ਅੰਮ੍ਰਿਤਸਰ: ਪ੍ਰੇਮ ਸਬੰਧਾਂ ਦੇ ਚੱਲਦੇ ਅਕਸਰ ਕਤਲ ਜਾਂ ਕਤਲ ਦੀ ਕੋਸ਼ਿਸ਼ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜੋ ਮਨੁੱਖੀ ਰਿਸ਼ਤਿਆਂ 'ਤੇ ਕਈ ਸਵਾਲ ਖੜੇ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡਾਂ ਤੋਂ ਸਾਹਮਣੇ ਆਇਆ ਹੈ, ਜਿਥੇ ਆਪਣੀ ਧੀ ਦੇ ਪ੍ਰੇਮ ਸਬੰਧਾਂ ਤੋਂ ਤੰਗ ਆ ਕੇ ਇੱਕ ਪਿਓ ਵੱਲੋਂ ਧੀ ਅਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਵਾਲਾ ਮੁਲਜ਼ਮ ਪੁਲਿਸ ਨੇ ਕਾਬੂ ਕਰ ਲਿਆ ਹੈ। ਜਿਸ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਧੀ ਦੇ ਪ੍ਰੇਮ ਸਬੰਧਾਂ ਤੋਂ ਤੰਗ ਪਿਓ ਦਾ ਕਾਰਾ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਰਾਜਾਸਾਂਸੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਕਤਲ ਕੀਤੇ ਮੁੰਡਾ-ਕੁੜੀ ਨਜ਼ਦੀਕੀ ਪਿੰਡ ਦੇ ਸਨ। ਉਨ੍ਹਾਂ ਦੱਸਿਆ ਕਿ ਮੁੰਡਾ ਟਰੈਕਟਰ 'ਤੇ ਮਿੱਟੀ ਪਾਉਣ ਦਾ ਕੰਮ ਕਰਦਾ ਸੀ। ਜੋ ਕਾਤਲ ਦੇ ਘਰ ਨਜ਼ਦੀਕ ਹੀ ਮਿੱਟੀ ਪਾਉਂਦਾ ਸੀ, ਤਾਂ ਉਥੇ ਹੀ ਉਸ ਦੇ ਮ੍ਰਿਤਕ ਲੜਕੀ ਨਾਲ ਪ੍ਰੇਮ ਸਬੰਧ ਬਣ ਗਏ। ਜਿਸ ਦਾ ਲੜਕੀ ਦਾ ਪਿਓ ਗੁਰਦਿਆਲ ਵਿਰੋਧ ਕਰਦਾ ਸੀ। ਜਿਸ ਦੇ ਚੱਲਦੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ।
ਧੀ ਤੇ ਪ੍ਰੇਮੀ ਦਾ ਪਿਓ ਨੇ ਕੀਤਾ ਕਤਲ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਐਨਐਸ ਦੀ ਧਾਰਾਵਾਂ ਹੇਠ ਥਾਣਾ ਲੋਪੋਕੇ 'ਚ ਪਰਚਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀ ਦੀ ਉਮਰ ਕਰੀਬ 23 ਸਾਲ ਦੇ ਵਿਚਕਾਰ, ਜਦਕਿ ਲੜਕੇ ਦੀ ਉਮਰ ਕਰੀਬ 25 ਸਾਲ ਦੇ ਵਿਚਕਾਰ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪ੍ਰੇਮ ਸਬੰਧ ਕਦੋਂ ਤੋਂ ਸੀ, ਇਹ ਜਾਂਚ 'ਚ ਪਤਾ ਲੱਗੇਗਾ ਪਰ ਪਰਿਵਾਰ ਨੂੰ ਵੀ ਇੰਨ੍ਹਾਂ ਦੇ ਪ੍ਰੇਮ ਸਬੰਧਾਂ ਦਾ ਲੰਘੀ 1 ਤਰੀਕ ਨੂੰ ਹੀ ਪਤਾ ਲੱਗਿਆ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕਿਆ ਹੈ ਤੇ ਉਸ ਤੋਂ ਜਾਂਚ 'ਚ ਪੁੱਛਗਿਛ ਕਰਾਂਗੇ ਕਿ ਉਸ ਨੇ ਇਹ ਵਾਰਦਾਤ ਕਿਉਂ ਕੀਤੀ ਤੇ ਕਿਸ ਤਰ੍ਹਾਂ ਕੀਤੀ ਹੈ।
ਪੁਲਿਸ ਦੀ ਗ੍ਰਿਫ਼ਤ 'ਚ ਕਾਤਲ ਪਿਓ
ਉਥੇ ਹੀ, ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਤਲ ਕਰਨ ਵਾਲਾ ਫਿਲਹਾਲ ਇੱਕ ਹੀ ਮੁਲਜ਼ਮ ਹੈ, ਜਿਸ ਦਾ ਪੁਲਿਸ ਨੂੰ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਾਂਚ ਕੀਤੀ ਜਾਵੇਗੀ ਕਿ ਕੋਈ ਹੋਰ ਮੁਲਜ਼ਮ ਇਸ ਵਾਰਦਾਤ 'ਚ ਸ਼ਾਮਲ ਤਾਂ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਕਤਲ 'ਚ ਪਾਈ ਗਈ, ਤਾਂ ਉਸ 'ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ, ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ।