ਬਰਨਾਲਾ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਗਏ ਨਤੀਜਿਆਂ ਵਿੱਚ ਅੱਜ ਬਰਨਾਲਾ ਜ਼ਿਲ੍ਹੇ ਦੀ ਵਿਦਿਆਰਥਣ ਪੰਜਾਬ ਭਰ ਵਿੱਚੋਂ ਪਹਿਲੇ ਸਥਾਨ ਉੱਤੇ ਆਈ ਹੈ। ਬਰਨਾਲਾ ਦੇ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੀ ਵਿਦਿਆਰਥਣ ਹਰਸੀਰਤ ਕੌਰ ਨੇ 500 ਵਿੱਚੋਂ 500 ਅੰਕ ਲੈ ਕੇ ਇਹ ਮੁਕਾਮ ਹਾਸਲ ਕੀਤਾ ਹੈ। ਹਰਸੀਰਤ ਬਰਨਾਲਾ ਦੇ ਕਸਬਾ ਧਨੌਲਾ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪਿਤਾ ਸਿੱਖਿਆ ਵਿਭਾਗ ਵਿੱਚ ਨੌਕਰੀ ਕਰਦੇ ਹਨ।
'ਪ੍ਰਾਪਤੀ ਦੀ ਵਧਾਈ ਦਿੱਤੀ'
ਬੱਚੀ ਦੀ ਇਸ ਪ੍ਰਾਪਤੀ ਉੱਪਰ ਪੂਰਾ ਸਕੂਲ ਅਤੇ ਪਰਿਵਾਰ ਮਾਣ ਕਰ ਰਿਹਾ ਹੈ। ਉੱਥੇ ਸੰਸਦ ਮੈਂਬਰ ਮੀਤ ਹੇਅਰ ਨੇ ਵੀ ਸਕੂਲ ਵਿੱਚ ਪਹੁੰਚ ਕੇ ਬੱਚੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਿਦਿਆਰਥਣ, ਉਸ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ। ਇਸ ਪ੍ਰਾਪਤੀ ਤੋਂ ਬਾਅਦ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਹਰਸੀਰਤ ਕੌਰ ਦੇ ਸਕੂਲ ਵਿੱਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਸਕੂਲ ਪਹੁੰਚਣ 'ਤੇ ਵਿਦਿਆਰਥਣ ਹਰਸੀਰਤ ਅਤੇ ਉਸਦੇ ਪਰਿਵਾਰ ਦਾ ਢੋਲ ਵਜਾ ਕੇ ਭੰਗੜੇ ਪਾ ਕੇ ਸਵਾਗਤ ਕੀਤਾ ਗਿਆ।
'ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ'
ਇਸ ਮੌਕੇ ਗੱਲਬਾਤ ਕਰਦਿਆਂ ਵਿਦਿਆਰਥਣ ਹਰਸੀਰਤ ਕੌਰ ਨੇ ਕਿਹਾ ਕਿ ਉਹ ਬਹੁਤ ਜ਼ਿਆਦਾ ਖੁਸ਼ ਹੈ ਕਿ ਉਸ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੂੰ ਪੜ੍ਹਾਈ ਵਿੱਚ ਉਸ ਦੇ ਅਧਿਆਪਕਾਂ ਅਤੇ ਮਾਪਿਆਂ ਵੱਲੋਂ ਬਹੁਤ ਸਾਥ ਰਿਹਾ ਹੈ। ਉਹ ਅੱਗੇ ਐਮਬੀਬੀਐਸ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ ਅਤੇ ਉਹ ਗਾਇਨੀਕੋਲੋਜਿਸਟ ਬਣਨਾ ਚਾਹੁੰਦੀ ਹੈ। ਹਰਸੀਰਤ ਨੇ ਕਿਹਾ ਕਿ ਉਸਦੇ ਮਾਪਿਆਂ ਨੇ ਉਸਦਾ ਬਹੁਤ ਸਾਥ ਦਿੱਤਾ ਹੈ। ਹਰ ਕਦਮ 'ਤੇ ਉਸ ਦੀ ਹਰ ਇੱਛਾ ਪੂਰੀ ਕੀਤੀ ਗਈ ਹੈ। ਉਸਨੇ ਦੱਸਿਆ ਕਿ ਉਹ ਸਕੂਲ ਵਿੱਚ ਪੜ੍ਹਨ ਦੇ ਨਾਲ ਨਾਲ ਟਿਊਸ਼ਨ ਵਿੱਚ ਵੀ ਪੜ੍ਹਾਈ ਕਰਦੀ ਸੀ।

