ਬਠਿੰਡਾ: ਰੁਜ਼ਗਾਰ ਦੀ ਤਲਾਸ਼ ਵਿੱਚ ਪੰਜਾਬ ਦੀ ਜਵਾਨੀ ਲਗਾਤਾਰ ਵਿਦੇਸ਼ ਵੱਲ ਪ੍ਰਵਾਸ ਕਰ ਰਹੀ ਹੈ। ਵਿਦੇਸ਼ ਦੇ ਵਿੱਚ ਹੱਡਤੋੜ ਮਿਹਨਤ ਕਰ ਰਹੇ ਪੰਜਾਬੀਆਂ ਦੀ ਵੀਡੀਓ ਦੇਖਕੇ ਪ੍ਰਭਾਵਿਤ ਹੋ ਬਠਿੰਡਾ ਦੇ ਪਿੰਡ ਕੋਟਫੱਤਾ ਦੇ ਰਹਿਣ ਵਾਲੇ ਜਗਦੀਪ ਸਿੰਘ ਵੱਲੋਂ ਆਪਣਾ ਫਾਸਟ ਫੂਡ ਦਾ ਕੰਮ ਕਰਨ ਦਾ ਮਨ ਬਣਾ ਲਿਆ ਗਿਆ। ਭਾਵੇਂ ਜਗਦੀਪ ਸਿੰਘ ਦੀ ਪਤਨੀ ਕਰੀਬ ਇੱਕ ਸਾਲ ਪਹਿਲਾਂ ਕੈਨੇਡਾ ਪੜਾਈ ਦੇ ਵੀਜੇ 'ਤੇ ਗਈ ਸੀ ਪਰ ਹੁਣ ਜਗਦੀਪ ਸਿੰਘ ਨੇ ਫਾਸਟ ਫੂਡ ਦਾ ਕੰਮ ਕਰਨ ਉਪਰੰਤ ਆਪਣੀ ਪਤਨੀ ਨੂੰ ਭਾਰਤ ਵਾਪਸ ਬੁਲਾਉਣ ਦਾ ਮਨ ਬਣਾ ਲਿਆ ਹੈ।
ਸ਼ੌਂਕ ਨੂੰ ਕਾਰੋਬਾਰ ਵਿੱਚ ਬਦਲਣ ਦਾ ਮਨ ਬਣਾਇਆ
ਜਗਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ, 'ਉਸ ਨੂੰ ਬਚਪਨ ਤੋਂ ਹੀ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣ ਦਾ ਸ਼ੌਂਕ ਸੀ। ਆਪਣੇ ਸ਼ੌਂਕ ਨੂੰ ਕਾਰੋਬਾਰ ਵਿੱਚ ਬਦਲਣ ਦਾ ਮਨ ਬਣਾਇਆ ਗਿਆ। ਭਾਵੇਂ ਉਸ ਦੀ ਪਤਨੀ ਕੈਨੇਡਾ ਪੜਾਈ ਦੇ ਵੀਜੇ 'ਤੇ ਗਈ ਸੀ ਅਤੇ ਉਸ ਦੀ ਕੈਨੇਡਾ ਜਾਣ ਦੀ ਫਾਈਲ ਲੱਗੀ ਹੋਈ ਸੀ ਪਰ ਉਸ ਵੱਲੋਂ ਭਾਰਤ ਵਿੱਚ ਹੀ ਰਹਿ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਨਵੀਂ ਗੱਡੀ ਲਈ ਗਈ ਅਤੇ ਉਸ ਗੱਡੀ ਵਿੱਚ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ ਗਿਆ। ਅੱਜ ਉਸ ਦਾ ਕਾਰੋਬਾਰ ਵਧੀਆ ਚੱਲ ਰਿਹਾ ਹੈ।'
ਆਪਣੇ ਸ਼ੌਂਕ ਨੂੰ ਬਣਾਇਆ ਕਾਰੋਬਾਰ
ਜਗਦੀਪ ਸਿੰਘ ਨੇ ਪੰਜਾਬੀਆਂ ਪ੍ਰਤੀ ਇੱਕ ਗਿਲਾ ਜਾਹਿਰ ਕਰਦੇ ਹੋਏ ਕਿਹਾ ਕਿ ਪੰਜਾਬੀ ਲੋਕ ਪੰਜਾਬੀ ਦਾ ਸਾਥ ਨਹੀਂ ਦਿੰਦੇ, ਜਿਸ ਕਾਰਨ ਬਹੁਤੇ ਪੰਜਾਬੀ ਕਾਰੋਬਾਰ ਵਿੱਚ ਸਫਲ ਨਹੀਂ ਹੋ ਰਹੇ। ਜੇਕਰ ਪੰਜਾਬ ਵਿੱਚ ਰਹਿ ਰਹੇ ਲੋਕ ਪੰਜਾਬੀਆਂ ਦਾ ਸਾਥ ਦੇਣ ਤਾਂ ਕੰਮ ਕੋਈ ਵੀ ਨਹੀਂ ਮਾੜਾ, ਪੰਜਾਬੀ ਹਰ ਕੰਮ ਵਿੱਚ ਅੱਗੇ ਹੋਣਗੇ। ਪੰਜਾਬੀਆਂ ਨੂੰ ਇਹ ਗੱਲ ਛੱਡ ਦੇਣੀ ਚਾਹੀਦੀ ਹੈ ਕਿ ਲੋਕ ਕੀ ਕਹਿਣਗੇ। ਸ਼ੁਰੂ-ਸ਼ੁਰੂ ਵਿੱਚ ਉਸ ਨੂੰ ਵੀ ਕੁਝ ਲੋਕਾਂ ਵੱਲੋਂ ਕਿਹਾ ਗਿਆ ਕਿ ਹੁਣ ਪੜ੍ਹ ਲਿਖ ਕੇ ਕਿਹੜੇ ਚੱਕਰਾਂ ਵਿੱਚ ਪੈ ਗਿਆ ਹੈ। ਪਰ ਉਸ ਨੇ ਆਪਣੇ ਸ਼ੌਂਕ ਨੂੰ ਕਾਰੋਬਾਰ ਬਣਾਇਆ ਹੈ ਅਤੇ ਅੱਜ ਉਸ ਦਾ ਕਾਰੋਬਾਰ ਵਧੀਆ ਚੱਲ ਰਿਹਾ ਹੈ।

