ਸੰਗਰੂਰ : ਸੰਗਰੂਰ ਦਾ ਰਹਿਣ ਵਾਲਾ ਨੌਜਵਾਨ ਗੁਰਪ੍ਰੀਤ ਸਿੰਘ, ਜੋ ਦਸਵੀਂ ਕਲਾਸ ਵਿੱਚ ਪੜ੍ਹਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਹਾਦਸਾ ਇੰਨਾ ਭਿਆਨਕ ਹੁੰਦਾ ਹੈ ਕਿ ਉਸ ਦਾ ਛਾਤੀ ਤੋਂ ਹੇਠਲਾ ਪਾਸਾ ਸਾਰਾ ਖੜ ਜਾਂਦਾ ਹੈ। ਜਿਸ ਕਾਰਨ ਉਹ ਵ੍ਹੀਲ ਚੇਅਰ ਉੱਤੇ ਆਪਣੀ ਜਿੰਦਗੀ ਜਿਉਂਣ ਲਈ ਮਜ਼ਬੂਰ ਹੋ ਜਾਂਦਾ ਹੈ ਪਰ ਉਸ ਨੌਜਵਾਨ ਨੇ ਹਿੰਮਤ ਨਹੀਂ ਹਾਰੀ। ਇੰਨੇ ਦੁੱਖ ਸਹਿਣ ਤੋਂ ਬਾਅਦ ਵੀ ਉਸ ਨੇ ਆਪਣੀਆਂ ਕਿਤਾਬਾਂ ਨੂੰ ਹੀ ਆਪਣਾ ਦੋਸਤ ਬਣਾਇਆ ਹੈ। ਉਸ ਤੋਂ ਬਾਅਦ ਉਸ ਨੇ ਦਸਵੀਂ ਪਾਸ ਕਰਨ ਤੋਂ ਬਾਅਦ ਆਪਣੀ ਗ੍ਰੈਜੂਏਸ਼ਨ ਵੀ ਕਲੀਅਰ ਕੀਤੀ ਅਤੇ ਹੁਣ ਉਹ ਐਮਏ ਅਤੇ ਈਟੀਟੀ ਦੇ ਪੇਪਰ ਦੇ ਰਿਹਾ ਹੈ।
2010 ਦੀ ਗੱਲ
ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ 2010 ਦੀ ਗੱਲ ਹੈ, ਜਦੋਂ ਉਹ ਦਸਵੀਂ ਜਮਾਤ ਵਿੱਚ ਪੜਦਾ ਸੀ। ਸ਼ਾਮ ਦਾ ਵੇਲਾ ਸੀ, ਉਹ ਸਕੂਲ ਤੋਂ ਘਰ ਆ ਕੇ ਫਿਰ ਟਿਊਸ਼ਨ ਜਾਂਦਾ ਹੁੰਦਾ ਸੀ। ਇੱਕ ਦਿਨ ਸ਼ਾਮ ਨੂੰ ਉਸ ਦਾ ਸਿਰ ਦਰਦ ਕਰ ਰਿਹਾ ਸੀ, ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਅੱਜ ਟਿਊਸ਼ਨ ਨਹੀਂ ਜਾਣਾ ਪਰ ਅਗਲੇ ਮਹੀਨੇ ਪੇਪਰ ਹੋਣ ਕਾਰਨ ਮਾਂ ਨੇ ਮੈਨੂੰ ਟਿਊਸ਼ਨ ਜਾਣ ਲਈ ਕਿਹਾ। ਫਿਰ ਉਹ ਆਪਣੇ ਦੋਸਤ ਦੇ ਘਰ ਜਾ ਕੇ ਉੱਥੋਂ ਉਹ ਮੋਟਰਸਾਈਕਲ 'ਤੇ ਟਿਊਸ਼ਨ ਚਲੇ ਗਏ।

ਸਪਾਈਨਲ ਇੰਜਰੀ