ਮੈਰਿਟ ਲਿਸਟ ਵਿੱਚ ਆਉਣ ਦੀ ਸੀ ਉਮੀਦ
ਜਿਸ ਕਰਕੇ ਇਸ ਪ੍ਰਾਪਤੀ ਲਈ ਉਹ ਆਪਣੇ ਮਾਪਿਆਂ, ਸਕੂਲ ਅਧਿਆਪਕਾਂ ਅਤੇ ਟਿਊਸ਼ਨ ਅਧਿਆਪਕਾਂ ਦਾ ਵੀ ਬਹੁਤ ਧੰਨਵਾਦ ਕਰਦੀ ਹੈ। ਉਸ ਨੇ ਕਿਹਾ ਕਿ ਉਹ ਪੜ੍ਹਾਈ ਦੇ ਨਾਲ ਨਾਲ ਨੈੱਟਬਾਲ ਵੀ ਖੇਡਦੀ ਰਹੀ ਹੈ ਕਿਉਂਕਿ ਉਸ ਦੇ ਪਿਤਾ ਖ਼ੁਦ ਇੱਕ ਚੰਗੇ ਖਿਡਾਰੀ ਹਨ ਅਤੇ ਉਹ ਰੋਜ਼ਾਨਾ ਸਵੇਰੇ ਉਸ ਨੂੰ ਖੇਡਣ ਲੈ ਕੇ ਜਾਂਦੇ ਸਨ। ਉਹਨਾਂ ਕਿਹਾ ਕਿ ਇਸ ਪ੍ਰਾਪਤੀ ਬਾਰੇ ਸਭ ਤੋਂ ਪਹਿਲਾਂ ਉਸ ਨੂੰ ਮੰਮੀ ਦਾ ਫ਼ੋਨ ਆਇਆ ਸੀ ਅਤੇ ਬਹੁਤ ਖੁਸ਼ੀ ਹੋਈ। ਉਹਨਾਂ ਕਿਹਾ ਕਿ ਪੇਪਰਾਂ ਦੇ ਹਿਸਾਬ ਨਾਲ ਉਸ ਨੂੰ ਉਮੀਦ ਸੀ ਕਿ ਉਹ ਮੈਰਿਟ ਲਿਸਟ ਵਿੱਚ ਆਵੇਗੀ, ਪ੍ਰੰਤੂ ਹੁਣ ਉਸ ਨੇ ਟੌਪ ਕੀਤਾ ਹੈ, ਇਸ ਦੀ ਬਹੁ਼ਤ ਖੁਸ਼ੀ ਹੈ।
'ਸਮੂਹ ਸਕੂਲ ਸਟਾਫ਼ ਨੁੰ ਖੁਸ਼ੀ'
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਵਿਦਿਆਰਥਣ ਹਰਸੀਰਤ ਕੌਰ ਮੈਡੀਕਲ ਦੀ ਵਿਦਿਆਰਥਣ ਹੈ। ਇਸ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਵਿਦਿਆਰਥਣ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਚੰਗੀ ਪ੍ਰਾਪਤੀ ਹਾਸਲ ਕੀਤੀ ਹੈ। ਇਸ ਪ੍ਰਾਪਤੀ ਦੀ ਸਮੂਹ ਸਕੂਲ ਸਟਾਫ਼ ਨੁੰ ਬਹੁਤ ਖੁਸ਼ੀ ਹੈ।

'ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਅੱਗੇ'
ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੀ ਵਿਦਿਆਰਥਣ ਹਰਸੀਰਤ ਕੌਰ ਨੂੰ ਵਧਾਈ ਦੇਣ ਪਹੁੰਚੇ। ਉਹਨਾਂ ਕਿਹਾ ਕਿ ਇਹ ਇੱਕਲੀ ਵਿਦਿਆਰਥਣ, ਉਸਦੇ ਮਾਪਿਆਂ ਜਾਂ ਅਧਿਆਪਕਾਂ ਲਈ ਹੀ ਨਹੀਂ, ਬਲਕਿ ਸਮੁੱਚੇ ਬਰਨਾਲਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਦੀ ਬੱਚੀ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹਨਾਂ ਕਿਹਾ ਕਿ ਵਿਦਿਆਰਥਣ, ਉਹਨਾਂ ਦੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਮੈਨਜਮੈਂਟ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਬੱਚੀ ਦੇ ਪਿਤਾ ਸਿਮਰਜੀਤ ਸਿੰਘ ਖੁੱਦ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਖੇਡ ਅਧਿਕਾਰੀ ਹਨ। ਇਹ ਵਿਦਿਆਰਥਣ ਪੜ੍ਹਾਈ ਦੇ ਨਾਲ-ਨਾਲ ਨੈੱਟਬਾਲ ਖੇਡ ਵਿੱਚੋਂ ਸੂਬਾ ਪੱਧਰ 'ਤੇ ਗੋਲਡ ਮੈਡਲ ਅਤੇ ਨੈਸ਼ਨਲ ਪੱਧਰ 'ਤੇ ਵੀ ਖੇਡੀ ਹੈ। ਉਹਨਾਂ ਕਿਹਾ ਕਿ ਇਸ ਬੱਚੀ 'ਤੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।
'ਨਤੀਜਿਆਂ ਦੀ ਬਹੁਤ ਖੁਸ਼ੀ'
ਇਸ ਮੌਕੇ ਹਰਸੀਰਤ ਕੌਰ ਦੇ ਪਿਤਾ ਸਿਮਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਹਰਸੀਰਤ ਕੌਰ ਦੇ ਇਹਨਾਂ ਨਤੀਜਿਆਂ ਦੀ ਬਹੁਤ ਖੁਸ਼ੀ ਹੋਈ ਹੈ। ਇਸ ਲਈ ਉਹ ਸਮੁੱਚੇ ਬਰਨਾਲਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਹਨ, ਜਿਹਨਾਂ ਨੇ ਸਾਡੀ ਖੁਸ਼ੀ ਨੂੰ ਆਪਣੀ ਖੁਸ਼ੀ ਸਮਝਿਆ ਹੈ। ਉਹਨਾਂ ਕਿਹਾ ਕਿ ਸਕੂਲ ਦੀ ਮੈਨਜਮੈਂਟ ਅਤੇ ਅਧਿਆਪਕਾਂ ਦਾ ਬੱਚੀ ਦੀ ਇਸ ਪ੍ਰਾਪਤੀ ਵਿੱਚ ਵੱਡਾ ਸਹਿਯੋਗ ਰਿਹਾ ਹੈ। ਉਹਨਾਂ ਕਿਹਾ ਕਿ ਬੱਚੀ ਨੇ ਬਹੁਤ ਜਿਆਦਾ ਮਿਹਨਤ ਕੀਤੀ ਹੈ। ਰਾਤ-ਰਾਤ ਬੈਠ ਕੇ ਉਹਨਾਂ ਦੀ ਬੱਚੀ ਪੜ੍ਹਾਈ ਕਰਦੀ ਰਹੀ ਹੈ ਅਤੇ ਇਸ ਮਿਹਨਤ ਸਕਦਾ ਇਹ ਨੰਬਰ ਆ ਸਕੇ ਹਨ। ਉਹਨਾਂ ਕਿਹਾ ਕਿ ਪੇਪਰਾਂ ਤੋਂ ਬਾਅਦ ਵੀ ਬੱਚੀ ਨੂੰ ਉਮੀਦ ਸੀ ਕਿ ਉਹ ਮੈਰਿਟ ਲਿਸਟ ਵਿੱਚ ਆਵੇਗੀ। ਉਹਨਾਂ ਕਿਹਾ ਕਿ ਉਸਦੀ ਬੱਚੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਨੈਟਬਾਲ ਵਿੱਚ ਗੋਲਡ ਮੈਡਲਲਿਸਟ ਰਹੀ ਹੈ। ਉਹਨਾਂ ਕਿਹਾ ਕਿ ਸਾਡਾ ਪਰਿਵਾਰ ਹੁਣ ਸਾਡੀ ਬੇਟੀ ਦੇ ਨਾਮ ਨਾਲ ਜਾਣਿਆ ਜਾਵੇਗਾ, ਇਸ ਗੱਲ ਦੀ ਹੋਰ ਵੀ ਖੁਸ਼ੀ ਹੈ। ਉੱਥੇ ਬੱਚੀ ਦੀ ਮਾਤਾ ਕੈਮਰੇ ਅੱਗੇ ਭਾਵੁਕ ਹੀ ਹੋ ਗਈ। ਉਹਨਾਂ ਕਿਹਾ ਕਿ ਬੱਚੀ ਦੀ ਇਸ ਪ੍ਰਾਪਤੀ ਨਾਲ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਨਿਕਲ ਰਹੇ ਹਨ। ਇਹ ਸਾਡੇ ਲਈ ਬਹੁਤ ਵੱਡੀ ਪ੍ਰਾਪਤੀ ਹੈ।