ਖਰਚ ਅਤੇ ਕਮਾਈ
ਫਾਸਟ ਫੂਡ ਦਾ ਕੰਮ ਕਰਨ ਲਈ ਲਗਭਗ ਉਸ ਵੱਲੋਂ 9 ਲੱਖ ਰੁਪਏ ਖਰਚ ਕੀਤਾ ਗਿਆ ਹੈ ਅਤੇ ਰੋਜ਼ਾਨਾ ਉਸ ਨੂੰ 1 ਹਜ਼ਾਰ ਤੋਂ 1500 ਦੀ ਆਮਦਨ ਹੋ ਰਹੀ ਹੈ ਅਤੇ ਉਸ ਵੱਲੋਂ ਦੋ ਨੌਜਵਾਨਾਂ ਨੂੰ ਰੁਜ਼ਗਾਰ ਵੀ ਦਿੱਤਾ ਗਿਆ ਹੈ ਅਤੇ ਕੰਮ ਵੀ ਸਿਖਾਇਆ ਜਾ ਰਿਹਾ ਹੈ। ਲੋਕ ਸਾਫ ਸੁਥਰਾ ਅਤੇ ਵੱਖ-ਵੱਖ ਤਰ੍ਹਾਂ ਦਾ ਸੁਆਦ ਫਾਸਟ ਫੂਡ ਖਾਣ ਲਈ ਉਸ ਕੋਲ ਆਉਂਦੇ ਹਨ ਅਤੇ ਉਸ ਦੀ ਇਸ ਮਿਹਨਤ ਦੀ ਸ਼ਲਾਘਾ ਕਰਦੇ ਹਨ। ਜਿਸ ਕਾਰਨ ਇਕ ਆਤਮ ਸੰਤੁਸ਼ਟੀ ਮਿਲਦੀ ਹੈ। ਸਤੰਬਰ ਵਿੱਚ ਉਸ ਦੀ ਪਤਨੀ ਦੀ ਪੜਾਈ ਖਤਮ ਹੋ ਰਹੀ ਹੈ ਪਰ ਉਸ ਨੇ ਮਨ ਬਣਾਇਆ ਹੈ ਕਿ ਉਹ ਆਪਣੀ ਪਤਨੀ ਨੂੰ ਮੁੜ ਵਾਪਸ ਭਾਰਤ ਬੁਲਾਏਗਾ ਅਤੇ ਇਸ ਕਾਰੋਬਾਰ ਨਾਲ ਜੋੜੇਗਾ। ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਲੱਖਾਂ ਰੁਪਏ ਲਾ ਕੇ ਵਿਦੇਸ਼ ਜਾਣ ਨਾਲੋਂ ਭਾਰਤ ਵਿੱਚ ਰਹਿ ਕੇ ਕੰਮ ਕਰੋ। ਆਪਣੇ ਅਤੇ ਆਪਣੇ ਦੇਸ਼ ਦੀ ਤਰੱਕੀ ਵਿੱਚ ਬਣਦਾ ਯੋਗਦਾਨ ਪਾਓ।

ਨੌਜਵਾਨਾਂ ਦੀ ਸਪੋਰਟ
ਜਗਦੀਪ ਸਿੰਘ ਕੋਲ ਫਾਸਟ ਫੂਡ ਖਾਣ ਪਹੁੰਚੇ ਹਰਦੀਪ ਸਿੰਘ ਵਾਸੀ ਤਲਵੰਡੀ ਸਾਬੋ ਨੇ ਕਿਹਾ ਕਿ ਉਹ ਬਠਿੰਡਾ ਕਿਸੇ ਘਰੇਲੂ ਕੰਮ ਲਈ ਆਏ ਸਨ। ਸਾਫ ਸੁਥਰਾ ਮਹੌਲ ਦੇਖ ਕੇ ਉਸ ਵੱਲੋਂ ਜਗਦੀਪ ਸਿੰਘ ਕੋਲੋਂ ਫਾਸਟ ਫੂਡ ਖਾਧਾ ਗਿਆ ਹੈ। ਉਨ੍ਹਾਂ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬੀ ਨੌਜਵਾਨ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਆਪਣਾ ਕਾਰੋਬਾਰ ਕਰ ਰਹੇ ਹਨ। ਜੋ ਕਿ ਮਾਣ ਵਾਲੀ ਗੱਲ ਹੈ ਅਤੇ ਹੋਰਨਾਂ ਲੋਕਾਂ ਨੂੰ ਵੀ ਅਜਿਹੇ ਨੌਜਵਾਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ|