ਰੋਪੜ: ਜਦੋਂ ਕੋਈ ਵੀ ਬੱਚਾ ਆਪਣੀ ਮਿਹਨਤ ਨਾਲ ਬੁਲੰਦੀਆਂ ਨੂੰ ਛੂਹੰਦਾ ਹੈ, ਤਾਂ ਮਾਪਿਆਂ ਦੇ ਨਾਲ-ਨਾਲ ਸੂਬੇ ਨੂੰ ਵੀ ਮਾਣ ਹੁੰਦਾ ਹੈ। ਅਜਿਹਾ ਹੀ ਮਾਣ ਸ੍ਰੀ ਚਮਕੌਰ ਸਾਹਿਬ ਦੇ ਅਧੀਨ ਪੈਂਦੇ ਬੇਲਾ ਕਸਬੇ ਦੇ ਪਿੰਡ ਮੁਜਾਫ਼ਤ ਦੇ ਜਸਵਿੰਦਰਪਾਲ ਸਿੰਘ ਨੇ ਮਹਿਸੂਸ ਕਰਵਾਇਆ ਹੈ। ਦਰਅਸਲ ਜਸਵਿੰਦਰਪਾਲ ਸਿੰਘ ਜਿੰਨਾਂ ਵੱਲੋਂ ਯੂਪੀਐੱਸਸੀ ਦੇ ਅਧੀਨ ਪੈਂਦੇ ਆਈਐੱਸਐੱਸ ਯਾਨੀ ਕਿ ਇੰਡੀਅਨ ਸਟੈਟਿਕਲ ਸਰਵਿਸਿਸ ਦੇ ਪੇਪਰ ਨੂੰ ਕਲੀਅਰ ਕਰਕੇ ਸੂਬੇ ਦਾ ਨਾਂ ਰੌਸ਼ਨ ਕੀਤਾ। ਇੱਥੇ ਖਾਸ ਗੱਲ ਹੈ ਕਿ ਜਸਵਿੰਦਰਪਾਲ ਸਿੰਘ ਇਕਲੌਤੇ ਪੰਜਾਬ ਦੇ ਵਿਦਿਆਰਥੀ ਨੇ ਜਿੰਨਾਂ ਵੱਲੋਂ ਆਈਐੱਸਐੱਸ ਦਾ ਪੇਪਰ ਪਾਸ ਕੀਤਾ ਗਿਆ ਹੈ।
ਜਸਵਿੰਦਰਪਾਲ ਦਾ ਪਿਛੋਕੜ
ਜੇਕਰ ਜਸਵਿੰਦਰਪਾਲ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਇਹ ਕਾਮਯਾਬੀ 3 ਵਾਰੀ 'ਚ ਮਿਲੀ ਹੈ। ਜ਼ਿਕਰਯੋਗ ਹੈ ਕਿ ਪਿੰਡ ਮੁਜਾਫ਼ਤ ਦੇ ਇੱਕ ਨਿੱਜੀ ਸਕੂਲ ਤੋਂ ਆਪਣੇ ਮੁਢਲੀ ਸਿੱਖਿਆ ਪ੍ਰਾਪਤ ਕਰਨ ਮਗਰੋਂ ਸ੍ਰੀ ਫਤਿਹਗੜ੍ਹ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਫੇਰ ਪੋਸਟ ਗ੍ਰੈਜੂਏਸ਼ਨ ਐੱਮਐੱਸਸੀ ਸਟੈਟਿਕ ਪੰਜਾਬ ਯੂਨੀਵਰਸਿਟੀ ਸੈਕਟਰ 14 ਚੰਡੀਗੜ੍ਹ ਤੋਂ ਕੀਤੀ ਅਤੇ ਹੁਣ ਆਈਆਈਟੀ ਰੋਪੜ ਵਿੱਚ ਮੈਥਮੈਟਿਕਸ ਉੱਤੇ ਪੀਐੱਚਡੀ ਕਰ ਰਿਹਾ ਹੈ। ਜਸਵਿੰਦਰਪਾਲ ਸਿੰਘ ਬਹੁਤ ਹੀ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ।
ਹਿਸਾਬ 'ਚ ਸਭ ਤੋਂ ਵੱਧ ਪਸੰਦ
ਜਸਵਿੰਦਰ ਸਿੰਘ ਨੇ ਕਿਹਾ "ਸ਼ੁਰੂਆਤ ਤੋਂ ਹੀ ਹਿਸਾਬ ਦੇ ਵਿਸ਼ੇ ਵਿੱਚ ਜਿਆਦਾ ਰੁਚੀ ਸੀ। ਇਸ ਰੁਚੀ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਵੱਲੋਂ ਲਗਾਤਾਰ ਇਸ ਉੱਤੇ ਧਿਆਨ ਦਿੱਤਾ ਗਿਆ ਅਤੇ ਉਸ ਦਾ ਇਹ ਮੁੱਲ ਅੱਜ ਆਈਐੱਸਐੱਸ ਦਾ ਪੇਪਰ ਪਾਸ ਕਰਕੇ ਮਿਲ ਗਿਆ ਹੈ।"
10 ਸਾਲ ਪਹਿਲਾਂ ਪਿਤਾ ਦੀ ਹੋਈ ਮੌਤ
ਦੂਜੇ ਪਾਸੇ ਜਸਵਿੰਦਰਪਾਲ ਸਿੰਘ ਦੇ ਮਾਤਾ ਜੀ ਦਾ ਕਹਿਣਾ ਹੈ ਕਿ "ਉਸ ਦੇ ਪਿਤਾ ਦੀ ਮੌਤ ਕਰੀਬ 10 ਸਾਲ ਪਹਿਲਾਂ ਹੋ ਗਈ ਸੀ। ਇਸ ਤੋਂ ਬਾਅਦ ਇੰਨ੍ਹਾਂ ਨੇ ਬਹੁਤ ਔਖਾ ਸਮਾਂ ਦੇਖਿਆ ਪਰ ਮੇਰੇ ਪੁੱਤ ਨੇ ਆਪਣੀ ਪੜਾਈ 'ਚ ਕੋਈ ਕਮੀ ਨਹੀਂ ਛੱਡੀ ਗਈ।ਇਸ ਦੇ ਭਰਾ ਨੇ ਵੀ ਹਰ ਮੌਕੇ 'ਤੇ ਜਸਵਿੰਦਰ ਦਾ ਪੂਰਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ, ਜੋ ਮੇਰੇ ਬੱਚੇ ਨੂੰ ਸਕੂਲ ਵੱਲੋਂ ਇੰਨਾਂ ਮਾਣ ਦਿੱਤਾ ਗਿਆ।"
ਪ੍ਰਿੰਸੀਪਲ ਹੋਏ ਭਾਵੁਕ
ਜਸਵਿੰਦਰਪਾਲ ਸਿੰਘ ਦੀ ਕਾਮਯਾਬੀ 'ਤੇ ਜਦੋਂ ਉਸ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਹ ਭਾਵੁਕ ਹੁੰਦੇ ਦਿਖਾਈ ਦਿੱਤੇ। ਪ੍ਰਿੰਸੀਪਲ ਨੇ ਆਖਿਆ ਕਿ ਅੱਜ ਉਨ੍ਹਾਂ ਲਈ ਬਹੁਤ ਖੁਸ਼ੀ ਦਾ ਦਿਨ ਹੈ ਜੋ ਉਹਨਾਂ ਦੇ ਵਿਦਿਆਰਥੀ ਨੇ ਇਹ ਪ੍ਰਾਪਤੀ ਹਾਸਿਲ ਕਰ ਸਕੂਲ ਦਾ ਮਾਣ ਵਧਾਇਆ ਹੈ। ਇਸ ਲਈ ਅੱਜ ਜਸਵਿੰਦਰ ਪਾਲ ਨੂੰ ਸਕੂਲ ਬੁਲਾ ਕੇ ਸਨਮਾਨਿਤ ਕੀਤਾ ਗਿਆ।