ਲੁਧਿਆਣਾ : ਪੰਜਾਬ ਵਿੱਚ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ ਇਸੇ ਕਰਕੇ ਆਈਐਮਡੀ ਨੇ ਆਉਂਦੇ ਤਿੰਨ ਦਿਨ ਤੱਕ ਸੂਬੇ ਦੇ ਵਿੱਚ ਅੱਤ ਦੀ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਨਾਲ ਹੀ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚ ਕੇ ਰਹਿਣ ਲਈ ਹਿਦਾਇਤਾਂ ਵੀ ਦਿੱਤੀਆਂ ਗਈਆਂ ਹਨ।
ਮੌਜੂਦਾ ਤਾਪਮਾਨ 43 ਡਿਗਰੀ ਤੋਂ ਪਾਰ
ਮੌਜੂਦਾ ਤਾਪਮਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਠਿੰਡਾ ਕੱਲ੍ਹ ਸਭ ਤੋਂ ਗਰਮ ਸ਼ਹਿਰ ਪੰਜਾਬ ਦਾ ਰਿਹਾ ਜਿਸ ਦਾ ਤਾਪਮਾਨ 43.9 ਡਿਗਰੀ ਦੇ ਨੇੜੇ ਰਿਹਾ। ਉੱਥੇ ਹੀ ਲੁਧਿਆਣਾ ਦਾ ਤਾਪਮਾਨ ਲਗਭਗ 41 ਡਿਗਰੀ ਚੱਲ ਰਿਹਾ ਹੈ। ਰਾਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਘੱਟ ਤੋਂ ਘੱਟ ਤਾਪਮਾਨ 20 ਤੋਂ 22 ਡਿਗਰੀ ਦੇ ਨੇੜੇ ਹੈ ਜੋ ਕਿ ਆਮ ਨਾਲੋਂ ਜਿਆਦਾ ਹੈ।
ਹੋਰ ਵਧੇਗੀ ਗਰਮੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਗਰਮੀ ਤੋਂ ਕੋਈ ਰਾਹਤ ਦੀ ਉਮੀਦ ਨਹੀਂ ਹੈ, ਸਗੋਂ ਗਰਮੀ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਲਗਭਗ 40 ਡਿਗਰੀ ਤਾਪਮਾਨ ਰਿਹਾ ਹੈ, ਜੋ ਕਿ ਇੱਕ ਅੱਧਾ ਦਿਨ ਹੀ ਸੀ, ਪਰ ਇਸ ਵਾਰ ਲਗਾਤਾਰ ਤਾਪਮਾਨ 41 ਡਿਗਰੀ ਸੈਲਸੀਅਸ ਚੱਲ ਰਿਹਾ ਹੈ।
ਮੀਂਹ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਪ੍ਰੈਲ ਮਹੀਨਾ ਪੂਰੀ ਤਰ੍ਹਾਂ ਸੁੱਕਾ ਰਿਹਾ ਹੈ। ਇੱਕ ਦੋ ਮਿਲੀਮੀਟਰ ਹੀ ਬਾਰਿਸ਼ ਹੋਈ ਹੈ, ਜਦਕਿ 20 ਮਿਲੀਮੀਟਰ ਤੱਕ ਆਮ ਤੌਰ ਉੱਤੇ ਅਪ੍ਰੈਲ ਮਹੀਨੇ ਵਿੱਚ ਬਾਰਿਸ਼ ਹੁੰਦੀ ਹੈ।
ਆਮ ਲੋਕਾਂ ਅਤੇ ਕਿਸਾਨਾਂ ਨੂੰ ਕੀ ਸਲਾਹ
ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਲੋਕਾਂ ਨੂੰ ਇਹੀ ਸਲਾਹ ਦਿੱਤੀ ਹੈ ਕਿ ਖਾਸ ਕਰਕੇ 12 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਜਦੋਂ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ, ਉਦੋਂ ਆਪਣਾ ਖਾਸ ਧਿਆਨ ਰੱਖਣ ਆਪਣੇ ਕੋਲ ਪੀਣ ਵਾਲਾ ਪਾਣੀ ਜਰੂਰ ਨਾਲ ਰੱਖਣ। ਉਨ੍ਹਾਂ ਕਿਹਾ ਕਿ ਆਗਾਮੀ ਝੋਨੇ ਦਾ ਸੀਜ਼ਨ ਵੀ ਸ਼ੁਰੂ ਹੋਣ ਜਾ ਰਿਹਾ ਹੈ ਇਸ ਕਰਕੇ ਕਿਸਾਨ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਜਿਆਦਾ ਗਰਮੀ ਵਿੱਚ ਕੰਮ ਨਾ ਕਰਨ।