ਮਾਨਸਾ: ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੇ ਲਈ ਪੰਜਾਬ ਦੇ ਵਿੱਚ ਰਾਜ ਸਭਾ ਸਾਂਸਦ ਨੂੰ ਚੋਣ ਲੜਾਇਆ ਜਾ ਰਿਹਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਵਿਖੇ ਪਹੁੰਚੇ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਰਕਾਰ ਵੱਲੋਂ ਇੰਨਾ ਕਰਜਦਾਰ ਕਰ ਦਿੱਤਾ ਗਿਆ ਹੈ। ਜਿਸ ਕਾਰਨ ਅੱਜ ਪੰਜਾਬ ਦਾ ਹਰ ਬੱਚਾ ਕਰਜ ਦੇ ਬੋਝ ਥੱਲੇ ਦੱਬ ਚੁੱਕਿਆ ਹੈ।
ਪਿੰਡਾਂ ਦੀਆਂ ਪੰਚਾਇਤਾਂ ਨੂੰ ਲੱਖਾਂ ਰੁਪਏ ਦੀਆਂ ਵੰਡੀਆਂ ਗਰਾਂਟਾਂ
ਦੱਸ ਦਈਏ ਕਿ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਮਾਨਸਾ ਤੇ ਤਿੱਖੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੱਖਾਂ ਰੁਪਏ ਦੀਆਂ ਗਰਾਂਟਾਂ ਵੰਡੀਆਂ ਅਤੇ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ। ਇਸੇ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਦੇ ਲਈ ਕੋਈ ਵੀ ਗਰਾਂਟ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਅੱਜ ਪੰਜਾਬ ਦਾ ਵਿਕਾਸ ਪਛੜ ਕੇ ਰਹਿ ਗਿਆ ਹੈ।
'ਅਰਵਿੰਦ ਕੇਜਰੀਵਾਲ ਨੂੰ ਰਾਜਸਭਾ ਭੇਜਣ ਦੀਆਂ ਪਲੈਨਿੰਗਾਂ'
ਉਨ੍ਹਾਂ ਕਿਹਾ ਕਿ ਜੋ ਲੋਕ ਦਿੱਲੀ ਤੋਂ ਆ ਕੇ ਲੁਧਿਆਣਾ ਵਿੱਚ ਚੋਣ ਲੜ ਰਹੇ ਨੇ, ਉਨ੍ਹਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਨਾਮ ਤੱਕ ਨਹੀਂ ਪਤਾ ਅਤੇ ਜੋ ਪਾਰਟੀ ਇਨਕਲਾਬ ਦਾ ਨਾਅਰਾ ਦੇ ਰਹੀ ਹੈ, ਉਨ੍ਹਾਂ ਨੂੰ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਪੰਜਾਬ ਦੇ ਪ੍ਰਤੀ ਕੋਈ ਵੀ ਜਾਣਕਾਰੀ ਨਹੀਂ ਹੈ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਇਹ ਵੀ ਕਿਹਾ ਕਿ ਜਿੰਨਾਂ ਲੋਕਾਂ ਤੋਂ ਪਹਿਲਾਂ ਕਰੋੜਾਂ ਰੁਪਏ ਲੈ ਕੇ ਉਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਹੁਣ ਦਿੱਲੀ ਤੋਂ ਚੋਣ ਹਾਰ ਚੁੱਕੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਉਣ ਦੇ ਲਈ ਰਾਜਸਭਾ ਮੈਂਬਰ ਨੂੰ ਲੁਧਿਆਣਾ ਤੋਂ ਚੋਣ ਲੜਾਈ ਜਾ ਰਹੀ ਹੈ ਤਾਂ ਕਿ ਉਨ੍ਹਾਂ ਦੀ ਜਗ੍ਹਾ ਤੇ ਅਰਵਿੰਦ ਕੇਜਰੀਵਾਲ ਨੂੰ ਰਾਜਸਭਾ ਮੈਂਬਰ ਬਣਾ ਕੇ ਭੇਜਿਆ ਜਾ ਸਕੇ।
'ਪੰਜਾਬ ਨੂੰ ਲੁੱਟਣ ਦੇ ਲਈ ਪੰਜਾਬ ਵਿੱਚ ਘੁੰਮ ਰਹੇ ਹਨ ਦਿੱਲੀ ਦੇ ਲੋਕ'
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦੋ ਮਹੀਨਿਆਂ ਦੇ ਵਿੱਚ 11200 ਕਰੋੜ ਰੁਪਏ ਕਰਜ਼ਾ ਲੈ ਕੇ ਪੰਜਾਬ ਦੇ ਹਰ ਵਰਗ ਨੂੰ ਕਰਜਦਾਰ ਬਣਾ ਦਿੱਤਾ ਹੈ ਅਤੇ ਪੰਜਾਬ ਅੱਜ ਕਰਜ਼ੇ ਦੀ ਮੱਕੜ ਜਾਲ ਵਿੱਚ ਫਸ ਚੁੱਕਿਆ ਹੈ। ਜਿਸ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਵੀ ਰੁਜ਼ਗਾਰ ਨਹੀਂ ਮਿਲੇਗਾ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੇ ਲੋਕ ਪੰਜਾਬ ਨੂੰ ਲੁੱਟਣ ਦੇ ਲਈ ਪੰਜਾਬ ਵਿੱਚ ਘੁੰਮ ਰਹੇ ਹਨ ਅਤੇ ਪੰਜਾਬ ਸਰਕਾਰ ਇਨ੍ਹਾਂ ਨੂੰ ਹਰ ਪਾਸੇ ਅਹੁਦੇਦਾਰੀਆਂ ਦੇ ਕੇ ਨਮਾਜ਼ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਜਾਵੇ ਤਾਂ ਕਿ ਪੰਜਾਬ ਦਾ ਵਿਕਾਸ ਅਤੇ ਪੰਜਾਬ ਦੇ ਹਰ ਵਰਗ ਦੀ ਗੱਲ ਹੋ ਸਕੇ।