ਤੇਜ਼ ਗਰਮੀ ਕਰਕੇ ਵਧਿਆ ਲੂ ਲੱਗਣ ਦਾ ਖ਼ਤਰਾ, ਬੱਚੇ ਹੁੰਦੇ ਵੱਧ ਪ੍ਰਭਾਵਿਤ, ਜਾਣੋ ਕਿਵੇਂ ਕਰੀਏ ਬਚਾਅ
ਇਨੀਂ ਦਿਨੀਂ ਤੇਜ਼ ਗਰਮੀ ਦੇ ਪ੍ਰਕੋਪ ਲੂ ਦਾ ਖ਼ਤਰਾ ਵਧਿਆ। ਇਸ ਦੌਰਾਨ ਬੱਚਿਆਂ ਨੂੰ ਲੂ ਲੱਗਣ ਦਾ ਖਦਸ਼ਾ ਵੱਧ ਜਾਂਦਾ ਹੈ। ਕਿਵੇਂ ਕਰੀਏ ਬਚਾਅ ...

Published : May 23, 2025 at 4:17 PM IST
ਬਠਿੰਡਾ: ਪੰਜਾਬ ਵਿੱਚ ਗਰਮੀ ਨਾਲ ਲੋਕਾਂ ਦਾ ਹਾਲ ਬੇਹਾਲ ਹੋ ਰਿਹਾ ਹੈ। ਖਾਸ ਕਰ ਕੇ ਪੰਜਾਬ ਵਿੱਚ ਸਭ ਤੋਂ ਵੱਧ ਬਠਿੰਡਾ ਗਰਮ ਚੱਲ ਰਿਹਾ ਹੈ। ਮੌਸਮ ਵਿਭਾਗ ਮੁਤਾਬਿਕ ਹੁਣ ਤੱਕ ਬਠਿੰਡਾ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਹੋ ਚੁੱਕਾ ਹੈ। ਇਸ ਤੋਂ ਇਲਾਵਾ ਇੱਥੇ ਲੂ ਚੱਲ ਰਹੀ ਹੈ। ਇਸ ਲੂ ਕਾਰਨ ਬੱਚੇ ਅਤੇ ਬਜ਼ੁਰਗ ਵੱਧ ਪ੍ਰਭਾਵਿਤ ਹੁੰਦੇ ਹਨ। ਗਰਮੀ ਕਾਰਨ ਆਮ ਜਨ ਜੀਵਨ ਜਿੱਥੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਮਨੁੱਖੀ ਜੀਵਨ ਹੀਟਸਟ੍ਰੋਕ (ਲੂ) ਹੁਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ।
ਹੀਟਸਟ੍ਰੋਕ ਤੋਂ ਬਚਣ ਲਈ ਡਾਕਟਰਾਂ ਵੱਲੋਂ 12 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬਾਹਰ ਨਿਕਲਣ ਤੋਂ ਗਰੇਜ਼ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਇਸ ਸਮੇਂ ਤਾਪਮਾਨ ਪੂਰੇ ਸਿਖਰ ਉੱਤੇ ਹੁੰਦਾ ਹੈ ਅਤੇ ਸੂਰਜ ਦੀਆਂ ਸਿੱਧੀਆਂ ਕਿਰਨਾਂ ਮਨੁੱਖੀ ਸਿਹਤ ਉੱਤੇ ਅਸਰ ਪਾਉਂਦੀਆਂ ਹਨ।
ਲੂ ਤੋਂ ਕਿਵੇਂ ਬਚਣਾ ਹੈ ਜਾਂ ਲੂ ਦਾ ਸ਼ਿਕਾਰ ਹੋ ਜਾਣ ਉੱਤੇ ਕੀ ਕਰਨਾ ਹੈ, ਇਸ ਬਾਰੇ ਜਾਣਨ ਲਈ ਈਟੀਵੀ ਭਾਰਤ ਦੀ ਟੀਮ ਸਿਵਲ ਹਸਪਤਾਲ ਦੇ ਮਾਹਿਰ ਡਾਕਟਰ ਕੋਲ ਪਹੁੰਚੀ। ਇੱਥੇ ਬੱਚਿਆਂ ਦੇ ਮਾਹਿਰ ਡਾਕਟਰ ਰਾਹੁਲ ਮਦਾਨ ਨੇ ਦੱਸਿਆ ਨੇ ਇਨੀਂ ਦਿਨੀਂ ਤਾਪਮਾਨ ਤੇਜ਼ੀ ਨਾਲ ਵਧਿਆ ਹੈ ਜਿਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿਚ ਵੀ ਇਜ਼ਾਫਾ ਹੋਇਆ ਹੈ। ਇਸ ਦੌਰਾਨ ਲੂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਅਜਿਹੇ ਵਿੱਚ ਕਾਫੀ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਤਾਂ ਜੋ ਲੂ ਜਾਨਲੇਵਾ ਰੂਪ ਧਾਰਨ ਨਾ ਕਰੇ।

ਲੂ ਲੱਗਣ ਨਾਲ ਕੀ ਹੁੰਦਾ?
