ਖੰਨਾ: ਸ਼ੰਭੂ ਅਤੇ ਖਨੌਰੀ ਸਰਹੱਦਾਂ ਤੋਂ ਕਿਸਾਨ ਧਰਨੇ ਜ਼ਬਰਦਸਤੀ ਚਕਵਾਉਣ ਮਗਰੋਂ 'ਆਪ' ਵਿਧਾਇਕਾਂ ਦਾ ਵਿਰੋਧ ਸੂਬੇ 'ਚ ਤੇਜ਼ ਹੋ ਗਿਆ ਹੈ। ਸਮਰਾਲਾ ਹਲਕੇ ਦੇ ਪਿੰਡ ਲੱਲਕਲਾਂ ਦੇ ਸਰਕਾਰੀ ਹਾਈ ਸਕੂਲ 'ਚ ਨਵੀਂ ਬਣੀ ਚਾਰ ਦੀਵਾਰੀ ਦਾ ਉਦਘਾਟਨ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਕਰਨਾ ਸੀ, ਪਰ ਇਹ ਸਮਾਗਮ ਰੋਸ਼ ਧਰਨੇ ਦੇ ਕਾਰਨ ਵਿਵਾਦਾਂ 'ਚ ਘਿਰ ਗਿਆ।
"ਟਰਾਲੀ ਚੋਰ" ਅਤੇ "ਭਾਂਡੇ ਚੋਰ" ਦੇ ਬੈਨਰ
ਜਿਵੇਂ ਹੀ ਕਿਸਾਨ ਯੂਨੀਅਨ ਸਿੱਧੂਪੁਰ ਨੂੰ ਵਿਧਾਇਕ ਦੇ ਆਉਣ ਦੀ ਸੂਚਨਾ ਮਿਲੀ, ਉਨ੍ਹਾਂ ਸਕੂਲ ਅੱਗੇ ਪਹੁੰਚ ਕੇ ਰੋਸ ਧਰਨਾ ਲਗਾ ਦਿੱਤਾ। ਧਰਨੇ ਦੌਰਾਨ ਕਿਸਾਨਾਂ ਨੇ "ਟਰਾਲੀ ਚੋਰ" ਅਤੇ "ਭਾਂਡੇ ਚੋਰ" ਆਦਿ ਬੈਨਰ ਫੜ ਰੱਖੇ ਸਨ ਤੇ ਉਨ੍ਹਾਂ ਵੱਲੋਂ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਧਰਨਾ ਦੇਖ ਕੇ ਪੁਲਿਸ ਬਲ ਕੀਤਾ ਤੈਨਾਤ
ਵਿਰੋਧ ਦੀ ਸੰਭਾਵਨਾ ਦੇ ਮੱਦੇਨਜ਼ਰ ਲੱਲਕਲਾਂ ਪਿੰਡ ਵਿੱਚ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ। ਪੁਲਿਸ ਨੇ ਧਰਨੇ ਦੀ ਸਥਿਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਆਗੂ ਇਸ ਗੱਲ 'ਤੇ ਅੜੇ ਰਹੇ ਕਿ ਉਹ ਵਿਧਾਇਕ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ।
ਬਿਨਾਂ ਮਿਲੇ ਵਿਧਾਇਕ ਮੌਕੇ ਤੋਂ ਨਿਕਲਿਆ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਸੁਪਿੰਦਰ ਸਿੰਘ ਬੱਗਾ ਨੇ ਕਿਹਾ ਕਿ, “ਅਸੀਂ ਇੱਥੇ ਆਪਣੀ ਚੋਰੀ ਹੋਈ ਵਸਤੂਆਂ ਬਾਰੇ ਇਨਸਾਫ਼ ਮੰਗਣ ਆਏ ਹਾਂ। ਖਨੌਰੀ ਵਾਰਡ 'ਚ ਜੋ ਸਮਾਨ ਚੋਰੀ ਹੋਇਆ ਸੀ, ਉਸ ਦੀ ਜਾਂਚ ਕਰਕੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਸਾਨੂੰ ਵਿਧਾਇਕ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਲਟ ਪੁਲਿਸ ਨੇ ਸਾਡਾ ਮਾਈਕ ਵੀ ਜ਼ਬਰੀ ਬੰਦ ਕਰਵਾ ਦਿੱਤਾ।” ਇਸ ਸਾਰੀ ਸਥਿਤੀ 'ਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਕਿਸਾਨਾਂ ਨੂੰ ਮਿਲਣ ਦੀ ਬਜਾਏ ਆਪਣੀ ਗੱਡੀ ਰਾਹੀਂ ਸਮਾਗਮ ਸਥਾਨ ਤੋਂ ਚੁੱਪਚਾਪ ਰਵਾਨਾ ਹੋ ਗਏ। ਵਿਧਾਇਕ ਦੇ ਇਸ ਵਿਵਹਾਰ ਨੇ ਕਿਸਾਨਾਂ ਵਿਚ ਗ਼ੁੱਸਾ ਭੜਕਾ ਦਿੱਤਾ ਅਤੇ ਨਾਅਰੇਬਾਜ਼ੀ ਹੋਰ ਤੇਜ਼ ਹੋ ਗਈ।
ਚੁਣੇ ਹੋਏ ਨੁਮਾਇੰਦੇ ਲੋਕਾਂ ਤੋਂ ਮੂੰਹ ਮੋੜ ਰਹੇ
ਕਿਸਾਨ ਆਗੂ ਸਵਰਨਜੀਤ ਸਿੰਘ ਘੁਲਾਲ ਨੇ ਕਿਹਾ, “ਅਸੀਂ ਵਿਧਾਇਕ ਨਾਲ ਕੁਝ ਅਹਿਮ ਸਵਾਲ ਕਰਨੇ ਸਨ। ਜੇਕਰ ਉਹ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ, ਤਾਂ ਹੋਰ ਕੌਣ ਦੇਵੇਗਾ? ਇਹ ਲੋਕਤੰਤਰ ਦੀ ਤੌਹੀਨ ਹੈ ਕਿ ਚੁਣੇ ਹੋਏ ਨੁਮਾਇੰਦੇ ਲੋਕਾਂ ਤੋਂ ਮੂੰਹ ਮੋੜ ਰਹੇ ਹਨ।” ਇਹ ਘਟਨਾ ਸਾਫ਼ ਕਰਦੀ ਹੈ ਕਿ ਕਿਸਾਨ ਆਗੂਆਂ ਦੇ ਮਨ 'ਚ ਸਰਕਾਰ ਅਤੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਭਰੋਸਾ ਘੱਟਦਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ, ਤਾਂ ਅੰਦੋਲਨ ਹੋਰ ਵਧਾਇਆ ਜਾ ਸਕਦਾ ਹੈ।
- ਮਜੀਠਾ ਜ਼ਹਿਰੀਲੀ ਸ਼ਰਾਬ ਕਾਂਡ 'ਚ 27 ਮੌਤਾਂ, ਪੀੜਤ ਪਰਿਵਾਰਾਂ ਨੂੰ ਵੰਡੇ ਮੁਆਵਜ਼ਾ ਚੈੱਕ, ਰਿਮਾਂਡ 'ਤੇ ਦਿੱਲੀ ਤੋਂ ਗ੍ਰਿਫ਼ਤਾਰ ਪਿਓ-ਪੁੱਤ
- ਅੰਮ੍ਰਿਤਸਰ ਦੇ ਟੌਂਗ ਵਿੱਚ ਸ਼ਰਾਬ ਵੇਚਣ ਦਾ ਸਿਲਸਿਲਾ ਅਜੇ ਵੀ ਜਾਰੀ, ਲੋਕਾਂ ਨੇ ਸ਼ਰਾਬ ਲੈ ਕੇ ਜਾਂਦੇ ਲੋਕਾਂ ਦੀ ਬਣਾਈ ਵੀਡੀਓ...
- ਮੈਰਿਟ ਵਿੱਚ ਆਈ ਬਰਨਾਲਾ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ, ਸੂਬੇ 'ਚ ਪੰਜਵਾਂ ਸਥਾਨ, ਪਿਤਾ ਚਲਾਉਂਦੇ ਜਗਾੜੂ ਰੇਹੜੀ