ਬਰਨਾਲਾ: ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਹਰ ਵਰ੍ਹੇ ਕਣਕ ਦੀ ਫ਼ਸਲ ਕੁਦਰਤੀ ਅਤੇ ਗੈਰ ਕੁਦਰਤੀ ਅੱਗ ਲੱਗਣ ਕਾਰਨ ਨੁਕਸਾਨ ਹੋ ਜਾਂਦਾ ਹੈ। ਹਜ਼ਾਰਾਂ ਏਕੜ ਕਣਕ ਹਰ ਸਾਲ ਅੱਗ ਦੀ ਭੇਂਟ ਚੜ੍ਹ ਜਾਂਦੀ ਹੈ ਪਰ ਇਸ ਵਾਰ ਬਰਨਾਲਾ ਵਿੱਚ ਫ਼ਾਇਰ ਵਿਭਾਗ ਨੇ ਪਹਿਲਾਂ ਹੀ ਤਿਆਰੀ ਵਿੱਢ ਦਿੱਤੀ ਹੈ। ਬਰਨਾਲਾ ਫਾਇਰ ਸਟੇਸ਼ਨ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਫਾਇਰ ਸਟੇਸ਼ਨ ਵੱਲੋਂ ਤਿੰਨ ਵੱਡੀਆਂ ਗੱਡੀਆਂ, ਇੱਕ ਛੋਟੀ ਗੱਡੀ ਅਤੇ ਇੱਕ ਮੋਟਰਸਾਈਕਲ ਅੱਗ ਬਝਾਉਣ ਲਈ ਤਿਆਰ ਹਨ। ਉਥੇ ਵਿਭਾਗ ਵਲੋਂ ਸ਼ਹਿਰ ਦੇ ਆਬਾਦੀ ਏਰੀਏ ਵਿੱਚੋਂ ਗੱਡੀਆਂ ਬਾਹਰੀ ਇਲਾਕਿਆਂ ਵਿੱਚ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਕਿ ਕਿਸੇ ਵੀ ਜਗ੍ਹਾ ਅੱਗ ਦੀ ਘਟਨਾ ਵਾਪਰਨ ਮੌਕੇ ਤੁਰੰਤ ਫ਼ਾਇਰ ਗੱਡੀਆਂ ਘਟਨਾ ਸਥਾਨ 'ਤੇ ਪਹੁੰਚ ਸਕਣ।
ਅੱਗ 'ਤੇ ਕਾਬੂ ਪਾਉਣ ਲਈ ਖਾਸ ਪ੍ਰਬੰਧ
ਇਸ ਮੌਕੇ ਕਣਕ ਦੀ ਵਾਢੀ ਆਉਣ ਕਾਰਨ ਫਾਇਰ ਬ੍ਰਿਗੇਡ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਮੇਂ ਕਣਕਾਂ ਨੂੰ ਲੱਗਣ ਵਾਲੀ ਅੱਗ 'ਤੇ ਕਾਬੂ ਪਾਉਣ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਦੋ ਫਾਇਰ ਸਟੇਸ਼ਨ ਬਰਨਾਲਾ ਅਤੇ ਤਪਾ ਸਟੇਸ਼ਨ ਹਨ। ਉਨ੍ਹਾਂ ਕਿਹਾ ਕਿ ਤਿੰਨ ਵੱਡੀਆਂ ਗੱਡੀਆਂ, ਇੱਕ ਛੋਟੀ ਗੱਡੀ ਅਤੇ ਇੱਕ ਮੋਟਰਸਾਈਕਲ ਉਨ੍ਹਾਂ ਕੋਲ ਹਨ। ਉਨ੍ਹਾਂ ਕਿਹਾ ਕਿ 50 ਦੇ ਕਰੀਬ ਮੁਲਾਜ਼ਮ ਹਨ, ਇਹਨਾਂ ਮੁਲਾਜ਼ਮਾਂ ਦੀ ਡਿਊਟੀ 24 ਘੰਟੇ ਹੁੰਦੀ ਹੈ ਅਤੇ ਇਹਨਾਂ ਮੁਲਾਜ਼ਮਾਂ ਨੂੰ ਦੋ ਸ਼ਿਫਟਾਂ ਵਿੱਚ ਵੰਡਿਆ ਹੋਇਆ ਹੈ। ਇੱਕ ਗੱਡੀ ਦੇ ਨਾਲ ਛੇ ਮੁਲਾਜ਼ਮ ਅਤੇ ਇੱਕ ਡਰਾਈਵਰ ਪੱਕਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਸੇਫਟੀ ਲਈ ਸਪੈਸ਼ਲ ਵਰਦੀ, ਹੈਲਮਟ ਅਤੇ ਬੂਟ ਦਿੱਤੇ ਗਏ ਹਨ, ਇਸ ਤੋਂ ਇਲਾਵਾ ਫਸਟ-ਏਡ ਕਿੱਟ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਲਈ ਸਾਰਾ ਲੋੜੀਂਦਾ ਸਮਾਨ ਗੱਡੀਆਂ ਵਿੱਚ ਚੈੱਕ ਕਰਕੇ ਹਾਦਸੇ ਵਾਲੀ ਜਗ੍ਹਾ 'ਤੇ ਗੱਡੀ ਭੇਜ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਹੀਕਲਾਂ ਦੀ ਬਹੁਤ ਪਰੇਸ਼ਾਨੀ ਆਉਂਦੀ ਹੈ ਕਿਉਂਕਿ ਲੋਕ ਆਪਣੇ ਵਹੀਕਲ ਸਾਈਡ 'ਤੇ ਪਾਰਕ ਨਹੀਂ ਕਰਦੇ ਤਾਂ ਜੋ ਫਾਇਰ ਬ੍ਰਿਗੇਡ ਦੀ ਟੀਮ ਨੂੰ ਪਹੁੰਚਣ ਵਿੱਚ ਦੇਰੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਕਾਰਨ ਅੱਗ ਜਿਆਦਾ ਭਿਆਨਕ ਲੱਗ ਜਾਂਦੀ ਹੈ ਤਾਂ ਬਾਹਰਲੇ ਸਟੇਸ਼ਨਾਂ ਤੋਂ ਸਹਾਇਤਾ ਲਈ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਟ੍ਰਾਂਸਫਾਰਮਰ ਹੇਠਾਂ ਕਣਕ ਪਹਿਲਾਂ ਵੱਢ ਲੈਣ ਤਾਂ ਜੋ ਸ਼ਾਟ ਸਰਕਿਟ ਕਰਕੇ ਅੱਗ ਲੱਗਣ ਤੋਂ ਬਚਾ ਹੋ ਸਕਦਾ ਹੈ।
ਲੋਕਾਂ ਨੂੰ ਜਾਗਰੂਕ ਕਰਨਾ
ਇਸ ਮੌਕੇ ਇਕਬਾਲ ਸਿੰਘ ਨੇ ਕਿਹਾ ਕਿ "ਜਦੋਂ ਵਾਢੀ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਲਈ ਫਾਈਰ ਸਟੇਸ਼ਨ ਵੱਲੋਂ ਹੰਡਿਆਇਆ, ਸੰਘੇੜਾ, ਬੀ. ਆਰਸੀ ਮਾਲ ਵਿਖੇ ਗੱਡੀਆਂ ਤਹਿਨਾਤ ਕਰ ਦਿੱਤੀਆਂ ਗਈਆਂ ਹਨ। ਟ੍ਰੈਫਿਕ ਜਿਆਦਾ ਹੋਣ ਕਰਕੇ ਗੱਡੀਆਂ ਕੱਢਣ ਨੂੰ ਜਿਆਦਾ ਟਾਈਮ ਲੱਗਦਾ, ਇਸ ਲਈ ਉਹਨਾਂ ਵੱਲੋਂ ਗੱਡੀਆਂ ਪਹਿਲਾਂ ਹੀ ਟ੍ਰੈਫਿਕ ਵਿੱਚੋਂ ਬਾਹਰ ਕੱਢ ਦਿੱਤੀਆਂ ਜਾਂਦੀਆਂ ਹਨ ਅਤੇ ਜਦੋਂ ਕੋਈ ਮੈਸੇਜ ਜਾਂ ਕਾਲ ਅੱਗ ਬੁਝਾਉਣ ਲਈ ਆਉਂਦੀ ਹੈ, ਉਸ ਸਮੇਂ ਗੱਡੀਆਂ ਨੂੰ ਅਲੱਗ ਅਲੱਗ ਏਰੀਏ ਦੇ ਹਿਸਾਬ ਨਾਲ ਭੇਜ ਦਿੱਤਾ ਜਾਂਦਾ ਹੈ।"

ਉਨ੍ਹਾਂ ਕਿਹਾ ਕਿ ਤਿੰਨ ਵੱਡੀਆਂ ਗੱਡੀਆਂ, ਇੱਕ ਛੋਟੀ ਗੱਡੀ ਅਤੇ ਇੱਕ ਫਾਇਰ ਮੋਟਰਸਾਈਕਲ ਹੈ, ਜਿੱਥੇ ਵੱਡੀ ਗੱਡੀ ਲਈ ਰਸਤਾ ਨਹੀਂ ਹੁੰਦਾ, ਉੱਥੇ ਫਾਇਰ ਮੋਟਰਸਾਈਕਲ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਅਤੇ ਤਪਾ ਮੰਡੀ ਦੋ ਫਾਇਰ ਸਟੇਸ਼ਨ ਹਨ। ਚਾਰ ਗੱਡੀਆਂ ਬਰਨਾਲਾ ਵਿੱਚ ਅਤੇ ਤਿੰਨ ਗੱਡੀਆਂ ਤਪਾ ਮੰਡੀ ਵਿੱਚ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਕਿ ਅੱਗ ਲੱਗਣ ਦੇ ਕਾਰਨ ਬਹੁਤ ਘੱਟ ਬਣਨ, ਇਸ ਤਰ੍ਹਾਂ ਲੋਕ ਅੱਗ ਨੂੰ ਲੈ ਕੇ ਜਾਗਰੂਕ ਹੋ ਰਹੇ ਹਨ।
