ਸ੍ਰੀ ਫ਼ਤਹਿਗੜ੍ਹ ਸਾਹਿਬ: ਗੁਰਪਤਵੰਤ ਸਿੰਘ ਪੰਨੂ ਵੱਲੋਂ ਕੋਈ ਨਾ ਕੋਈ ਵੀਡੀਓ ਜਾਰੀ ਕਰਕੇ ਅਕਸਰ ਹੀ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸੇ ਨੂੰ ਲੈ ਕੇ ਹੁਣ ਰਾਜ ਸਭਾ ਮੈਂਬਰ ਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਆਖਿਆ ਕਿ "ਜੇਕਰ ਗੁਰਪਤਵੰਤ ਸਿੰਘ ਪੰਨੂ ਪੰਜਾਬ ਵਿੱਚ ਖਾਲਿਸਤਾਨ ਚਾਹੁੰਦਾ ਹੈ ਤਾਂ ਉਸ ਨੂੰ ਪੰਜਾਬ ਜ਼ਰੂਰ ਆਉਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਪਤਾ ਲੱਗ ਸਕੇ ਕਿ ਇੱਥੇ ਖਾਲਿਸਤਾਨ ਬਣ ਸਕਦਾ ਹੈ ਜਾਂ ਨਹੀਂ? ਉਨ੍ਹਾਂ ਕਿਹਾ ਕਿ ਗੁਰਪਤਵੰਤ ਪੰਨੂ ਏਜੰਸੀਆਂ ਦਾ ਬੰਦਾ ਹੈ। ਉਹ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਲਈ ਇਹ ਸਭ ਕੁਝ ਕਰ ਰਿਹਾ ਹੈ, ਜਿਸ 'ਤੇ ਭਾਰਤ, ਪੰਜਾਬ ਅਤੇ ਅਮਰੀਕਾ ਦੀ ਸਰਕਾਰਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ।"
ਕਾਨੂੰਨ ਵਿਵਸਥਾ 'ਤੇ ਸਵਾਲ
ਦੂਲੋਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ "ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਆਏ ਦਿਨ ਹੀ ਗ੍ਰੇਨੇਡ ਹਮਲੇ ਹੋ ਰਹੇ ਹਨ। ਇਥੋਂ ਤੱਕ ਕਿ ਪੁਲਿਸ ਸਟੇਸ਼ਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੇ ਦਿਨ ਹੀ ਭਾਜਪਾ ਦੇ ਆਗੂ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰੇਨੇਡ ਹਮਲਾ ਹੋਇਆ। ਪੁਲਿਸ ਕੀ ਕਰ ਰਹੀ ਹੈ ਉਸ 'ਤੇ ਵੀ ਸਵਾਲ ਖੜੇ ਹੁੰਦੇ ਹਨ"।
ਪੰਜਾਬ ਦੇ ਲੋਕ ਸੁਰੱਖਿਅਤ ਨਹੀਂ
ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ ਕਿਉਂਕਿ ਲੁਟੇਰੇ ਹੁਣ ਸੋਨੇ ਦੀਆਂ ਦੁਕਾਨਾਂ ਦੀ ਬਜਾਏ ਕਰਿਆਨੇ ਦੀ ਦੁਕਾਨਾਂ ਨੂੰ ਵੀ ਲੁੱਟਣ ਲੱਗੇ ਹਨ। ਪੰਜਾਬ ਦੀਆਂ ਮਹਿਲਾਵਾਂ ਘਰ ਤੋਂ ਬਾਹਰ ਨਿਕਲਦੇ ਹੋਏ ਡਰ ਰਹੀਆਂ ਨੇ ਕਿਉਂਕਿ ਕੁਝ ਨਹੀਂ ਪਤਾ ਕਦੋਂ ਕੋਈ ਕੰਨਾਂ ਦੀਆਂ ਬਾਲੀਆਂ ਖੋਹ ਕੇ ਲੈ ਜਾਵੇ, ਲੋਕਾਂ ਵਿਚ ਡਰ ਦਾ ਮਾਹੌਲ ਹੈ।
ਪੰਜਾਬ 'ਚ ਨਸ਼ੇ ਦਾ ਬੋਲ-ਬਾਲਾ
ਨਸ਼ੇ ਦੇ ਮੁੱਦੇ ਤੋਂ ਬੋਲਦੇ ਹੋਏ ਦੂਲੋਂ ਨੇ ਕਿਹਾ ਕਿ ਜਿਸ ਸੂਬੇ ਦਾ ਗਵਰਨਰ ਹੀ ਨਸ਼ਿਆਂ ਦੇ ਖਿਲਾਫ ਰੈਲੀਆਂ ਕਰ ਰਿਹਾ ਹੋਵੇ, ਉਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਸੂਬੇ ਦਾ ਕੀ ਹਾਲ ਹੋਵੇਗਾ? ਦੂਲੋਂ ਨੇ ਕਿਹਾ ਕਿ ਅੱਜ ਪੰਜਾਬ ਦੇ ਗਵਰਨਰ ਵੀ ਇਹ ਕਹਿ ਰਹੇ ਹਨ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ। ਪੰਜਾਬ ਪੁਲਿਸ ਲੇਡੀ ਕਾਂਸਟੇਬਲ ਵੀ ਨਸ਼ੇ ਦੇ ਨਾਲ ਗ੍ਰਿਫ਼ਤਾਰ ਕੀਤੀ ਗਈ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਪਤਾ ਹੁੰਦਾ ਹੈ ਕਿ ਨਸ਼ਾ ਕਿੱਥੇ ਵਿਕ ਰਿਹਾ ਹੈ ਜਾਂ ਨਹੀਂ?