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਕੈਂਚੀਆਂ 'ਤੇ ਪਹੁੰਚ ਕੇ ਆਪਣੇ ਦੋਸਤ ਨੂੰ ਕਿਹਾ ਕਿ ਉਸ ਦਾ ਅੱਜ ਟਿਊਸ਼ਨ ਜਾਣ ਦਾ ਦਿਲ ਨਹੀਂ ਕਰ ਰਿਹਾ ਅਤੇ ਫਿਰ ਬਾਜ਼ਾਰ ਜਾਣ ਲਈ ਕਿਹਾ। ਫਿਰ ਉਹ ਬਾਜ਼ਾਰ ਵਿੱਚੋਂ ਕੁਝ ਖਾ ਕੇ ਘਰ ਚਲੇ ਗਏ। ਘਰ ਆਉਂਦਿਆਂ ਹੀ ਉਸ ਨੂੰ ਪਤਾ ਹੀ ਨੀ ਲੱਗਿਆ ਕਿ ਉਸ ਨੂੰ ਕੀ ਹੋਇਆ ਹੈ। ਉਹ ਬੇਹੋਸ਼ ਹੋ ਗਿਆ ਸੀ। ਉਸ ਤੋਂ ਬਾਅਦ ਉਸ ਨੂੰ ਸਿਰਫ ਇਹ ਗੱਲ ਹੀ ਯਾਦ ਹੈ ਕਿ ਉਸ ਨੇ ਆਪਣੀ ਮਾਂ ਨੂੰ ਇਹ ਕਿਹਾ ਕਿ ਡੈਡੀ ਨੂੰ ਨਾ ਦੱਸਣਾ। ਫਿਰ ਪਟਿਆਲਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਉੱਥੇ ਉਸ ਨੇ ਖੜੇ ਹੋਣ ਦੀ ਕੋਸ਼ਿਸ ਕੀਤੀ ਤਾਂ ਉਸ ਤੋਂ ਖੜਾ ਹੀ ਨਹੀਂ ਹੋਇਆ ਗਿਆ। ਫਿਰ ਉੱਥੇ ਡਾਕਟਰਾਂ ਵੱਲੋਂ ਐਮਆਰਆਈ ਕੀਤੀ ਗਈ। ਡਾਕਟਰਾਂ ਨੇ ਕਿਹਾ ਕਿ ਇੱਕ ਸਪਾਈਨਲ ਇੰਜਰੀ ਹੋਣੀ ਹੈ, ਦੱਸਿਆ ਗਿਆ ਸੀ ਕਿ ਰੀੜ ਦੀ ਹੱਡੀ ਦੇ ਤਿੰਨ ਮਣਕੇ ਕਰੈਕ ਹੋ ਚੁੱਕੇ ਹਨ, ਜਿਸ ਲਈ ਚੰਡੀਗੜ੍ਹ ਰੈਫਰ ਕੀਤਾ ਜਾਵੇਗਾ। ਉਸ ਤੋਂ ਬਾਅਦ ਚੰਡੀਗੜ੍ਹ ਤੋਂ ਹੀ ਇਲਾਜ ਚੱਲਿਆ।
ਇੱਕ ਸਾਲ ਦਾ ਗੈਪ
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਸ ਦਿਨ ਉਸ ਦਾ ਟ੍ਰੀਟਮੈਂਟ ਸੀ ਉਸ ਤੋਂ ਅਗਲੇ ਦਿਨ ਪ੍ਰਿੰਸੀਪਲ ਦਾ ਫੋਨ ਆਇਆ ਕਿ ਜੇਕਰ ਵੀਰ ਬੈਠ ਸਕਦਾ ਹੈ ਤਾਂ ਉਹ ਸਕੂਲ ਆ ਜਾਵੇ। ਪ੍ਰਿੰਸੀਪਲ ਨੇ ਕਿਹਾ ਕਿ ਅਸੀਂ ਇਸ ਦੇ ਪੇਪਰਾਂ 'ਚ ਮਦਦ ਕਰ ਦੇਵਾਂਗੇ, ਵੀਰ ਨੇ ਸਿਰਫ ਸਕੂਲ ਆ ਕੇ ਹੀ ਬੈਠਣਾ ਹੈ। ਪਰ ਉਸ ਦੀ ਮਾਂ ਨੇ ਪ੍ਰਿੰਸੀਪਲ ਨੂੰ ਮਨਾ ਕਰ ਦਿੱਤਾ। ਜਿਸ ਕਾਰਨ ਉਸ ਸਾਲ ਉਸ ਦੀ ਦਸਵੀਂ ਕਲਾਸ ਦੀ ਪੜਾਈ ਵਿਚਾਲੇ ਹੀ ਰਹਿ ਗਈ। ਫਿਰ ਇੱਕ ਸਾਲ ਦੇ ਗੈਪ ਤੋਂ ਬਾਅਦ ਦੁਆਰਾ ਦਸਵੀਂ ਦੇ ਪੇਪਰ ਦਿੱਤੇ ਅਤੇ ਦਸਵੀਂ ਕਲਾਸ ਪਾਸ ਕੀਤੀ। ਉਸ ਨੇ ਦਸਵੀਂ ਪਾਸ ਕਰਨ ਤੋਂ ਬਾਅਦ ਆਪਣੀ ਗ੍ਰੈਜੂਏਸ਼ਨ ਵੀ ਕਲੀਅਰ ਕੀਤੀ ਅਤੇ ਹੁਣ ਉਹ ਐਮਏ ਅਤੇ ਈਟੀਟੀ ਦੇ ਪੇਪਰ ਦੇ ਰਿਹਾ ਹੈ।

''ਮੈਂ ਆਪਣਾ ਟਾਈਮ ਪਾਸ ਕਰਨ ਦੇ ਲਈ ਆਂਢ-ਗੁਆਂਢ ਦੇ ਬੱਚਿਆਂ ਨੂੰ ਵੀ ਟਿਊਸ਼ਨ ਪੜਾ ਰਿਹਾ ਅਤੇ ਆਪਣੇ ਘਰਦਿਆਂ ਨਾਲ ਉਨ੍ਹਾਂ ਦੇ ਘਰ ਦੇ ਕੰਮ ਵਿੱਚ ਵੀ ਮਦਦ ਕਰਦਾ ਹਾਂ। ਜਦੋਂ ਮੇਰੇ ਨਾਲ ਹਾਦਸਾ ਹੋ ਜਾਂਦਾ ਹੈ ਤਾਂ ਮੈਂ ਇੱਕ ਤਰ੍ਹਾਂ ਨਾਲ ਆਸ ਹਾਰ ਗਿਆ ਸੀ ਕਿ ਮੈਂ ਹੁਣ ਸ਼ਾਇਦ ਕੁਝ ਵੀ ਨਹੀਂ ਕਰ ਸਕਾਂਗਾ ਪਰ ਕੁਝ ਟਾਈਮ ਪੈਣ ਤੋਂ ਬਾਅਦ ਮੇਰੀ ਦੋਸਤੀ ਕਿਤਾਬਾਂ ਨਾਲ ਹੋ ਜਾਂਦੀ ਹੈ ਅਤੇ ਮੈਂ ਮੰਜੇ ਦੇ ਵਿੱਚ ਪੈ ਕੇ ਹੀ ਆਪਣੀ ਪੜ੍ਹਾਈ ਨੂੰ ਪੂਰਾ ਕਰਨ ਲੱਗ ਪਿਆ। ਜਦੋਂ ਮੈਂ ਦਸਵੀਂ ਕਲੀਅਰ ਕੀਤੀ ਤਾਂ ਉਸ ਤੋਂ ਬਾਅਦ ਮੇਰੇ 'ਚ ਹੌਸਲਾ ਹੋਰ ਵਧਿਆ। ਮੈਂ ਆਪਣੀ ਪੜ੍ਹਾਈ ਨੂੰ ਜਾਰੀ ਰੱਖਦੇ ਹੋਏ ਗ੍ਰੈਜੂਏਸ਼ਨ ਵੀ ਕਲੀਅਰ ਕੀਤੀ ਉਸ ਤੋਂ ਬਾਅਦ ਮੈਂ ਐਮਏ ਦੇ ਪੇਪਰ ਦਿੱਤੇ ਹਨ ਅਤੇ ਈਟੀਟੀ ਦੇ ਪੇਪਰ ਵੀ ਦੇ ਰਿਹਾ ਹਾਂ।''
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਗੁਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਕੀਤੀ ਤਾਂ ਉਸ ਦੇ ਪਿਤਾ ਜੀ ਨੇ ਦੱਸਿਆ ਕਿ ਇੱਕ ਵਾਰ ਤਾਂ ਮੈਨੂੰ ਬਹੁਤ ਵੱਡਾ ਸਦਮਾ ਲੱਗਿਆ ਕਿ ਮੇਰੇ ਮੁੰਡੇ ਦੀਆਂ ਲੱਤਾਂ ਖੜ ਗਈਆਂ ਹਨ, ਪਰ ਵਕਤ ਦੇ ਨਾਲ-ਨਾਲ ਅਸੀਂ ਆਪਣੇ ਬੱਚੇ ਨੂੰ ਹੌਸਲਾ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦਾ ਬੇਟਾ ਚੰਗੀ ਸਿੱਖਿਆ ਹਾਸਲ ਕਰ ਚੁੱਕਿਆ ਹੈ ਤੇ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਲਈ ਮਿਹਨਤ ਵੀ ਕਰ ਰਿਹਾ ਹੈ।