ਚੰਡੀਗੜ੍ਹ: ਇਸ ਸਮੇਂ ਜਿੱਥੇ ਪੰਜਾਬ 'ਚ ਗਰਮੀ ਆਪਣਾ ਅਸਰ ਵਿਖਾ ਰਹੀ ਹੈ। ਉੱਥੇ ਹੀ ਪੰਜਾਬ ਦੀ ਸਿਆਸਤ 'ਚ ਵੀ ਪੂਰਾ ਉਬਾਲ ਆ ਚੁੱਕਾ ਹੈ। ਸਿਆਸਤ ਦਾ ਭਾਰਾ ਪੂਰੇ ਸੱਤਵੇਂ ਆਸਮਾਨ 'ਤੇ ਪਹੁੰਚ ਚੁੱਕਾ ਹੈ। ਇਸ ਗਰਮਾਹਟ ਦਾ ਕਾਰਨ ਸਿਰਫ਼ ਤੇ ਸਿਰਫ਼ ਇੱਕ ਬਿਆਨ ਹੈ। ਬਿਆਨ ਵੀ ਅਜਿਹਾ ਕਿ ਸੁਣ ਕੇ ਸਭ ਦੇ ਰੌਂਗੰਟੇ ਖੜ੍ਹੇ ਹੋ ਗਏ ਅਤੇ ਕੇਸ ਵੀ ਦਰਜ ਹੋ ਗਿਆ।
ਕਿਹੜੇ ਬਿਆਨ ਕਾਰਨ ਸਿਆਸਤ 'ਚ ਆਇਆ ਭੂਚਾਲ
ਤੁਹਾਨੂੰ ਦੱਸ ਦਈਏ ਕਿ ਪੰਜਾਬ 'ਚ ਲਗਾਤਾਰ ਗ੍ਰਨੇਡ ਹਮਲੇ ਹੋ ਰਹੇ ਹਨ। ਇਸੇ ਨੂੰ ਲੈ ਕੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਇੰਟਰਵਿਊ ਵਿੱਚ ਕਿਹਾ "ਕਿ ਪੰਜਾਬ ਵਿੱਚ 50 ਗ੍ਰਨੇਡ ਆਏ ਸਨ, ਜਿਨ੍ਹਾਂ ਵਿੱਚੋਂ 18 ਦੀ ਵਰਤੋਂ ਕੀਤੀ ਜਾ ਚੁੱਕੀ ਹੈ। 32 ਅਜੇ ਬਾਕੀ ਹਨ।" ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਬਾਜਵਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।ਇਸ ਦੇ ਨਾਲ ਹੀ ਇਸ ਬਿਆਨ ਨੂੰ ਲੈ ਕੇ ਮੋਹਾਲੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬਾਜਵਾ ਵਿਰੁੱਧ ਮੋਹਾਲੀ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਸੀਆਰਪੀਸੀ ਦੀ ਧਾਰਾ 197 (1) (ਡੀ) ਅਤੇ 353 (2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬੀਐਨਐਸ ਦੀ ਧਾਰਾ 197 (1) (ਡੀ) ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦਾ ਪ੍ਰਚਾਰ ਕਰਨ ਲਈ ਹੈ ਜੋ ਭਾਰਤ ਦੀ ਸੁਰੱਖਿਆ, ਏਕਤਾ ਅਤੇ ਅਖੰਡਤਾ ਨੂੰ ਖਤਰੇ ਵਿੱਚ ਪਾਉਂਦੀ ਹੈ, ਅਤੇ ਧਾਰਾ 353 (2) ਵੱਖ-ਵੱਖ ਭਾਈਚਾਰਿਆਂ ਵਿੱਚ ਨਫ਼ਰਤ ਭੜਕਾਉਣ ਦੇ ਇਰਾਦੇ ਨਾਲ ਗਲਤ ਜਾਣਕਾਰੀ ਫੈਲਾਉਣ ਲਈ ਹੈ। ਹਾਲਾਂਕਿ ਪੁਲਿਸ ਵੱਲੋਂ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ।
ਕਾਊਂਟਰ ਇੰਟੈਲੀਜੈਂਸ ਵੱਲੋਂ ਪੁੱਛਗਿੱਛ
ਕਾਬਲੇਜ਼ਿਕਰ ਹੈ ਕਿ ਕਾਊਂਟਰ ਇੰਟੈਲੀਜੈਂਸ ਟੀਮ ਐਤਵਾਰ ਨੂੰ ਪ੍ਰਤਾਪ ਬਾਜਵਾ ਦੇ ਘਰ ਗਈ ਅਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਅਤੇ ਉਹਨਾਂ ਦੇ ਬਿਆਨ ਦਾ ਆਧਾਰ ਪੁੱਛਿਆ। ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਰਵਜੋਤ ਗਰੇਵਾਲ ਨੇ ਕਿਹਾ ਹੈ ਕਿ ਇਹ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਬਹੁਤ ਹੀ ਸੰਵੇਦਨਸ਼ੀਲ ਜਾਣਕਾਰੀ ਹੈ। ਬਾਜਵਾ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ ਅਤੇ ਇਸ ਜਾਣਕਾਰੀ ਦੇ ਸਰੋਤ ਦਾ ਖੁਲਾਸਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਸ਼ਾਮ ਨੂੰ ਮੋਹਾਲੀ ਵਿੱਚ ਬਾਜਵਾ ਵਿਰੁੱਧ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ।
ਕੀ ਅੱਤਵਾਦੀ ਬਾਜਵਾ ਨੂੰ ਜਾਣਕਾਰੀ ਦੇ ਰਹੇ ਹਨ?: ਮੁੱਖ ਮੰਤਰੀ
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜਵਾ 'ਤੇ ਹਮਲਾ ਬੋਲਿਆ ਅਤੇ ਪੁੱਛਿਆ ਕਿ "ਉਨ੍ਹਾਂ ਨੂੰ ਬੰਬ ਧਮਾਕੇ ਦੀ ਜਾਣਕਾਰੀ ਕਿੱਥੋਂ ਮਿਲੀ। ਕੀ ਉਨ੍ਹਾਂ ਦਾ ਪਾਕਿਸਤਾਨ ਨਾਲ ਸਿੱਧਾ ਸਬੰਧ ਹੈ? ਕੀ ਅੱਤਵਾਦੀ ਉਨ੍ਹਾਂ ਨੂੰ ਜਾਣਕਾਰੀ ਦੇ ਰਹੇ ਹਨ? ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿੱਚ 50 ਬੰਬਾਂ ਦੀ ਗੱਲ ਕਰ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਇਹ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਪੰਜਾਬ ਵਿੱਚ ਬੰਬ ਕਿੱਥੇ ਰੱਖੇ ਗਏ ਹਨ। ਨਹੀਂ ਤਾਂ, ਪੁਲਿਸ ਨੂੰ ਪ੍ਰਤਾਪ ਬਾਜਵਾ ਵਿਰੁੱਧ ਗਲਤ ਜਾਣਕਾਰੀ ਦੇਣ ਅਤੇ ਦਹਿਸ਼ਤ ਫੈਲਾਉਣ ਲਈ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾਣਗੇ।"
