ਕਪੂਰਥਲਾ: ਜ਼ਿਲ੍ਹੇ ਦੇ ਪਿੰਡ ਪੀਰਵਾਲ ਦੇ ਵਸਨੀਕ ਚਾਰ ਨੌਜਵਾਨਾਂ ਦੀ ਵਿਸਾਖੀ ਦੇ ਤਿਉਹਾਰ 'ਤੇ ਬਿਆਸ ਦਰਿਆ ਵਿੱਚ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ ਹੋ ਗਈ ਸੀ। ਇਸ ਦੇ ਮਾਮਲੇ ਵਿੱਚ ਵੀਰਵਾਰ ਨੂੰ ਪੰਜਵੇਂ ਦਿਨ ਇੱਕ ਹੋਰ ਨੌਜਵਾਨ ਦੀ ਲਾਸ਼ ਮਿਲੀ ਹੈ। ਜਦਕਿ ਵਿਸਾਖੀ ਵਾਲੇ ਦਿਨ, ਘਟਨਾ ਤੋਂ ਥੋੜ੍ਹੀ ਦੇਰ ਬਾਅਦ ਦੋ ਨੌਜਵਾਨਾਂ ਨੂੰ ਬਚਾਇਆ ਗਿਆ ਅਤੇ ਸਿਵਲ ਹਸਪਤਾਲ ਭੇਜਿਆ ਗਿਆ, ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਐਨਡੀਆਰਐਫ ਦੀ ਟੀਮ ਨੇ ਤਿੰਨ ਦਿਨ ਬਚਾਅ ਕਾਰਜ ਵੀ ਕੀਤੇ। ਫੱਤੂਢੀਂਗਾ ਪੁਲਿਸ ਨੇ ਅੱਜ ਪੰਜਵੇਂ ਦਿਨ ਵੀ ਇੱਕ ਨੌਜਵਾਨ ਵਿਸ਼ਾਲ ਜੀਤ ਸਿੰਘ ਦੀ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ। ਚੌਥੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਭਾਲ ਅਜੇ ਵੀ ਜਾਰੀ ਹੈ।
ਪੀੜਤ ਪਰਿਵਾਰਾਂ ਵਲੋਂ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਮਨਾਹੀ
ਮੌਕੇ ਉੱਤੇ ਪਹੁੰਚੇ ਏਐਸਆਈ ਪਿਆਰਾ ਸਿੰਘ ਨੇ ਦੱਸਿਆ ਕਿ "ਵਿਸਾਖੀ ਵਾਲੇ ਦਿਨ 4 ਜਣੇ ਨਹਾਉਂਦੇ ਹੋਏ ਦਰਿਆ ਵਿੱਚ ਡੁੱਬ ਗਏ, ਜਿਨ੍ਹਾਂ ਚੋਂ ਤਿੰਨ ਦਾ ਲਾਸ਼ ਮਿਲ ਚੁੱਕੀ ਹੈ। ਚੌਥੇ ਦੀ ਭਾਲ ਅਜੇ ਵੀ ਜਾਰੀ ਹੈ। ਤੀਜੇ ਮ੍ਰਿਤਕ ਦੀ ਲਾਸ਼ ਵੀਰਵਾਰ ਨੂੰ ਮਿਲੀ ਹੈ। ਪਿੰਡ ਵਾਸੀਆਂ ਵਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਮਨਾ ਕੀਤਾ ਗਿਆ ਹੈ।"

ਵਿਸਾਖੀ ਦਿਨ ਵਾਪਰੀ ਇਹ ਮੰਦਭਾਗੀ ਘਟਨਾ
ਦੱਸ ਦੇਈਏ ਕਿ ਵਿਸਾਖੀ ਵਾਲੇ ਦਿਨ ਨਹਾਉਂਦੇ ਸਮੇਂ ਡੁੱਬਣ ਵਾਲੇ ਚਾਰ ਨੌਜਵਾਨਾਂ ਵਿੱਚ ਜਸਪਾਲ ਸਿੰਘ ਪੁੱਤਰ ਕਲਮਜੀਤ ਸਿੰਘ, ਅਰਸ਼ਦੀਪ ਸਿੰਘ, ਵਿਸ਼ਾਲ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ। ਸਾਰੇ ਪਿੰਡ ਪੀਰਵਾਲ ਦੇ ਰਹਿਣ ਵਾਲੇ ਹਨ। ਜਦਕਿ ਸਥਾਨਕ ਗੋਤਾਖੋਰਾਂ ਨੇ ਪਹਿਲੇ ਦਿਨ ਦੋ ਨੌਜਵਾਨਾਂ (ਅਰਸ਼ਦੀਪ ਸਿੰਘ ਪੁੱਤਰ ਮਨਪ੍ਰੀਤ ਸਿੰਘ ਅਤੇ ਜਸਪਾਲ ਸਿੰਘ ਪੁੱਤਰ ਕਰਮਜੀਤ ਸਿੰਘ) ਨੂੰ ਬਚਾਇਆ ਸੀ, ਪਰ ਜਾਨ ਨਹੀ ਬਚ ਸਕੀ, ਜਿਨ੍ਹਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ ਹੋ ਗਈ।

ਪਿੰਡ ਵਾਸੀਆਂ ਵਲੋਂ ਪੰਜਾਬ ਸਰਕਾਰ ਨੂੰ ਅਪੀਲ
ਮੌਕੇ 'ਤੇ ਮੌਜੂਦ ਸਥਾਨਕ ਵਾਸੀਆਂ ਨੇ ਕਿਹਾ ਕਿ, "ਜਸਪਾਲ ਸਿੰਘ ਅਤੇ ਅਰਸ਼ਦੀਪ ਦੀਆਂ ਲਾਸ਼ਾਂ ਘਟਨਾ ਤੋਂ ਕੁਝ ਘੰਟਿਆਂ ਬਾਅਦ ਮਿਲੀਆਂ। ਪਰ, ਪਿੰਡ ਵਾਸੀਆਂ ਨੂੰ ਅੱਜ ਪੰਜਵੇਂ ਦਿਨ ਵਿਸ਼ਾਲ ਦੀਪ ਦੀ ਲਾਸ਼ ਮਿਲੀ ਅਤੇ ਚੌਥੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਭਾਲ ਜਾਰੀ ਹੈ। ਚਾਰਾਂ ਨੌਜਵਾਨਾਂ ਦੇ ਪਰਿਵਾਰਾਂ ਦੇ ਆਰਥਿਕ ਹਾਲਾਤ ਕੁੱਝ ਜ਼ਿਆਦਾ ਚੰਗੇ ਨਹੀ ਹਨ। ਪੰਜਾਬ ਸਰਕਾਰ ਤੋਂ ਅਪੀਲ ਕਰਦੇ ਹਨ ਕਿ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ।"