ਖੰਨਾ: ਜ਼ਿਲ੍ਹਾ ਲੁਧਿਆਣਾ ਦੇ ਹਲਕਾ ਖੰਨਾ ਦੇ ਮਲੌਦ ਇਲਾਕੇ ਦੇ ਪਿੰਡ ਜੀਰਖ 'ਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਪਤੀ ਨੇ ਆਪਣੀ ਪਤਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਹੱਤਿਆ ਦੀ ਵਜ੍ਹਾ ਪਤੀ ਦੀ ਜੂਏ ਦੀ ਆਦਤ ਬਣੀ, ਜਿਸ ਨੂੰ ਪਤਨੀ ਰੋਜ਼ ਰੋਕਦੀ ਸੀ। ਪਰ ਇਹੀ ਰੋਕਣ-ਟੋਕਣ ਦੀ ਆਦਤ ਉਸ ਨੂੰ ਇੰਨੀ ਬੁਰੀ ਲੱਗੀ ਕਿ ਉਸ ਨੇ ਆਪਣੀ ਜੀਵਨ ਸਾਥਣ ਦੀ ਜਾਨ ਹੀ ਲੈ ਲਈ।
ਜੂਏ ਪਿਛੇ ਪਤਨੀ ਦਾ ਕਤਲ
ਮ੍ਰਿਤਕਾ ਦੀ ਪਹਿਚਾਣ 38 ਸਾਲਾ ਪਰਮਜੀਤ ਕੌਰ ਵਜੋਂ ਹੋਈ ਹੈ। ਪਰਮਜੀਤ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਲੱਗਭਗ 10 ਸਾਲ ਪਹਿਲਾਂ ਪਿੰਡ ਜੀਰਖ ਦੇ ਰਹਿਣ ਵਾਲੇ ਲਖਵੀਰ ਸਿੰਘ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਦੋ ਧੀਆਂ ਹੋਈਆਂ, ਇਕ 6 ਸਾਲ ਦੀ ਤੇ ਦੂਜੀ ਸਿਰਫ਼ ਡੇਢ ਸਾਲ ਦੀ ਹੈ। ਵਿਆਹ ਦੀਆਂ ਖੁਸ਼ੀਆਂ ਓਦੋਂ ਮਿੱਟੀ ਹੋਣ ਲੱਗੀਆਂ ਜਦੋਂ ਲਖਵੀਰ ਸਿੰਘ ਨੂੰ ਜੂਏ ਦੀ ਆਦਤ ਲੱਗ ਗਈ। ਪਰਿਵਾਰਿਕ ਲੋਕਾਂ ਮੁਤਾਬਿਕ ਲਖਵੀਰ ਹਰ ਰੋਜ਼ ਜੂਏ 'ਚ ਪੈਸੇ ਹਾਰਦਾ ਸੀ। ਜੂਏ ਦੀ ਲਤ ਨੇ ਉਸ ਨੂੰ ਇਸ ਕਦਰ ਫੜ ਲਿਆ ਕਿ ਘਰ ਦੇ ਖ਼ਰਚ ਵੀ ਜੂਏ ਵਿਚ ਲਾਉਣ ਲੱਗ ਪਿਆ। ਕਈ ਵਾਰ ਪਰਮਜੀਤ ਨੂੰ ਆਪਣੇ ਪੇਕਿਆਂ ਤੋਂ ਪੈਸੇ ਲੈ ਕੇ ਆਉਣੇ ਪਏ ਤਾਂ ਕਿ ਘਰ ਵਿੱਚ ਸ਼ਾਂਤੀ ਰਹੇ, ਪਰ ਕੋਈ ਲਾਭ ਨਾ ਹੋਇਆ।
ਕਤਲ ਨੂੰ ਖੁਦਕੁਸ਼ੀ ਦਿਖਾਉਣ ਦੀ ਕੋਸ਼ਿਸ਼
