ਮਾਨਸਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ (AAP) ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ। ਇਸ ਸਾਲ ਪੰਜਾਬ ਸਰਕਾਰ ਨੇ 2 ਲੱਖ 36 ਹਜ਼ਾਰ 80 ਕਰੋੜ ਰੁਪਏ ਦਾ ਬਜਟ ਰੱਖਿਆ। ਇਸ ਸਾਲ ਬਜਟ ਦੀ ਥੀਮ 'ਬਦਲਦਾ ਪੰਜਾਬ' ਹੈ। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ ਦੇ ਪੇਸ਼ ਕੀਤੇ ਗਏ ਬਜਟ ਤੋਂ ਕਿਸਾਨ ਵਰਗ ਨਿਰਾਸ਼ ਦਿਖਾਈ ਦੇ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਸਨ ਪਰ ਇਸ ਬਜਟ ਦੇ ਵਿੱਚ ਵੀ ਸਰਕਾਰ ਵੱਲੋਂ ਕਿਸਾਨਾਂ ਦੇ ਲਈ ਕੋਈ ਵੀ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਗਈ। ਜਿਸ ਕਾਰਨ ਕਿਸਾਨਾਂ ਦੇ ਨਾਲ ਹਰ ਸਰਕਾਰ ਵੱਲੋਂ ਹੀ ਕੋਝਾ ਮਜ਼ਾਕ ਕੀਤਾ ਗਿਆ ਹੈ।
ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ
ਪੰਜਾਬ ਸਰਕਾਰ ਦੇ ਬਜਟ ਨੂੰ ਲੈ ਕੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਅੱਜ ਪੇਸ਼ ਕੀਤੇ ਗਏ ਬਜਟ ਦੇ ਵਿੱਚ ਕਿਸਾਨਾਂ ਨੂੰ ਸਿਰਫ ਮਜ਼ਾਕ ਦਾ ਪਾਤਰ ਬਣਾਇਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬਜਟ ਦੇ ਵਿੱਚ ਸਰਕਾਰ ਵੱਲੋਂ ਬੇਸ਼ੱਕ 14524 ਕਰੋੜ ਰੁਪਏ ਬਜਟ ਦੇ ਵਿੱਚ ਰੱਖੇ ਹਨ ਪਰ ਇਸ ਪੈਕੇਜ ਦਾ ਕਿਸਾਨਾਂ ਨੂੰ ਕੋਈ ਵੀ ਲਾਭ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਵੀ ਪੰਜਾਬ ਸਰਕਾਰ ਵੱਲੋਂ ਬਜਟ ਦੇ ਵਿੱਚ ਜੋ ਫੰਡ ਰੱਖੇ ਗਏ ਸਨ। ਉਨ੍ਹਾਂ ਦਾ ਕਿਸਾਨਾਂ ਨੂੰ ਕੋਈ ਲਾਭ ਨਹੀਂ ਮਿਲਿਆ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਕਿਸਾਨਾਂ ਦੇ ਹੜਾਂ ਦੇ ਕਾਰਨ ਮਰੇ ਪਸ਼ੂਆਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਪਰ ਅੱਜ ਸਰਕਾਰ ਵੱਲੋਂ ਬਜਟ ਦੇ ਵਿੱਚ ਜੋ ਖੇਤੀਬਾੜੀ ਲਈ ਰੱਖੇ ਪੈਕਜ ਦਾ ਟਿੰਡੋਰਾ ਪਿੱਟਿਆ ਜਾ ਰਿਹਾ ਹੈ। ਇਸ ਦਾ ਕਿਸਾਨਾਂ ਨੂੰ ਕੋਈ ਵੀ ਲਾਭ ਨਹੀਂ ਹੋਵੇਗਾ ਕਿਉਂਕਿ ਹਰ ਸਰਕਾਰ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਬਜਟ ਦੇ ਵਿੱਚ ਵਿਸ਼ੇਸ਼ ਪੈਕੇਜ ਰੱਖਦੀ ਹੈ ਜਦੋਂ ਕਿ ਕਿਸਾਨਾਂ ਦਾ ਸਿਰਫ ਨਾਮ ਬਜਟ ਦੇ ਵਿੱਚ ਲਿਆ ਜਾਂਦਾ ਹੈ।
ਸਰਕਾਰ ਵੱਲੋਂ ਮੱਕੀ ਨੂੰ ਉਤਸਾਹਿਤ ਕਰਨ ਦੇ ਲਈ ਵਿਸ਼ੇਸ਼ ਪੈਕੇਜ
ਉਹਨਾਂ ਕਿਹਾ ਕਿ ਇਹ ਸਰਕਾਰ ਵੱਲੋਂ ਇਸ ਵਾਰ ਮੱਕੀ ਦੀ ਫਸਲ ਨੂੰ ਸਾਉਣੀ ਦੌਰਾਨ ਉਤਸਾਹਿਤ ਕਰਨ ਲਈ ਕਿਹਾ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਪਿਛਲੀ ਵਾਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੂੰਗੀ ਬੀਜਣ ਦੇ ਲਈ ਉਤਸਾਹਿਤ ਕੀਤਾ ਗਿਆ ਸੀ ਅਤੇ ਸਬਸਿਡੀ ਦੇਣ ਦੀ ਗੱਲ ਕੀਤੀ ਗਈ ਸੀ ਪਰ ਕਿਸਾਨਾਂ ਦੀ ਮੂੰਗੀ ਦੀ ਫਸਲ ਮੰਡੀਆਂ ਦੇ ਵਿੱਚ ਰੁਲਦੀ ਰਹੀ ਅਤੇ ਇਸ ਸਾਲ ਸਰਕਾਰ ਵੱਲੋਂ ਮੱਕੀ ਨੂੰ ਉਤਸਾਹਿਤ ਕਰਨ ਦੇ ਲਈ ਵਿਸ਼ੇਸ਼ ਪੈਕੇਜ ਰੱਖਿਆ ਗਿਆ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਮੱਕੀ ਦੀ ਫਸਲ ਵੀ ਮੰਡੀਆਂ ਦੇ ਵਿੱਚ ਰੁਲੇਗੀ ਕਿਉਂਕਿ ਸਰਕਾਰ ਵੱਲੋਂ ਫਸਲਾਂ ਨੂੰ ਲੈ ਕੇ ਕੋਈ ਵੀ ਵਿਸ਼ੇਸ਼ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ।