ਲੁਧਿਆਣਾ: ਜ਼ਿਲ੍ਹੇ ਦੇ ਲੱਕੜ ਬਜ਼ਾਰ ਚੌਂਕ ਨਜ਼ਦੀਕ ਮਿਠਾਈ ਦੀਆਂ ਦੁਕਾਨਾਂ ਉੱਤੇ ਤੜਕਸਾਰ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ। ਦੱਸ ਦਈਏ ਕਿ ਇਹ ਛਾਪੇਮਾਰੀ ਡੇਅਰੀ ਸੰਚਾਲਕਾਂ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਦੇਸੀ ਘਿਓ, ਪਨੀਰ ਸਮੇਤ ਮੱਖਣ ਅਤੇ ਮਿਠਾਈਆਂ ਦੇ ਸੈਂਪਲ ਲਏ ਤਾਂ ਉੱਥੇ ਹੀ ਕਈ ਤਰ੍ਹਾਂ ਦੀਆਂ ਖਾਮੀਆਂ ਵੀ ਦੇਖਣ ਨੂੰ ਮਿਲੀਆਂ, ਖਾਸ ਕਰਕੇ ਪਨੀਰ ਨੂੰ ਬਾਥਰੂਮ ਵਾਲੀ ਜਗ੍ਹਾ ਉੱਤੇ ਰੱਖਿਆ ਹੋਇਆ ਸੀ। ਇਸ ਦੇ ਨਾਲ-ਨਾਲ ਹੋਰ ਵੀ ਸਮਾਨ ਉਸੇ ਜਗ੍ਹਾ ਉੱਤੇ ਪਿਆ ਸੀ ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ਾਸਨ ਨੇ ਇਨ੍ਹਾਂ ਚੀਜ਼ਾਂ ਦੇ ਸੈਂਪਲ ਵੀ ਲਏ ਹਨ। ਪਰ ਡੇਅਰੀ ਮਾਲਕਾਂ ਨੇ ਇਸ ਕਾਰਵਾਈ ਨੂੰ ਖਾਨਾ ਪੂਰਤੀ ਦੱਸਿਆ ਹੈ ਅਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਦੁਕਾਨਾਂ ਉੱਤੇ ਜ਼ਹਿਰ ਵੇਚਿਆ ਜਾ ਰਿਹਾ ਹੈ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਭਰੇ ਸੈਂਪਲ
ਲੁਧਿਆਣਾ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਆਲੂਵਾਲੀਆ ਨੇ ਕਿਹਾ ਕਿ, 'ਡੇਅਰੀ ਸੰਚਾਲਕਾਂ ਦੀ ਸ਼ਿਕਾਇਤ ਉੱਤੇ ਇਹ ਕਾਰਵਾਈ ਕੀਤੀ ਗਈ ਹੈ ਅਤੇ ਇਨ੍ਹਾਂ ਦੁਕਾਨਾਂ ਤੋਂ ਵੱਖ-ਵੱਖ ਚੀਜ਼ਾਂ ਦੇ ਸੈਂਪਲ ਲਏ ਗਏ ਹਨ, ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ। ਇਹੀ ਨਹੀਂ ਉਨ੍ਹਾਂ ਕਿਹਾ ਕਿ ਦੁੱਧ ਪਨੀਰ ਅਤੇ ਘਿਓ ਫਲੋਰ ਦੇ ਇਲਾਕੇ ਵਿੱਚੋਂ ਇਨ੍ਹਾਂ ਦੁਕਾਨਾਂ ਵਿੱਚ ਆਉਂਦਾ ਹੈ। ਲਿਹਾਜ਼ਾ ਬੀਤੀ ਰਾਤ ਹੋਈ ਕਾਰਵਾਈ ਅਤੇ ਲਏ ਗਏ ਸੈਂਪਲਾਂ ਨੂੰ ਲੈ ਕੇ ਪੁੱਛੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਡੀਐੱਚਓ ਰਿਪੋਰਟ ਦੇਣਗੇ।'
ਪਹਿਲਾਂ ਸਬਜ਼ੀ ਮੰਡੀ ਇਲਾਕੇ ਵਿੱਚ ਹੋਈ ਛਾਪੇਮਾਰੀ
ਇਸ ਤੋਂ ਪਹਿਲਾਂ ਵੀ ਲੁਧਿਆਣਾ ਦੀ ਸਬਜ਼ੀ ਮੰਡੀ ਦੇ ਵਿੱਚ ਵਿਕ ਰਹੇ ਪਨੀਰ ਨੂੰ ਲੈ ਕੇ ਸਵਾਲ ਖੜ੍ਹੇ ਹੋਏ ਸਨ। ਜਿਸ ਤੋਂ ਬਾਅਦ ਸਿਹਤ ਮਹਿਕਮੇ ਵੱਲੋਂ ਸੈਂਪਲ ਵੀ ਭਰੇ ਗਏ ਸਨ ਅਤੇ ਜਾਂਚ ਲਈ ਭੇਜੇ ਵੀ ਗਏ ਸਨ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਹਾਲੇ ਤੱਕ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ। ਨਾ ਹੀ ਕੋਈ ਸੈਂਪਲ ਦੀ ਰਿਪੋਰਟ ਸਾਹਮਣੇ ਆਈ ਹੈ। ਮੰਡੀ ਦੇ ਵਿੱਚ ਪਨੀਰ ਉਸੇ ਤਰ੍ਹਾਂ ਵਿਕ ਰਿਹਾ ਹੈ ਜਿਸ ਨੂੰ ਲੈ ਕੇ ਪੱਤਰਕਾਰਾਂ ਨੇ ਜਦੋਂ ਸਵਾਲ ਕੀਤਾ ਕਿ ਕੀ ਸਿਰਫ ਖਾਨਾ ਪੂਰਤੀ ਲਈ ਜਾਂਚ ਹੁੰਦੀ ਹੈ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਗੱਲ ਨਹੀਂ ਹੈ, ਜਾਂਚ ਦਾ ਇੱਕ ਪ੍ਰੋਸੈਸ ਹੁੰਦਾ ਹੈ ਉਸ ਦੇ ਮੁਤਾਬਿਕ ਹੀ ਅੱਗੇ ਜਾਂਚ ਕੀਤੀ ਜਾਂਦੀ ਹੈ ਅਤੇ ਕਾਰਵਾਈ ਹੁੰਦੀ ਹੈ।