ਉਨ੍ਹਾਂ ਅੱਗੇ ਕਿਹਾ, "ਜੇਕਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿੱਚ ਬੰਬਾਂ ਬਾਰੇ ਜਾਣਕਾਰੀ ਦਿੱਤੀ ਹੈ, ਤਾਂ ਉਨ੍ਹਾਂ ਦਾ ਪਾਕਿਸਤਾਨ ਨਾਲ ਕੀ ਸਬੰਧ ਹੈ ਕਿ ਉੱਥੋਂ ਦੇ ਅੱਤਵਾਦੀ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਫ਼ੋਨ ਕਰ ਰਹੇ ਹਨ ਅਤੇ ਦੱਸ ਰਹੇ ਹਨ ਕਿ ਉਨ੍ਹਾਂ ਨੇ ਕਿੰਨੇ ਬੰਬ ਭੇਜੇ ਹਨ? ਇਹ ਜਾਣਕਾਰੀ ਨਾ ਤਾਂ ਖੁਫੀਆ ਜਾਣਕਾਰੀ ਕੋਲ ਹੈ ਅਤੇ ਨਾ ਹੀ ਇਹ ਕੇਂਦਰ ਸਰਕਾਰ ਤੋਂ ਆਈ ਹੈ, ਪਰ ਜੇਕਰ ਇੰਨੇ ਵੱਡੇ ਵਿਰੋਧੀ ਨੇਤਾ ਨੂੰ ਇਹ ਜਾਣਕਾਰੀ ਮਿਲੀ ਹੈ, ਤਾਂ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਪੰਜਾਬ ਪੁਲਿਸ ਨੂੰ ਦੱਸਦੇ ਕਿ ਇੱਥੇ ਬੰਬ ਹਨ। ਕੀ ਉਹ ਬੰਬਾਂ ਦੇ ਫਟਣ ਅਤੇ ਲੋਕਾਂ ਦੇ ਮਰਨ ਦੀ ਉਡੀਕ ਕਰ ਰਹੇ ਸਨ ਤਾਂ ਜੋ ਉਨ੍ਹਾਂ ਦੀ ਰਾਜਨੀਤੀ ਜਾਰੀ ਰਹਿ ਸਕੇ? ਅਤੇ ਜੇਕਰ ਇਹ ਝੂਠ ਹੈ, ਤਾਂ ਕੀ ਉਹ ਅਜਿਹੀਆਂ ਗੱਲਾਂ ਕਹਿ ਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ?"
ਮੈਂ ਆਪਣੇ ਬਿਆਨ 'ਤੇ ਕਾਇਮ ਹਾਂ, ਸਰੋਤ ਨਹੀਂ ਦੱਸਾਂਗਾ: ਬਾਜਵਾ
ਉਧਰ ਬਾਜਵਾ ਸਾਹਿਬ ਵੀ ਕਿੱਥੇ ਦੱਬਣ ਵਾਲੇ ਨੇ ਉਨ੍ਹਾਂ ਕਿਹਾ ਕਿ "ਸੀਐਮ ਮਾਨ ਸੱਤਾ ਦੀ ਦੁਰਵਰਤੋਂ ਕਰ ਰਹੇ ਹਨ। ਜੇਕਰ ਉਹ ਮੇਰੇ ਖਿਲਾਫ ਕੇਸ ਦਰਜ ਕਰਨਾ ਚਾਹੁੰਦਾ ਹੈ ਤਾਂ ਉਸਦਾ ਸਵਾਗਤ ਹੈ। ਮੈਂ ਇੱਕ ਸੰਵਿਧਾਨਕ ਅਹੁਦਾ ਸੰਭਾਲਦਾ ਹਾਂ ਅਤੇ ਮੇਰੇ ਕੋਲ ਸੰਵੇਦਨਸ਼ੀਲ ਜਾਣਕਾਰੀ ਹੈ। ਮੈਂ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਮੈਂ ਆਪਣੇ ਬਿਆਨ 'ਤੇ ਕਾਇਮ ਹਾਂ। ਮੈਂ ਆਪਣੇ ਸਰੋਤਾਂ ਦਾ ਖੁਲਾਸਾ ਨਹੀਂ ਕਰਾਂਗਾ। ਮੁੱਖ ਮੰਤਰੀ ਨੂੰ ਸ਼ਾਸਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਜਾਇਜ਼ ਚਿੰਤਾਵਾਂ ਉਠਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਸਰਹੱਦ ਪਾਰ ਦੇ ਖਤਰਿਆਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ।