ਡਾਕਟਰ ਰਾਹੁਲ ਮਦਾਨ ਨੇ ਦੱਸਿਆ ਕਿ ਗਰਮੀ ਲੱਗਣ ਨਾਲ ਮਨੁੱਖ ਦਾ ਬਲੱਡ ਪ੍ਰੈਸ਼ਰ ਘਟਣ ਦਾ ਡਰ ਬਣਿਆ ਰਹਿੰਦਾ ਹੈ। ਜੇਕਰ ਕੋਈ ਵਿਅਕਤੀ ਗਰਮੀ ਦੀ ਲਪੇਟ ਵਿੱਚ ਆ ਜਾਂਦਾ ਹੈ, ਤਾਂ ਉਸ ਦੇ ਦਿਮਾਗ ਨੂੰ ਖੂਨ ਦੀ ਸਪਲਾਈ ਬੰਦ ਹੋਣ ਕਾਰਨ ਚੱਕਰ ਆਉਣ ਲੱਗਦੇ ਹਨ ਅਤੇ ਬੇਹੋਸ਼ੀ ਦੀ ਹਾਲਤ ਵਿਚ ਚਲਾ ਜਾਂਦਾ ਹੈ। ਅਜਿਹਾ ਇਸ ਕਾਰਨ ਹੁੰਦਾ ਹੈ ਕਿ ਸੂਰਜ ਦੀ ਰੌਸ਼ਨੀ ਕਾਰਨ ਸਰੀਰ ਦਾ ਤਾਪਮਾਨ ਵਧਦਾ ਹੈ ਜਿਸ ਕਾਰਨ ਉਸ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੀਲੀਆ, ਹੈਪੀਟਾਇਟਸ ਸੀ, ਹਾਈ ਬੁਖਾਰ, ਖੰਘ ਅਤੇ ਜ਼ੁਕਾਮ ਆਦਿ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਇਨ੍ਹਾਂ ਚੀਜ਼ਾਂ ਦਾ ਰੱਖੋ ਖਾਸ ਧਿਆਨ
ਡਾਕਟਰ ਰਾਹੁਲ ਮਦਾਨ ਨੇ ਕਿਹਾ, ਕਿ ਲੋਕਾਂ ਨੂੰ 12 ਵਜੇ ਤੋਂ 6 ਵਜੇ ਤੱਕ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਮਜਬੂਰੀ ਵੱਸ ਉਨ੍ਹਾਂ ਨੂੰ ਬਾਹਰ ਨਿਕਲਣਾ ਪਵੇ, ਤਾਂ ਚਾਰ ਪਹੀਆ ਵਾਹਨ ਦੀ ਵਰਤੋਂ ਕਰਨ ਅਤੇ ਦੋ ਪਹੀਆ ਵਾਹਨ ਉੱਤੇ ਸਫ਼ਰ ਕਰਨ ਸਮੇਂ ਸਿਰ ਉਪਰ ਗੀਲਾ ਤੋਲੀਆਂ ਜਾਂ ਕੱਪੜਾ ਰੱਖਣ। ਗਰਮੀ ਲੱਗਣ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਨਿੰਬੂ ਪਾਣੀ, ਲੱਸੀ ਅਤੇ ਓਆਰਐਸ ਦੇ ਘੋਲ ਕੋਲ ਦੀ ਵਰਤੋਂ ਕਰਨੀ ਚਾਹੀਦੀ ਹੈ।
ਵੱਧ ਤਾਪਮਾਨ ਵਿੱਚ ਲੂ ਦਾ ਖ਼ਤਰਾ ਜ਼ਿਆਦਾ ਹੋ ਜਾਂਦਾ ਹੈ। ਜੋ ਲੋਕ ਲੂ ਦੇ ਸ਼ਿਕਾਰ ਹੋ ਜਾਂਦੇ ਹਨ, ਉਨ੍ਹਾਂ ਦਾ ਬੱਲਡ ਪ੍ਰੈਸ਼ਰ ਘੱਟ ਜਾਂਦਾ ਹੈ ਅਤੇ ਬੇਹੋਸ਼ੀ ਵਾਲੀ ਹਾਲਤ ਹੋ ਜਾਂਦੀ ਹੈ। ਇਸ ਕਰਕੇ ਲੂ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ। ਪਾਣੀ ਵੱਧ ਪੀਓ ਅਤੇ ਬਾਹਰ ਬਣੀਆਂ ਚੀਜ਼ਾਂ ਨਾ ਖਾਓ। ਬੱਚੇ ਅਤੇ ਬਜ਼ੁਰਗ ਸਿਖ਼ਰ ਦੁਪਹਿਰ ਬਾਹਰ ਨਾ ਜਾਣ। ਫਲਾਂ ਦੇ ਜੂਸ ਦਾ ਸੇਵਨ ਕਰਨ ਨਾਲੋਂ ਫਲ ਖਾਣੇ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਐਮਰਜੈਂਸੀ ਹੋਣ ਉੱਤੇ ਡਾਕਟਰ ਨਾਲ ਸੰਪਰਕ ਕਰੋ।
- ਡਾਕਟਰ ਰਾਹੁਲ ਮਦਾਨ, ਮਾਹਿਰ, ਸਿਵਲ ਹਸਪਤਾਲ, ਬਠਿੰਡਾ
ਲੂ ਲੱਗਣ ਉੱਤੇ ਕੀ ਕਰੋ ਅਤੇ ਕੀ ਨਾ ਕਰੋ
ਡਾਕਟਰ ਰਾਹੁਲ ਨੇ ਦੱਸਿਆ ਕਿ ਬਾਹਰੀ ਚੀਜ਼ਾਂ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ ਅਤੇ ਬੈਕਟੀਰੀਆ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ ਅਤੇ ਹਮੇਸ਼ ਆਰ ਓ ਜਾਂ ਪਾਣੀ ਨੂੰ ਉਬਾਲ ਕੇ ਹੀ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਖੁੱਲ੍ਹੇ ਅਸਮਾਨ ਥੱਲੇ ਰੱਖੀਆ ਖਾਣ-ਪੀਣ ਦੀਆਂ ਚੀਜ਼ਾਂ ਨੂੰ ਨਹੀਂ ਵਰਤਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਲੂ ਦੀ ਲਪੇਟ ਵਿੱਚ ਆ ਜਾਂਦਾ ਹੈ, ਤਾਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਲਈ ਤੁਰੰਤ ਉਸ ਦੇ ਸਿਰ ਵਿੱਚ ਪਾਣੀ ਜਾਂ ਗਿੱਲੇ ਕੱਪੜੇ ਦੀਆਂ ਪੱਟੀਆਂ ਰੱਖੀਆਂ ਜਾਣ, ਤਾਂ ਜੋ ਉਸ ਵਿਅਕਤੀ ਦੇ ਬਲੱਡ ਪ੍ਰੈਸ਼ਰ ਨੂੰ ਨਾਰਮਲ ਕੀਤਾ ਜਾ ਸਕੇ।

ਐਮਰਜੈਂਸੀ ਹੋਣ ਉੱਤੇ ਤੁਰੰਤ ਹਸਪਤਾਲ ਆਓ
