ਮਾਨਸਾ/ਸ੍ਰੀ ਫਤਹਿਗੜ੍ਹ ਸਾਹਿਬ: ਅੱਜ ਦੇਸ਼ ਸਮੇਤ ਦੁਨੀਆਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਮਾਨਸਾ ਵਿਖੇ ਵੀ ਜ਼ਿਲ੍ਹਾ ਪੱਧਰ 'ਤੇ ਯੋਗ ਦਿਵਸ ਮਨਾਇਆ ਗਿਆ। ਇਸ ਯੋਗ ਦਿਵਸ 'ਤੇ ਜਿੱਥੇ ਸ਼ਹਿਰ ਵਾਸੀਆਂ ਵੱਲੋਂ ਵੱਡੇ ਪੱਧਰ 'ਤੇ ਹਿੱਸਾ ਲਿਆ ਗਿਆ। ਉੱਥੇ ਹੀ ਮਾਨਸਾ ਦੇ ਡਿਪਟੀ ਕਮਿਸ਼ਨਰ ਵਿਧਾਇਕ ਐਸਡੀਐਮ ਅਤੇ ਜ਼ਿਲ੍ਹੇ ਦੇ ਹੋਰ ਅਧਿਕਾਰੀਆਂ ਨੇ ਵੀ ਯੋਗ ਕੀਤਾ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ। ਇਸ ਦੌਰਾਨ ਯੋਗ ਟਰੇਨਰਾਂ ਵੱਲੋਂ ਯੋਗ ਕਰਨ ਦੇ ਨਾਲ-ਨਾਲ ਸਰੀਰ ਨੂੰ ਤੰਦਰੁਸਤ ਰੱਖਣ ਦੇ ਵੀ ਗੁਰ ਦੱਸੇ ਗਏ।
ਇਸ ਮੌਕੇ ਉਨ੍ਹਾਂ ਦੱਸਿਆ ਕਿ 'ਜੇਕਰ ਜ਼ਿਦਗੀ ਵਿੱਚ ਅਸੀਂ ਯੋਗ ਨੂੰ ਰੋਜ਼ਾਨਾ ਕਰਦੇ ਹਾਂ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਲੈਂਦੇ ਹਾਂ, ਸਾਡੇ ਰਿਸ਼ੀਆਂ ਮੁਨੀਆਂ ਨੇ ਵੀ ਯੋਗ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਨਿਰੋਗ ਰੱਖਿਆ ਅਤੇ ਸਰੀਰ ਨੂੰ ਨਿਰੋਗ ਰੱਖਣ ਦੇ ਲਈ ਸਾਡੇ ਕੋਲ ਅੱਜ ਸਿਰਫ ਯੋਗਾ ਹੀ ਇੱਕ ਅਜਿਹਾ ਪਹਿਲੂ ਹੈ। ਜਿਸ ਨਾਲ ਸਰੀਰ ਨੂੰ ਨਿਰੋਗ ਰੱਖ ਸਕਦੇ ਹਾਂ।'
ਵਿਧਾਇਕ ਨੇ ਵੀ ਲੋਕਾਂ ਨੂੰ ਕੀਤਾ ਜਾਗਰੂਕ
ਸਮਾਗਮ ਦੌਰਾਨ ਯੋਗਾ ਵਿੱਚ ਹਿੱਸਾ ਲੈਣ ਪਹੁੰਚੇ ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ 'ਯੋਗ ਦਿਵਸ ਅੱਜ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਸੀਐਮ ਦੀ ਯੋਗਸ਼ਾਲਾ ਦੇ ਅਧੀਨ ਯੋਗਾ ਟਰੇਨਰਾਂ ਨੂੰ ਭਰਤੀ ਕਰਕੇ ਪਿੰਡਾਂ ਅਤੇ ਕਸਬਿਆਂ ਦੇ ਵਿੱਚ ਹਰ ਕਿਸੇ ਵਿਅਕਤੀ ਨੂੰ ਯੋਗ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ। ਯੋਗਾ ਹੀ ਸਾਡੀ ਜ਼ਿੰਦਗੀ ਨੂੰ ਨਿਰੋਗ ਰੱਖ ਸਕਦਾ ਹੈ ਅਤੇ ਯੋਗ ਨੂੰ ਹਰ ਕਿਸੇ ਵਿਅਕਤੀ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਕਿ ਆਪਣੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕੇ।'
ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਸ਼ਾ ਕੇਂਦਰਾਂ 'ਚ ਕਰਵਾਇਆ ਗਿਆ ਯੋਗਾ
ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਰਹਿੰਦ ਦੇ ਬ੍ਰਾਹਮਣ ਮਾਜਰਾ ਵਿਖੇ ਸਥਿਤ ਸਰਕਾਰੀ ਨਸ਼ਾ ਛੁਡਾਉ ਅਤੇ ਮੁੜ ਵਸੇਬਾ ਕੇਂਦਰ ਵਿਖੇ ਅੰਤਰ-ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸ਼ੁਭਮ ਅਗਰਵਾਲ, ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਅਤੇ ਸਿਵਲ ਸਰਜਨ ਦਵਿੰਦਰਜੀਤ ਕੌਰ ਵੀ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਕਿਹਾ ਕਿ 'ਸਹੀ ਜੀਵਨ ਜਿਊਣ ਲਈ ਸਰੀਰ ਦਾ ਤੰਦਰੁਸਤ ਹੋਣਾ ਬਹੁਤ ਹੀ ਜ਼ਰੂਰੀ ਹੈ। ਸਰੀਰਕ ਕਿਰਿਆਵਾਂ ਦੇ ਨਾਲ-ਨਾਲ ਸਾਨੂੰ ਨਸ਼ਾ ਮੁਕਤ ਜੀਵਨ ਜਿਊਣਾ ਚਾਹੀਦਾ ਹੈ ਅਤੇ ਮਨੁੱਖਤਾ ਦੀ ਸੇਵਾ ਲਈ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਾਨੂੰ ਹਰ ਰੋਜ਼ ਯੋਗ ਕਰਨਾ ਚਾਹੀਦਾ ਹੈ ਅਤੇ ਨਸ਼ੇ ਕਰਨ ਵਾਲਿਆਂ ਨੂੰ ਵੀ ਇਸ ਯੋਗ ਦੇ ਰਾਹੀਂ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।'
ਕਪੂਰਥਲਾ 'ਚ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਨੇ ਮਨਾਇਆ ਯੋਗ ਦਿਵਸ
ਇਸ ਮੌਕੇ ਖਾਸ 'ਤੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਵੱਲੋਂ ਸ਼ਿਰਕਤ ਕੀਤੀ ਗਈ।। ਇਸ ਦੌਰਾਨ ਯੋਗਾ ਦੇ ਟਰੇਨਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਯੋਗਾ ਦੀਆਂ ਐਕਸਰਸਾਈਜ਼ ਕਰਵਾਈਆਂ ਗਈਆਂ। ਇਸ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ 'ਯੋਗਾ ਦਾ ਇਨਸਾਨ ਦੀ ਜ਼ਿੰਦਗੀ ਵਿੱਚ ਬਹੁਤ ਹੀ ਵੱਡਾ ਮਹੱਤਵ ਹੈ ਕਿਉਂਕਿ ਇਹ ਸਾਡੀ ਆਤਮਾ ਨੂੰ ਸਿੱਧੇ ਪਰਮਾਤਮਾ ਦੇ ਨਾਲ ਜੋੜਦਾ ਹੈ ਅਤੇ ਸ਼ਰੀਰ ਨੂੰ ਖ਼ਤਰਨਾਕ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਲਈ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਇਸ ਨੂੰ ਅਪਣਾਉਣ ਦੀ ਬੇਹੱਦ ਜਰੂਰਤ ਹੈ। ਇਸ ਦੌਰਾਨ ਸ਼ਹਿਰ ਵਾਸੀਆਂ ਸਮੇਤ ਕਈ ਨਾਮੀ ਹਸਤੀਆਂ ਅਤੇ ਵੱਡੇ ਪੱਧਰ 'ਤੇ ਔਰਤਾਂ ਨੇ ਇਸ ਯੋਗ ਦਿਵਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।