ਲਖਵੀਰ ਨੇ ਜੂਏ ਵਿਚ ਲੱਖਾਂ ਰੁਪਏ ਹਾਰ ਦਿੱਤੇ। ਘਰ, ਗਹਿਣੇ, ਇੱਥੋਂ ਤੱਕ ਕਿ ਬਾਈਕ ਵੀ ਗਿਰਵੀ ਰੱਖ ਦਿੱਤੀ। ਪਰਮਜੀਤ ਉਸ ਨੂੰ ਅਕਸਰ ਰੋਕਦੀ ਸੀ ਤੇ ਸਲਾਹ ਦਿੰਦੀ ਸੀ। 2 ਜੂਨ ਨੂੰ ਵੀ ਜਦ ਲਖਵੀਰ ਨੇ ਪੈਸੇ ਮੰਗੇ ਅਤੇ ਪਰਮਜੀਤ ਨੇ ਇਨਕਾਰ ਕਰ ਦਿੱਤਾ, ਤਾਂ ਲਖਵੀਰ ਨੇ ਗੁੱਸੇ ਵਿੱਚ ਆ ਕੇ ਰੱਸੇ ਨਾਲ ਉਸ ਦਾ ਗਲਾ ਘੁੱਟ ਦਿੱਤਾ। ਘਟਨਾ ਤੋਂ ਬਾਅਦ ਲਖਵੀਰ ਨੇ ਲਾਸ਼ ਨੂੰ ਮੰਜ਼ੇ 'ਤੇ ਰਖ ਕੇ ਚਾਦਰ ਨਾਲ ਢੱਕ ਦਿੱਤਾ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਪਰ ਗੁਆਂਢੀਆਂ ਨੂੰ ਕੁਝ ਗਲਤ ਲੱਗਾ, ਜਿਸ ਕਾਰਨ ਉਨ੍ਹਾਂ ਨੇ ਪਰਮਜੀਤ ਦੇ ਪੇਕੇ ਘਰ ਫੋਨ ਕਰ ਦਿੱਤਾ। ਜਦ ਪੇਕੇ ਪਰਿਵਾਰ ਵਾਲੇ ਪਹੁੰਚੇ, ਤਾਂ ਉਨ੍ਹਾਂ ਨੇ ਦੇਖਿਆ ਕਿ ਪਰਮਜੀਤ ਦੇ ਗਲੇ 'ਤੇ ਰੱਸੇ ਦੇ ਡੂੰਘੇ ਨਿਸ਼ਾਨ ਸਨ। ਫੌਰਨ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਪੁਲਿਸ ਨੇ ਕਾਬੂ ਕੀਤਾ ਮੁਲਜ਼ਮ ਪਤੀ
ਉਧਰ ਪਤੀ ਲਖਵੀਰ ਸਿੰਘ ਨੂੰ ਆਪਣੀ ਪਤਨੀ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਡੀਐਸਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੀ ਪਤਨੀ ਦੇ ਨਾਮ 'ਤੇ 3.5 ਲੱਖ ਦਾ ਕਰਜ਼ਾ ਲਿਆ ਸੀ। ਉਹ ਜੂਏ ਵਿੱਚ ਸਾਰੇ ਪੈਸੇ ਹਾਰ ਗਿਆ ਸੀ। ਉਸ ਦੀ ਪਤਨੀ ਉਸ ਨੂੰ ਕਰਜ਼ਾ ਵਾਪਸ ਕਰਨ ਲਈ ਕਹਿੰਦੀ ਸੀ। ਇਸ ਕਾਰਨ 2 ਜੂਨ ਨੂੰ ਝਗੜੇ ਵਿੱਚ ਲਖਵੀਰ ਸਿੰਘ ਨੇ ਉਸ ਦੀ ਹੱਤਿਆ ਕਰ ਦਿੱਤੀ। ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦਿਖਾਉਣ ਲਈ, ਉਸ ਦੇ ਗਲੇ ਵਿੱਚ ਰੱਸੀ ਪਾਈ ਗਈ। ਪਰ ਪੁਲਿਸ ਨੂੰ ਪਹਿਲੀ ਨਜ਼ਰ ਵਿੱਚ ਸ਼ੱਕ ਹੋਇਆ। ਜਦੋਂ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ, ਤਾਂ ਉਸ ਨੇ ਸਵੀਕਾਰ ਕਰ ਲਿਆ ਕਿ ਕਤਲ ਰੱਸੀ ਨਾਲ ਗਲਾ ਘੁੱਟ ਕੇ ਕੀਤਾ ਗਿਆ ਸੀ। ਮੁਲਜ਼ਮ ਨੂੰ ਤਿੰਨ ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ ਹੈ।