ਡਾਕਟਰ ਨੇ ਕਿਹਾ ਕਿ ਬੱਚਿਆਂ ਨੂੰ ਇਨਡੋਰ ਖੇਡਾਂ ਖੇਡਣੀਆਂ ਚਾਹੀਦੀਆਂ ਹਨ। ਜੇਕਰ ਕਿਸੇ ਤਰ੍ਹਾਂ ਦੇ ਐਮਰਜੈਂਸੀ ਹਾਲਾਤ ਪੈਦਾ ਹੁੰਦੇ ਹਨ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਮਰੀਜ਼ ਨੂੰ ਲੈ ਕੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਵਾਲੀਆਂ ਚੀਜ਼ਾਂ ਜਿਵੇਂ ਗੰਨੇ ਦਾ ਰਸ, ਕੋਲਡ ਡਰਿੰਕ ਅਤੇ ਬਾਹਰੀ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਓਆਰਐਸ ਦੇ ਘੋਲ ਨਿੰਬੂ ਪਾਣੀ ਅਤੇ ਤਾਜ਼ਾ ਫ਼ਲ ਦੀ ਵਰਤੋਂ ਵੱਧ ਕਰਨੀ ਚਾਹੀਦੀ ਹੈ ਇਸ ਨਾਲ ਸਰੀਰ ਵਿੱਚ ਪਾਣੀ ਦੀ ਮਾਤਰਾ ਪੂਰੀ ਰਹਿੰਦੀ ਹੈ ਅਤੇ ਸਰੀਰ ਹੀਟ ਵੇਵਸ ਨੂੰ ਝੱਲਣ ਲਈ ਸਮਰੱਥ ਰਹਿੰਦਾ ਹੈ।
ਗਰਮੀ ਦੀ ਮਾਰ ਦੇ ਨਾਲ ਮਹਿੰਗਾਈ ਦੀ ਵੀ ਮਾਰ !
ਸ਼ਿਕੰਜਵੀ ਦੀ ਰੇੜੀ ਲਗਾਉਣ ਵਾਲੇ ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਗਰਮੀ ਬੇਹਦ ਜਿਆਦਾ ਹੋਣ ਕਾਰਨ ਲੋਕ ਉਨ੍ਹਾਂ ਕੋਲ ਲੋਕ ਲਗਾਤਾਰ ਸ਼ਿਕੰਜਵੀ ਪੀਣ ਲਈ ਆ ਰਹੇ ਹਨ, ਪ੍ਰੰਤੂ ਨਿੰਬੂ ਦੇ ਰੇਟ 200 ਰੁਪਏ ਕਿਲੋ ਅਤੇ ਬਰਫ ਦਾ ਰੇਟ 80 ਰੁਪਏ ਹੋਣ ਕਾਰਨ ਉਨ੍ਹਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਫਿਰ ਵੀ ਉਹ ਲੋਕਾਂ ਦੀ ਸੇਵਾ ਕਰ ਰਹੇ ਹਨ। ਮਾਤਰ 20 ਰੁਪਏ ਗਲਾਸ ਸਿਕੰਜਵੀ ਲੋਕਾਂ ਨੂੰ ਉਪਲਬਧ ਕਰਵਾਈ ਜਾ ਰਹੀ ਹੈ। ਉੱਥੇ ਹੀ, ਸ਼ਿਕੰਜਵੀ ਪੀਣ ਆਏ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਰਹਿਣ ਵਾਲੇ ਹਨ। ਪਿੰਡਾਂ ਦੇ ਮੁਕਾਬਲੇ ਸ਼ਹਿਰ ਵਿੱਚ ਗਰਮੀ ਦਾ ਪ੍ਰਕੋਪ ਬਹੁਤ ਜਿਆਦਾ ਹੈ। ਇਸ ਗਰਮੀ ਤੋਂ ਬਚਣ ਲਈ ਉਹ ਸ਼ਿਕੰਜਵੀਂ ਪੀਣ ਆਏ ਸਨ। ਸ਼ਿਕੰਜਵੀ ਨਾਲ ਕੁਝ ਰਾਹਤ ਜ਼ਰੂਰ ਮਹਿਸੂਸ ਕਰ ਰਹੇ ਹਨ।

