ਅੰਮ੍ਰਿਤਸਰ: ਵਿਸਾਖੀ ਦੇ ਤਿਉਹਾਰ ਨੂੰ ਪੂਰੇ ਪੰਜਾਬ ਭਰ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਲੋਕਾਂ ਨੇ ਗੁਰੂ ਮਥੇ ਟੇਕੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਉੱਥੇ ਹੀ ਅਜਨਾਲਾ ਦੇ ਪਿੰਡ ਰਿਆੜ 'ਚ ਕਿਸਾਨਾਂ ਵੱਲੋਂ ਪੁਰਾਤਨ ਸਮੇਂ ਨੂੰ ਮੁੜ ਸੁਰਜੀਤ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਕੇ ਪਰਮਾਤਮਾ ਅੱਗੇ ਅਰਦਾਸ ਕਰਕੇ ਵਾਢੀ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਗ੍ਰੰਥੀ ਸਿੰਘ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਵੰਡ ਕੇ ਪਿੰਡ ਵਿੱਚ ਕਿਸਾਨ ਭਾਈਚਾਰੇ ਨੂੰ ਵਧਾਉਂਦੇ ਹੋਏ ਆਪਣੇ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਕਣਕ ਕਟਾਈ ਕਰਨ ਦੀ ਸ਼ੁਰੂਆਤ ਕਰਵਾਈ ਗਈ।
ਪੁਰਾਤਨ ਸਮੇਂ ਨਾਲ ਜੁੜਨ ਦੀ ਪਹਿਲ
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਅੱਜ ਕੱਲ੍ਹ ਮਸ਼ੀਨਾਂ ਦਾ ਸਮਾਂ ਹੈ, ਕਿਸਾਨ ਜਲਦੀ ਕੰਮ ਕਰਨ ਲਈ ਮਸ਼ੀਨਾ ਦੀ ਵਰਤੋਂ ਕਰਦੇ ਹਨ ਪਰ ਅਸਲ 'ਚ ਤਾਂ ਪੁਰਾਤਨ ਸਮੇਂ ਵਾਂਗ ਕੀਤੀ ਵਾਢੀ ਹੀ ਵਧੀਆ ਹੁੰਦੀ ਸੀ। ਕਿਸਾਨਾਂ ਨੇ ਕਿਹਾ ਕਿ ਕਣਕ ਦੀ ਫਸਲ ਵਿੱਚ ਵਾਧਾ ਹੋਵੇ ਅਤੇ ਕਿਸਾਨ ਵੀਰਾਂ ਨੂੰ ਬਰਕਤ ਮਿਲੇ, ਕਣਕ ਦੀ ਫਸਲ ਦਾ ਦਾਣਾ-ਦਾਣਾ ਚੁੱਕਿਆ ਜਾਵੇ ਅਤੇ ਪੰਜਾਬ ਦਾ ਕਿਸਾਨ ਖੁਸ਼ਹਾਲ ਇਸ ਦੀ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਹੈ। ਅੱਜ ਸਾਰੇ ਨਗਰ ਵੱਲੋਂ ਮਿਲ ਕੇ ਵਾਡੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਕਿਰਪਾ ਕਰਨ ਚੰਗੇ-ਚੰਗੇ ਦਿਨ ਆਉਣ ਤੇ ਅਸੀਂ ਆਪਣੀ ਫਸਲ ਮੰਡੀਆਂ ਵਿੱਚ ਲੈ ਕੇ ਜਾਈਏ।
ਭਾਈਚਾਰਕ ਸਾਂਝ ਦੀ ਲੋੜ
ਇਸ ਮੌਕੇ ਕਿਸਾਨ ਇੰਦਰਜੀਤ ਸਿੰਘ ਨੇ ਕਿਹਾ ਕਿ ਵਿਸਾਖੀ ਸਾਡਾ ਪਵਿੱਤਰ ਤਿਉਹਾਰ ਹੈ ਫਸਲ ਦੀ ਕਟਾਈ ਦੀ ਸ਼ੁਰੂਆਤ ਇਸ ਦਿਨ ਤੋਂ ਹੀ ਹੁੰਦੀ ਹੈ, ਇਸ ਲਈ ਭਾਈਚਾਰਕ ਸਾਂਝ ਦੀ ਬਹੁਤ ਲੋੜ ਸੀ, ਲੋਕ ਆਪਣਾ ਪੁਰਾਤਨ ਸਮਾਂ ਭੁੱਲਦੇ ਜਾ ਰਹੇ ਹਨ, ਪਹਿਲਾਂ ਸਾਰੇ ਮਿਲ ਕੇ ਫਸਲ ਦੀ ਕਟਾਈ ਦੀ ਸ਼ੁਰੂਆਤ ਕਰਦੇ ਹੁੰਦੇ ਸਨ। ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾਂਦੀ ਸੀ ਫਿਰ ਖੁਸ਼ੀ ਮਨਾਈ ਜਾਂਦੀ ਸੀ ਪਰ ਹੁਣ ਇਸ ਏਕਤਾ ਦੇਖਣ ਨੂੰ ਘੱਟ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਮਿਲ ਜੁਲ ਕੇ ਇਸ ਤਰ੍ਹਾਂ ਹੀ ਵਾਢੀ ਦੀ ਸ਼ੁਰੂਆਤ ਕਰਿਆ ਕਰੀਏ ਤਾਂ ਕਿ ਸਾਡੇ ਆਉਣ ਵਾਲੇ ਸਮੇਂ 'ਚ ਬੱਚਿਆਂ ਨੂੰ ਵੀ ਸਾਡੇ ਪੁਰਾਣੇ ਰੀਤੀ ਰਿਵਾਜਾਂ ਦਾ ਪਤਾ ਲੱਗ ਸਕੇ ਕਿ ਸਾਡੇ ਵੱਡੇ ਦਾਦੇ-ਪਰਦਾਦੇ ਕਿਸ ਤਰਾਂ ਵਾਢੀ ਕਰਦੇ ਸਨ। ਪਹਿਲਾਂ ਮਿਲ ਜੁਲ ਕੇ ਇੱਕ ਦੁਜੇ ਦੀ ਫਸਲ ਕਟਾਈ 'ਚ ਮਦਦ ਕੀਤੀ ਜਾਂਦੀ ਸੀ, ਪਰ ਹੁਣ ਭਰਾ ਹੀ ਭਰਾ ਦੇ ਫ਼ਿਲਾਫ ਨਜ਼ਰ ਆਉਂਦੇ ਹਨ, ਮਿਲ ਜੁਲ ਕੇ ਕੰਮ ਕਰਨਾ ਤਾਂ ਦੂਰ ਦੀ ਗੱਲ ਹੈ ਅੱਜ ਤਾਂ ਜ਼ਮੀਨਾਂ 'ਚ ਹਿੱਸਿਆਂ ਲਈ ਮਾਰੋ ਮਾਰ ਵੱਜੀ ਪਈ ਹੈ, ਅਜਿਹਾ ਨਹੀਂ ਹੋਣਾ ਚਾਹੀਦਾ।