ਲੁਧਿਆਣਾ: ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਐਨਰਜੀ ਡਰਿੰਕਸ (Energy drink) ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਖਾਸ ਕਰਕੇ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਹੁਣ ਇਹ ਐਨਰਜੀ ਡਰਿੰਕਸ ਕੰਟੀਨ ਦੇ ਵਿੱਚੋਂ ਉਪਲਬਧ ਨਹੀਂ ਹੋਵੇਗਾ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਇਹ ਐਨਰਜੀ ਡਰਿੰਕਸ ਬੰਦ ਕਰ ਦਿੱਤੇ ਗਏ ਹਨ। ਸਿਹਤ ਮੰਤਰੀ ਵੱਲੋਂ ਇਸ ਸਬੰਧੀ ਬਿਆਨ ਜਾਰੀ ਕੀਤਾ ਗਿਆ ਹੈ। ਸਿਹਤ ਮਹਿਕਮੇ ਅਤੇ ਸਕੂਲ ਦੇ ਪ੍ਰਸ਼ਾਸਨ ਨੂੰ ਵੀ ਇਸ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਗਰਭਵਤੀ ਮਹਿਲਾਵਾਂ ਅਤੇ ਛੋਟੇ ਬੱਚਿਆਂ ਦੇ ਲਈ ਬਹੁਤ ਖਤਰਨਾਕ ਹੈ ਐਨਰਜੀ ਡਰਿੰਕਸ (Energy drink)
ਲੁਧਿਆਣਾ ਦੀ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ "ਐਨਰਜੀ ਡਰਿੰਕਸ (Energy drink) ਗਰਭਵਤੀ ਮਹਿਲਾਵਾਂ ਅਤੇ ਛੋਟੇ ਬੱਚਿਆਂ ਦੇ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਆਦਤ ਵੀ ਲੱਗ ਜਾਂਦੀ ਹੈ। ਵਾਰ-ਵਾਰ ਬੱਚਿਆਂ ਦਾ ਇਸ ਨੂੰ ਪੀਣ ਦਾ ਦਿਲ ਕਰਦਾ ਹੈ ਕਿਉਂਕਿ ਇਸ ਵਿੱਚ ਕੈਫੀਨ ਦੀ ਮਾਤਰਾ ਵਧੇਰੇ ਗਿਣਤੀ ਦੇ ਵਿੱਚ ਹੁੰਦੀ ਹੈ ਅਜਿਹੇ ਦੇ ਵਿੱਚ ਇਸ ਦੀ ਆਦਤ ਪੈ ਜਾਂਦੀ ਹੈ।"
ਐਨਰਜੀ ਡਰਿੰਕਸ (Energy drink) ਵਿੱਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਬੱਚਿਆਂ ਨੂੰ ਲੱਗ ਸਕਦੀਆਂ ਹਨ। ਇਸ ਤੋਂ ਇਲਾਵਾ ਹਾਰਟ ਫੇਲ੍ਹ ਹੋ ਸਕਦਾ ਹੈ। ਇਸ ਨਾਲ ਬੱਚਿਆਂ ਨੂੰ ਨੀਂਦ ਨਹੀਂ ਆਉਂਦੀ ਹੈ। ਸੋਫਟ ਡਰਿੰਕਸ ਦੇ ਵਿੱਚ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਕੈਫੀਨ ਨਹੀਂ ਹੁੰਦੀ ਜਿੰਨੀ ਐਨਰਜੀ ਡਰਿੰਕਸ ਦੇ ਵਿੱਚ ਹੁੰਦੀ ਹੈ। ਇਸੇ ਕਰਕੇ ਛੋਟੇ ਬੱਚਿਆਂ ਦੇ ਲਈ ਇਸ ਦਾ ਕਾਫੀ ਵੱਡਾ ਨੁਕਸਾਨ ਹੈ ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ।- ਡਾਕਟਰ ਅਮਰਜੀਤ ਕੌਰ, ਜ਼ਿਲ੍ਹਾ ਸਿਹਤ ਅਫਸਰ

ਟੀਮਾਂ ਬਣਾ ਚੈਕਿੰਗ ਕਰੇਗਾ ਸਿਹਤ ਵਿਭਾਗ
ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਨੇ ਇਹ ਵੀ ਕਿਹਾ ਕਿ ਸਕੂਲਾਂ ਦੇ ਬਾਹਰ ਅਤੇ ਸਕੂਲਾਂ ਦੇ ਅੰਦਰ ਜਿੱਥੇ ਵੀ ਇਹ ਵੇਚੇ ਜਾਂਦੇ ਹਨ ਇਨ੍ਹਾਂ ਉੱਤੇ ਪਾਬੰਦੀ ਲਾਈ ਜਾ ਰਹੀ ਹੈ। ਇਸ ਸਬੰਧੀ ਵੱਖ-ਵੱਖ ਟੀਮਾਂ ਦਾ ਗਠਨ ਵੀ ਕੀਤਾ ਜਾ ਰਿਹਾ ਹੈ ਜੋ ਸਮੇਂ-ਸਮੇਂ ਸਿਰ ਇਸ ਦੀ ਜਾਂਚ ਕਰਨਗੀਆਂ ਅਤੇ ਇਸ ਸਬੰਧੀ ਛਾਪੇਮਾਰੀ ਵੀ ਕਰਨਗੀਆਂ। ਸਾਡੀਆਂ ਟੀਮਾਂ ਵੱਲੋਂ ਛੋਟੇ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਦੇ ਨੁਕਸਾਨਾਂ ਬਾਰੇ ਸਕੂਲਾਂ ਦੇ ਵਿੱਚ ਦੱਸਿਆ ਜਾਵੇਗਾ ਤਾਂ ਜੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਅੰਦਰ ਬਣੀਆਂ ਕੰਟੀਨਾਂ ਦੇ ਵਿੱਚ ਇਹ ਨਾ ਵੇਚੇ ਜਾ ਸਕਣ। ਸਿਹਤ ਮੰਤਰੀ ਵੱਲੋਂ ਚੁੱਕਿਆ ਗਿਆ ਹੈ ਬਹੁਤ ਹੀ ਚੰਗਾ ਕਦਮ ਹੈ ਇਸ ਦੀ ਲੋੜ ਵੀ ਸੀ। ਇਸ ਕਰਕੇ ਇਸ ਉੱਤੇ ਪਾਬੰਦੀ ਲਗਾਈ ਜਾਣੀ ਲਾਜਮੀ ਸੀ, ਇਸੇ ਕਰਕੇ ਉਨ੍ਹਾਂ ਨੇ ਇਹ ਐਲਾਨ ਕੀਤਾ ਹੈ ਅਤੇ ਇਸ ਦੀ ਪਾਲਣਾ ਕਰਵਾਉਣ ਲਈ ਅਸੀਂ ਯਤਨ ਕਰ ਰਹੇ ਹਾਂ।