ਬਿਕਰਮ ਮਜੀਠੀਆ ਦੀ ਐਂਟਰੀ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਸਰਕਾਰ ਨੂੰ ਜਾਣਕਾਰੀ ਦੇਣ ਤੇ ਸਰਕਾਰ ਕਾਰਵਾਈ ਕਰੇ ਅਜਿਹੇ 'ਚ ਬਿਕਰਮ ਮਜੀਠੀਆ ਦੀ ਐਂਟਰੀ ਨਾ ਹੋਵੇ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਮਜੀਠੀਆ ਨੇ ਆਖਿਆ ਕਿ "ਜਿਹੜਾ ਬੰਦਾ ਕਾਨੂੰਨ ਵਿਵਸਥਾ ਦੀ ਗੱਲ ਕਰਦਾ ਹੈ ਸਰਕਾਰ ਉਸ ਦੇ ਗਲਾਵੇਂ ਤੱਕ ਜਾਂਦੇ ਹਨ। ਉਨ੍ਹਾਂ ਕਿਹਾ ਮਜੀਠਾ ਹਲਕੇ ਵੀ 17 ਬਲਾਸਟ ਹੋ ਚੱੁਕੇ ਨੇ ਤੇ ਇੱਕ ਕਤਲ ਇਸ ਲਈ ਪੁਲਿਸ ਇਸ ਦਾ ਖੁਲਾਸਾ ਕਰਕੇ ਨਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਪਰਦਾ ਪਾਵੇ।"
ਕਾਂਗਰਸੀ ਸੰਸਦ ਮੈਂਬਰ ਅਤੇ ਵਿਧਾਇਕ ਬਾਜਵਾ ਦੇ ਸਮਰਥਨ 'ਚ ਆਏ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਕਾਰਨ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੇ ਜਾਣ ਤੋਂ ਬਾਅਦ, ਅੱਜ ਕਾਂਗਰਸੀ ਸੰਸਦ ਮੈਂਬਰ, ਵਿਧਾਇਕ ਅਤੇ ਸੀਨੀਅਰ ਆਗੂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਮਰਥਨ ਵਿੱਚ ਸਾਹਮਣੇ ਆਏ। ਕਾਂਗਰਸੀ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਆਗੂਆਂ ਨੇ 'ਆਪ' ਸਰਕਾਰ ਨੂੰ ਕਿਹਾ ਕਿ "ਉਹ ਲੋਕਾਂ ਦਾ ਧਿਆਨ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਲਈ ਪੈਦਾ ਹੋਏ ਗੰਭੀਰ ਖ਼ਤਰੇ ਤੋਂ ਨਾ ਹਟਾਏ। ਉਨ੍ਹਾਂ ਕਿਹਾ ਕਿ ਬਾਜਵਾ ਨੇ ਜੋ ਖੁਲਾਸਾ ਕੀਤਾ ਹੈ ਉਹ ਪਹਿਲਾਂ ਹੀ ਜਨਤਕ ਖੇਤਰ ਵਿੱਚ ਹੈ ਅਤੇ ਕਈ ਦਿਨਾਂ ਤੋਂ ਵੱਖ-ਵੱਖ ਅਖਬਾਰਾਂ ਵਿੱਚ ਇਸਦੀ ਰਿਪੋਰਟਿੰਗ ਹੋ ਰਹੀ ਹੈ। ਆਗੂਆਂ ਨੇ ਸਰਕਾਰ ਦਾ ਧਿਆਨ ਪੁਲਿਸ ਥਾਣਿਆਂ, ਧਾਰਮਿਕ ਸਥਾਨਾਂ ਅਤੇ ਇੱਕ ਸੀਨੀਅਰ ਭਾਜਪਾ ਨੇਤਾ ਦੇ ਨਿਵਾਸ ਸਥਾਨ 'ਤੇ ਗ੍ਰਨੇਡ ਹਮਲਿਆਂ ਦੀਆਂ ਵੀਹ ਤੋਂ ਵੱਧ ਘਟਨਾਵਾਂ, ਬਾਬਾ ਸਾਹਿਬ ਅੰਬੇਡਕਰ ਦੀਆਂ ਮੂਰਤੀਆਂ ਦੀ ਬੇਅਦਬੀ ਵੱਲ ਖਿੱਚਿਆ।ਸਰਕਾਰ ਦੇ ਸਖ਼ਤ ਰਵੱਈਏ ਅਤੇ ਬਾਜਵਾ ਨੂੰ ਡਰਾਉਣ ਅਤੇ ਫਸਾਉਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦੇ ਹੋਏ, ਕਾਂਗਰਸੀ ਆਗੂਆਂ ਨੇ ਸਰਕਾਰ ਨੂੰ ਕਿਹਾ ਕਿ ਕੁਝ ਵੀ ਇਸਨੂੰ ਉਸਦੇ ਗੁਨਾਹਾਂ ਤੋਂ ਨਹੀਂ ਬਚਾ ਸਕਦਾ।"