ਨਹੀਂ ਬਣਾਉਂਦੀ ਸਗੋਂ ਬੀ ਪੋਲਨ, ਰਾਇਲ ਜੈਲੀ, ਮੌਮ, ਪ੍ਰੋਪੋਲਿਸ ਅਤੇ ਮਧੂ ਜਹਿਰ ਆਦਿ ਪਦਾਰਥ ਪੈਦਾ ਕਰਦੀ ਹੈ। ਜਿਨ੍ਹਾਂ ਨੂੰ ਇਲਾਜ ਪ੍ਰਣਾਲੀ ਲਈ ਵਰਤਿਆ ਜਾਂਦਾ ਹੈ।

ਪ੍ਰਾਈਵੇਟ ਕੰਪਨੀ ਬਣਾ ਖੁਦ ਵੇਚਦਾ ਪ੍ਰੋਡਕਟ
ਕਿਸਾਨ ਜਗਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਦ ਦੇ ਇਨ੍ਹਾਂ ਵੱਖ-ਵੱਖ ਪ੍ਰੋਡਕਟਾਂ ਨੂੰ ਆਪਣੀ ਪ੍ਰਾਈਵੇਟ ਕੰਪਨੀ ਰਾਹੀਂ ਵੇਚਿਆ ਜਾ ਰਿਹਾ ਹੈ ਅਤੇ ਚੰਗਾ ਮੁਨਾਫਾ ਖੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਧਾਰਨਾ ਹੈ ਕਿ ਜਿਹੜਾ ਸ਼ਹਿਦ ਜੰਮ ਜਾਂਦਾ ਹੈ, ਉਸ ਵਿੱਚ ਖੰਡ ਦੀ ਮਿਲਾਵਟ ਹੁੰਦੀ ਹੈ ਪਰ ਖੇਤੀ ਵਿਗਿਆਨੀਆਂ ਅਨੁਸਾਰ ਸ਼ਹਿਦ ਦਾ ਜੰਮਣਾ ਕੁਦਰਤੀ ਗੁਣ ਹੈ। ਉਨ੍ਹਾਂ ਕਿਹਾ ਕਿ ਸਰਦ ਰੁੱਤ ਦੇ ਸ਼ਹਿਦ ਅਕਸਰ ਜੰਮ ਜਾਂਦੇ ਹਨ, ਜੇਕਰ ਸ਼ਹਿਦ ਵਿੱਚ ਗਲੂਕੋਸ ਤੱਤ ਨਿਰਧਾਰਤ ਮਾਤਰਾ ਤੋਂ ਵੱਧ ਹੋਵੇ ਤਾਂ ਜੰਮਣ ਦੀ ਸੰਭਾਵਨਾ ਰਹਿੰਦੀ ਹੈ। ਕੁਝ ਫਸਲਾਂ ਜਿਵੇਂ ਸਰੋਂ, ਤੋਰੀਆ, ਤਾਰਾਮੀਰਾ ਦੇ ਫੁੱਲਾਂ ਦੇ ਰਸ ਜੋ ਮੱਖੀ ਵੱਲੋਂ ਚੂਸਿਆ ਜਾਂਦਾ ਹੈ ਅਤੇ ਸ਼ਹਿਦ ਤਿਆਰ ਕੀਤਾ ਜਾਂਦਾ ਹੈ। ਉਸ ਵਿੱਚ ਆਮ ਤੌਰ 'ਤੇ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਆਮ ਤੌਰ 'ਤੇ ਵਿਦੇਸ਼ਾਂ ਵਿੱਚ ਜੰਮਿਆ ਹੋਇਆ ਸ਼ਹਿਦ ਹੀ ਵਰਤਿਆ ਜਾਂਦਾ ਹੈ।


ਸ਼ਹਿਦ ਦੇ ਨਾਲ ਕਈ ਆਰਗੈਨਿਕ ਪ੍ਰੋਡਕਟ
ਜਗਤਾਰ ਸਿੰਘ ਨੇ ਦੱਸਿਆ ਕਿ ਉਹ ਸ਼ਹਿਦ ਤੋਂ ਇਲਾਵਾ ਖੇਤੀ ਦਾ ਕੰਮ ਵੀ ਕਰਦੇ ਹਨ, ਜਿਨ੍ਹਾਂ ਨੇ ਆਪਣਾ ਹੀ ਮਾਰਕਾ ਤਿਆਰ ਕੀਤਾ ਹੋਇਆ ਹੈ। ਇਸ ਦੇ ਕੰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕਈ ਮਾਣ ਸਨਮਾਨ ਵੀ ਮਿਲੇ ਹਨ। ਜਗਤਾਰ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਨੂੰ ਸਫਲ ਹੋਣ ਲਈ ਆਪਣਾ ਸਮਾਨ ਖੁਦ ਪੈਦਾ ਕਰਕੇ ਖੁਦ ਪੈਕਿੰਗ ਕਰਕੇ ਵੇਚਣਾ ਪਵੇਗਾ ਤਾਂ ਹੀ ਕਿਸਾਨ ਸਫਲਤਾ ਦੀ ਕੂੰਜੀ ਪ੍ਰਾਪਤ ਕਰ ਸਕਦਾ ਹੈ। ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਅਤੇ ਉਸ ਦਾ ਪੜ੍ਹਾਈ ਕਰਦਾ ਪੁੱਤਰ ਵੀ ਉਸ ਨਾਲ ਖੇਤੀਬਾੜੀ ਅਤੇ ਉਸਦੇ ਕੰਮ ਵਿੱਚ ਮਦਦ ਕਰਦਾ ਹੈ। ਉਨ੍ਹਾਂ ਦੱਸਿਆ ਕਿ ਆਪਣੇ ਪ੍ਰੋਡਕਟਾਂ ਦੀ ਪੈਕਿੰਗ ਲਈ ਉਨ੍ਹਾਂ ਵੱਲੋਂ ਸੈਲਫ-ਹੈਲਪ ਗਰੁੱਪਾਂ ਦੀ ਵੀ ਮਦਦ ਲਈ ਜਾਂਦੀ ਹੈ, ਜਿਸ ਵਿੱਚ ਕਰੀਬ ਇੱਕ ਦਰਜਨ ਲੋਕ ਉਨ੍ਹਾਂ ਦੀ ਮਦਦ ਕਰਦੇ ਹਨ। ਕਿਸਾਨ ਜਗਤਾਰ ਸਿੰਘ ਸ਼ਹਿਦ ਦੇ ਨਾਲ-ਨਾਲ ਖੁਦ ਹੀ ਹਲਦੀ ਅਤੇ ਮੋਟੇ ਅਨਾਜ ਦੀ ਪੈਦਾਵਾਰ ਕਰਕੇ ਉਸ ਨੂੰ ਵੇਚਦਾ ਹੈ।
ਲੋਕਾਂ ਨੂੰ ਭਾਅ ਰਹੇ ਜਗਤਾਰ ਸਿੰਘ ਦੇ ਪ੍ਰੋਡਕਟ
ਉਥੇ ਹੀ ਜਗਤਾਰ ਸਿੰਘ ਪਾਸੋਂ ਸ਼ਹਿਦ ਅਤੇ ਹੋਰ ਤਿਆਰ ਕੀਤੇ ਹੋਏ ਪ੍ਰੋਡਕਟ ਖਰੀਦਣ ਲਈ ਆਏ ਰਕੇਸ਼ ਕੁਮਾਰ ਅਤੇ ਰਾਜਵਿੰਦਰ ਸਿੰਘ ਸਮੀਰ ਨੇ ਕਿਹਾ ਕਿ ਭਾਵੇਂ ਇਹ ਸਮਾਨ ਬਜ਼ਾਰ ਵਿੱਚ ਮਿਲ ਜਾਂਦਾ ਹੈ ਪਰ ਬਜ਼ਾਰ ਵਿਚਲੇ ਸਮਾਨ ਦੀ ਗੁਣਵਤਾ ਅਤੇ ਜਗਤਾਰ ਸਿੰਘ ਵੱਲੋਂ ਤਿਆਰ ਕੀਤੇ ਗਏ ਸਮਾਨ ਦੀ ਗੁਣਵਤਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਵੱਲੋਂ ਕੁਦਰਤੀ ਤਰੀਕੇ ਨਾਲ ਇਹ ਪ੍ਰੋਡਕਟ ਤਿਆਰ ਕੀਤੇ ਗਏ ਹਨ ਅਤੇ ਇਨ੍ਹਾਂ ਦੇ ਸਵਾਦ ਦਾ ਵੀ ਵੱਖਰਾ ਹੀ ਫਰਕ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਰਸਾਇਣ ਅਤੇ ਬਿਨਾਂ ਕਿਸੇ ਮਿਲਾਵਟ ਤੋਂ ਤਿਆਰ ਕੀਤੇ ਗਏ ਇਨ੍ਹਾਂ ਪ੍ਰੋਡਕਟਾਂ ਨੂੰ ਉਹ ਆਪਣੀ ਰਸੋਈ ਦਾ ਹਿੱਸਾ ਬਣਾਉਂਦੇ ਹਨ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ।