ਖੰਨਾ: ਪੰਜਾਬ ਵਿੱਚ ਕਣਕ ਦਾ ਸੀਜ਼ਨ 1 ਅਪ੍ਰੈਲ ਤੋਂ ਚੱਲ ਰਿਹਾ ਹੈ। ਪਰ, ਫ਼ਸਲ ਹਾਲੇ ਪੂਰੀ ਤਰ੍ਹਾਂ ਨਾਲ ਮੰਡੀਆਂ ਵਿੱਚ ਆਉਣੀ ਸ਼ੁਰੂ ਨਹੀਂ ਹੋਈ ਹੈ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਬੁੱਧਵਾਰ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ। ਇਸ ਦਾ ਉਦਘਾਟਨ ਪੰਜਾਬ ਦੇ ਉਦਯੋਗ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਨੇ ਕੀਤਾ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਡੀਐਫਐਸਸੀ ਸ਼ਿਫਾਲੀ ਚੋਪੜਾ ਵੀ ਉਨ੍ਹਾਂ ਨਾਲ ਮੌਜੂਦ ਸਨ।
ਫ਼ਸਲ ਦੀ ਕੁਆਲਿਟੀ ਅਤੇ ਝਾੜ ਤੋਂ ਖੁਸ਼ ਦਿਖਾਈ ਦਿੱਤੇ ਕਿਸਾਨ
ਇਸ ਦੌਰਾਨ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਨੇ ਆੜ੍ਹਤੀਆਂ, ਕਿਸਾਨਾਂ ਅਤੇ ਸਰਕਾਰੀ ਖ਼ਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ। ਬਦੀਨਪੁਰ ਤੋਂ ਕਿਸਾਨ ਹਰਸਿਮਰਨ ਸਿੰਘ ਆਪਣੀ ਫ਼ਸਲ ਅਨਾਜ ਮੰਡੀ ਵਿੱਚ ਲੈ ਕੇ ਆਇਆ। ਇਸ ਨੂੰ ਮਾਰਕਫੈੱਡ ਨੇ ਰੋਸ਼ਾ ਟ੍ਰੇਡਰਜ਼ ਰਾਹੀਂ ਖਰੀਦਿਆ। ਇਹ ਫ਼ਸਲ 2425 ਰੁਪਏ ਪ੍ਰਤੀ ਕੁਇੰਟਲ ਰੇਟ ਨਾਲ ਵਿਕੀ। ਇਸ ਤੋਂ ਬਾਅਦ ਮੰਤਰੀ ਸੌਂਧ ਦੀ ਮੌਜੂਦਗੀ ਵਿੱਚ ਇੱਕ ਹੋਰ ਢੇਰੀ ਲਈ ਬੋਲੀ ਲਗਾਈ ਗਈ। ਵਪਾਰੀਆਂ ਨੇ ਵੱਧ ਬੋਲੀ ਲਗਾ ਕੇ ਇਸ ਢੇਰੀ ਨੂੰ ਖ਼ਰੀਦਿਆ। ਇਸ ਦਾ ਰੇਟ 2460 ਰੁਪਏ ਪ੍ਰਤੀ ਕੁਇੰਟਲ ਰਿਹਾ। ਆਪਣੀ ਫ਼ਸਲ ਨੂੰ ਮੰਡੀ ਵਿੱਚ ਲਿਆਉਣ ਵਾਲੇ ਕਿਸਾਨ ਫ਼ਸਲ ਦੀ ਕੁਆਲਿਟੀ ਅਤੇ ਝਾੜ ਤੋਂ ਖੁਸ਼ ਦਿਖਾਈ ਦੇ ਰਹੇ ਹਨ।
ਟੈਕਸ ਨਾ ਵਸੂਲ ਕਰਨਾ ਸਰਕਾਰ ਦੀ ਨੀਤੀ ਦਾ ਹਿੱਸਾ
ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਤਰੁਨਪ੍ਰੀਤ ਸੌਂਧ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 7ਵੀਂ ਵਾਰ ਫ਼ਸਲ ਚੁੱਕਣ ਜਾ ਰਹੀ ਹੈ। ਜਿਵੇਂ ਪਿਛਲੀਆਂ 6 ਫਸਲਾਂ ਵਿੱਚ ਕੋਈ ਸਮੱਸਿਆ ਨਹੀਂ ਸੀ, ਇਸ ਵਾਰ ਵੀ ਮੰਡੀਆਂ ਵਿੱਚ ਢੁੱਕਵੇਂ ਪ੍ਰਬੰਧ ਹਨ। ਕਿਸੇ ਕਿਸਾਨ ਨੂੰ ਰਾਤ ਮੰਡੀ ਵਿੱਚ ਨਹੀਂ ਕੱਟਣੀ ਪਵੇਗੀ। ਫਸਲ ਤੁਰੰਤ ਖਰੀਦੀ ਜਾਵੇਗੀ। ਭੁਗਤਾਨ ਵੀ ਸਮੇਂ ਸਿਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਵਪਾਰੀਆਂ ਤੋਂ ਫਸਲਾਂ ਦੀ ਖਰੀਦ 'ਤੇ ਕਿਸੇ ਵੀ ਤਰ੍ਹਾਂ ਦਾ ਟੈਕਸ ਨਾ ਵਸੂਲ ਕਰਨਾ ਸਰਕਾਰ ਦੀ ਖੇਤੀਬਾੜੀ ਨਾਲ ਸਬੰਧਤ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਦਾ ਹਿੱਸਾ ਹੈ। ਸੂਬੇ ਦੀ ਨਵੀਂ ਉਦਯੋਗਿਕ ਨੀਤੀ ਵਿੱਚ ਵਪਾਰੀਆਂ ਲਈ ਵੀ ਵੱਡੀਆਂ ਟੈਕਸ ਛੋਟਾਂ ਹੋਣਗੀਆਂ।
ਫਸਲ ਮੰਡੀ ਲਿਆਉਣ ਵਾਲਿਆਂ ਲਈ ਹਿਦਾਇਤ
ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਨੂੰ ਸੁਕਾ ਕੇ ਮੰਡੀ ਵਿੱਚ ਲਿਆਉਣਾ ਚਾਹੀਦਾ ਹੈ। ਜਿਸ ਫ਼ਸਲ ਵਿੱਚ 12 ਪ੍ਰਤੀਸ਼ਤ ਨਮੀ ਹੋਵੇਗੀ, ਉਸ ਦੀ ਬੋਲੀ ਤੁਰੰਤ ਲਗਾਈ ਜਾਵੇਗੀ। ਜੇਕਰ ਇਸ ਤੋਂ ਵੱਧ ਨਮੀ ਹੋਈ ਤਾਂ ਕਿਸਾਨ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਇਸ ਮੌਕੇ ਐਸਡੀਐਮ ਬਲਜਿੰਦਰ ਸਿੰਘ ਢਿੱਲੋਂ, ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿੱਲ, ਡੀਐਫਐਸਓ ਨਰਿੰਦਰ ਸਿੰਘ ਕੌੜੀ, ਮਾਰਕੀਟ ਕਮੇਟੀ ਸਕੱਤਰ ਕਮਲਦੀਪ ਸਿੰਘ ਮਾਨ, ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਿਆਲ ਸਿੰਘ ਦਿਆਲੀ, ਮਲਕੀਤ ਸਿੰਘ ਮੀਤਾ, ਇੰਸਪੈਕਟਰ ਹਰਭਜਨ ਸਿੰਘ, ਇੰਸਪੈਕਟਰ ਪਰਮਿੰਦਰ ਸਿੰਘ, ਵਿਕਾਸ ਕਪਿਲਾ ਆਦਿ ਹਾਜ਼ਰ ਸਨ।