ਸੁਲਤਾਨਪੁਰ ਲੋਧੀ: ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਜਗਦੀਪ ਸਿੰਘ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਘਰ ਵਾਪਸੀ ਹੋਈ ਹੈ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਜਗਦੀਪ ਨੇ ਦੱਸਿਆ ਕਿ ਉਹ ਸਾਲ 2019 ਦੌਰਾਨ ਮਲੇਸ਼ੀਆ ਘੁੰਮਣ ਲਈ ਗਿਆ ਸੀ। ਪਰ ਉਸਦਾ ਵਿਦੇਸ਼ ਘੁੰਮਣ ਜਾਣਾ ਉਸ ਲਈ ਉਸ ਵੇਲੇ ਵੱਡੀ ਮੁਸੀਬਤ ਬਣ ਗਿਆ ਜਦੋਂ ਉੱਥੇ ਪਹੁੰਚਦਿਆਂ ਹੀ ਹਫਤੇ ਬਾਅਦ ਉਸ ਦੇ ਪਿਤਾ ਤੇ ਭਰਾ ਦਾ ਐਕਸੀਡੈਂਟ ਹੋ ਗਿਆ। ਉਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਉਸ ਦਾ ਭਰਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ।
6 ਮਹੀਨਿਆਂ ਦੀ ਹੋਈ ਸਜ਼ਾ
ਜਗਦੀਪ ਨੇ ਦੱਸਿਆ ਕਿ ਇਹਨਾਂ ਹਲਾਤਾਂ ਵਿੱਚ ਉਸਨੂੰ ਕੁੱਝ ਵੀ ਸਮਝ ਨਹੀਂ ਆਇਆ ਅਤੇ ਉਸ ਨੇ ਘਰ ਦੇ ਹਲਾਤਾਂ ਨੂੰ ਦੇਖਦਿਆ ਹੋਇਆ ਇੱਥੇ ਰਹਿਣ ਦਾ ਫੈਸਲਾ ਕੀਤਾ। ਜਿਸ ਤੋਂ ਬਾਅਦ ਉਸਨੇ ਉੱਥੋਂ ਦੀ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਵੀਜ਼ਾ ਵਧਾਉਣ ਲਈ ਉੱਥੇ ਦੇ ਏਜੰਟ ਨੂੰ 2000 ਡਾਲਰ ਦਿੱਤਾ ਸੀ ਪਰ ਉਸਨੂੰ ਉੱਥੇ ਉਸ ਵੇਲੇ ਪਤਾ ਲੱਗਾ ਜਦੋਂ ਉਸਨੂੰ ਉੱਥੇ ਪੁਲਿਸ ਨੇ ਰੈਡ ਦੌਰਾਨ ਫੜ ਲਿਆ ਅਤੇ ਗੈਰਕਾਨੂਨੀ ਤਰੀਕੇ ਨਾਲ ਰਹਿਣ ਕਾਰਣ ਉੱਥੇ 6 ਮਹੀਨਿਆਂ ਦੀ ਸਜ਼ਾ ਸੁਣਾ ਦਿੱਤੀ ਗਈ। ਉਸਨੇ ਦੱਸਿਆ ਕਿ ਇਹ ਹਲਾਤ ਉਸ ਲਈ ਅਜਿਹੇ ਸੀ ਕਿ ਉਸਨੂੰ ਵੀ ਇੱਕ ਵਾਰ ਤਾਂ ਲੱਗਾ ਕਿ ਉਸਦਾ ਸਭ ਕੁੱਝ ਖਤਮ ਹੋ ਗਿਆ ਹੈ। ਉਸਨੇ ਦੱਸਿਆ ਕਿ ਉਸਨੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਪਰਿਵਾਰ ਨਾਲ ਸੰਪਰਕ ਕਰਕੇ ਦੱਸ ਦਿੱਤਾ ਸੀ।
ਭਾਰਤੀ ਦੂਤਾਵਾਸ ਦਾ ਧੰਨਵਾਦ
ਉਸ ਨਾਲ ਪਹੁੰਚੇ ਉਸਦੇ ਭਰਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਬਾਰੇ ਜਾਣਕਾਰੀ ਮਿਲਦਿਆ ਹੀ ਉਨ੍ਹਾਂ ਵੱਲੋਂ ਪ੍ਰਦੀਪ ਸਿੰਘ ਖਾਲਸਾ ਸਮੇਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ 02 ਅਪ੍ਰੈਲ ਨਾਲ ਸੰਪਰਕ ਕੀਤਾ। ਜਿਸਤੇ ਸੰਤ ਸੀਚੇਵਾਲ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਸਦਕਾ ਜਗਦੀਪ 10 ਅਪ੍ਰੈਲ ਨੂੰ ਸਹੀ ਸਲਾਮਤ ਵਾਪਿਸ ਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਕ ਵਿਧਵਾ ਤੇ ਬਜ਼ੁਰਗ ਮਾਂ ਨੂੰ ਉਸਦੇ ਪੁੱਤਰ ਨਾਲ ਮਿਲਾਉਣ ਲਈ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ।