ਕਪੂਰਥਲਾ: ਪਿਛਲੇ ਦਿਨੀਂ ਵਿਸਾਖੀ ਦੇ ਤਿਉਹਾਰ 'ਤੇ ਪਿੰਡ ਬੇਰੋਵਾਲ ਨੇੜੇ ਬਿਆਸ ਦਰਿਆ 'ਚ ਨਹਾਉਣ ਗਏ ਚਾਰ ਨੌਜਵਾਨਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਸੀ। ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਿਨ੍ਹਾਂ ਨੂੰ ਬਹੁਤ ਮੁਸ਼ਕਿਲ ਨਾਲ ਦਰਿਆ ਵਿੱਚੋਂ ਕੱਢਿਆ ਗਿਆ ਸੀ। ਹਾਲਾਂਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫੱਤੂਢੀਂਗਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਗੋਤਾਖੋਰਾਂ ਦੀ ਮਦਦ ਨਾਲ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।
ਮ੍ਰਿਤਕਾਂ ਦੀ ਪਛਾਣ 17 ਸਾਲਾ ਅਰਸ਼ਦੀਪ ਸਿੰਘ ਅਤੇ ਜਸਪਾਲ ਸਿੰਘ ਵਜੋਂ ਹੋਈ ਹੈ, ਦੋਵੇਂ ਪੀਰੇਵਾਲ ਪਿੰਡ ਦੇ ਰਹਿਣ ਵਾਲੇ ਹਨ। ਜਦੋਂ ਕਿ ਵਿਸ਼ਾਲ ਅਤੇ ਗੁਰਪ੍ਰੀਤ ਸਿੰਘ, ਦੋਵੇਂ ਵੀ ਪਿੰਡ ਪੀਰੇਵਾਲ ਦੇ ਵਸਨੀਕ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਚਸ਼ਮਦੀਦਾਂ ਨੇ ਦੱਸੀ ਸਾਰੀ ਕਹਾਣੀ
ਇਸ ਮਾਮਲੇ ਨੂੰ ਲੈ ਕੇ ਹੁਣ ਬਿਆਸ ਦਰਿਆ ਵਿੱਚ ਡੁੱਬਣ ਵਾਲੇ ਨੌਜਵਾਨਾਂ ਦੇ ਸਾਥੀ ਵੀ ਕੈਮਰੇ ਸਾਹਮਣੇ ਆਏ ਹਨ। ਜਿਨ੍ਹਾਂ ਵੱਲੋਂ ਘਟਨਾ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਡੁੱਬਣ ਵਾਲੇ ਨੌਜਵਾਨਾਂ ਦੇ ਸਾਥੀ ਸੌਰਭ ਅਤੇ ਕਰਨ ਦੋਵੇਂ ਵਾਸੀ ਪਿੰਡ ਪੀਰੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, 'ਵਿਸਾਖੀ ਵਾਲੇ ਦਿਨ ਉਹ ਕੁੱਲ੍ਹ 7 ਦੋਸਤ ਬਿਆਸ ਦਰਿਆ ਦੇ ਵਿੱਚ ਨਹਾਉਣ ਗਏ ਸਨ। ਇਸ ਦੌਰਾਨ ਅਚਾਨਕ ਉਨਾਂ ਦੇ ਇੱਕ ਸਾਥੀ ਅਰਸ਼ਦੀਪ ਸਿੰਘ ਦਾ ਪੈਰ ਡੂੰਘੇ ਪਾਣੀ ਵਿੱਚ ਚਲਾ ਜਾਂਦਾ ਹੈ ਜਿਸ ਨੂੰ ਬਚਾਉਣ ਦੇ ਲਈ ਦੂਸਰਾ ਸਾਥੀ ਗੁਰਪ੍ਰੀਤ ਸਿੰਘ ਮੌਕੇ ਉੱਤੇ ਪਹੁੰਚਦਾ ਹੈ ਪਰ ਉਸ ਨੂੰ ਬਚਾਉਂਦਿਆਂ ਬਚਾਉਂਦਿਆਂ ਗੁਰਪ੍ਰੀਤ ਵੀ ਡੂੰਘੇ ਪਾਣੀ ਵਿੱਚ ਡੁੱਬਣ ਲੱਗਦਾ ਹੈ। ਜਿਸ ਤੋਂ ਬਾਅਦ ਵਿਸ਼ਾਲ ਅਤੇ ਜਸਪਾਲ ਵੀ ਉਨ੍ਹਾਂ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕਰਦੇ ਹਨ ਪਰ ਉਹ ਵੀ ਦਰਿਆ ਬਿਆਸ ਦੇ ਡੂੰਘੇ ਪਾਣੀ ਵਿੱਚ ਡੁੱਬ ਜਾਂਦੇ ਹਨ।'


ਦੇਖਦੇ ਹੀ ਦੇਖਦੇ ਚਾਰੇ ਪਾਣੀ ਵਿੱਚ ਡੁੱਬ ਗਏ
ਚਸ਼ਮਦੀਦਾਂ ਨੇ ਦੱਸਿਆ ਕਿ ਦੇਖਦਿਆਂ ਹੀ ਦੇਖਦਿਆਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਉਹ ਚਾਰੇ ਦਰਿਆ ਬਿਆਸ ਦੇ ਪਾਣੀ ਵਿੱਚ ਡੁੱਬ ਜਾਂਦੇ ਹਨ। ਹਾਲਾਂਕਿ ਉਨ੍ਹਾਂ ਵੱਲੋਂ ਉੱਚੀ ਉੱਚੀ ਰੋਲੀ ਵੀ ਪਾਇਆ ਜਾਂਦਾ ਹੈ,ਨੇੜੇ ਖੜੀ ਇੱਕ ਬੇੜੀ ਦੇ ਮਲਾਹ ਨੂੰ ਵੀ ਆਵਾਜ਼ਾਂ ਮਾਰੀਆਂ ਗਈਆਂ ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਡੁੱਬਣ ਵਾਲਿਆਂ ਵਿੱਚੋਂ ਕਿਸੇ ਨੂੰ ਵੀ ਤੈਰਨਾ ਨਹੀਂ ਆਉਂਦਾ ਸੀ, ਜਿਸ ਦੇ ਚੱਲਦਿਆਂ ਉਹ ਥੋੜ੍ਹੇ ਪਾਣੀ ਵਿੱਚ ਹੀ ਨਹਾ ਰਹੇ ਸਨ ਪਰ ਅਚਾਨਕ ਇੱਕ ਸਾਥੀ ਦਾ ਪੈਰ ਡੂੰਘੇ ਪਾਣੀ ਵਿੱਚ ਪੈ ਜਾਣ ਕਾਰਨ ਇੱਕ ਦੂਜੇ ਨੂੰ ਬਚਾਉਂਦਿਆਂ ਹੋਇਆਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਹੈ।
