ਬਠਿੰਡਾ: ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨ ਆਗੂਆਂ 'ਤੇ ਇਲਜ਼ਾਮ ਲਾਏ ਗਏ ਸਨ ਕਿ ਕਿਸਾਨ ਆਗੂਆਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕੀਤਾ ਹੈ ਅਤੇ ਕੁਝ ਯੂਨੀਅਨ ਆਗੂਆਂ ਨੇ ਛੋਟੇ ਕਿਸਾਨਾਂ ਤੋਂ ਪੈਸੇ ਇਕੱਠੇ ਕਰਕੇ ਵੱਡੀਆਂ ਜਾਇਦਾਦਾਂ ਬਣਾਈਆਂ ਹਨ। ਇਸ ਸਬੰਧੀ ਉਨ੍ਹਾਂ ਨੇ ਕਿਸਾਨਾਂ ਨੂੰ ਆਹਮੋ- ਸਾਹਮਣੇ ਦੀ ਬਹਿਸ ਕਰਨ ਦਾ ਵੀ ਸੱਦਾ ਦਿੱਤਾ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਦੇ ਬਿਆਨ ਨੂੰ ਲੈ ਕੇ ਕਿਸਾਨ ਆਗੂਆਂ ਵਿੱਚ ਰੋਸ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਮਾਨ ਦੀ ਚੁਣੌਤੀ ਨੂੰ ਕਬੂਲ ਕਰਦੇ ਹੋਏ ਕਿਹਾ ਕਿ ਜਿੱਥੇ ਮਰਜ਼ੀ ਆ ਜਾਓ ਅਸੀਂ ਬਹਿਸ ਲਈ ਤਿਆਰ ਹਾਂ ਅਤੇ ਇਹ ਬਹਿਸ ਲੋਕਾਂ ਤੱਕ ਪਹੁੰਚ ਸਕੇ ਇਸ ਲਈ ਟੀਵੀ ਚੈਨਲਾਂ ਉੱਤੇ ਲਾਈਵ ਵੀ ਹੋਣੀ ਚਾਹੀਦੀ ਹੈ।
ਦੇਸ਼ ਦੇ ਸਾਹਮਣੇ ਆਵੇ ਸੱਚਾਈ: ਡੱਲੇਵਾਲ
ਇਸ ਬਾਬਤ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ "ਪੰਜਾਬ ਦੇ ਮੁੱਖ ਮੰਤਰੀ ਦੀ ਚੁਣੌਤੀ ਸਵੀਕਾਰ ਹੈ, ਜਿਸ ਤਰ੍ਹਾਂ ਸੂਬਾ ਸਰਕਾਰ ਵੱਲੋਂ ਲਗਾਤਾਰ ਕਿਸਾਨ ਆਗੂਆਂ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਰਚੀਆਂ ਰਹੀਆਂ ਹਨ ਉਸ ਤਰ੍ਹਾਂ ਹੀ ਕਿਸਾਨ ਆਗੂ ਵੀ ਮੁੱਖ ਮੰਤਰੀ ਮਾਨ ਦੇ ਇਨ੍ਹਾਂ ਕਰੜੇ ਸ਼ਬਦਾਂ ਦਾ ਜਵਾਬ ਦੇਣ ਨੂੰ ਤਿਆਰ ਹਨ। ਇਸ ਡਿਬੇਟ ਵਿੱਚ ਫਿਰ ਭਗਵੰਤ ਮਾਨ ਇਹ ਨਾ ਕਹੇ ਕਿ ਮੀਡੀਆ ਨਹੀਂ ਆਉਣ ਦੇਵਾਂਗੇ ਅਤੇ ਹੋਰ ਕੋਈ ਸ਼ਾਮਲ ਨਾ ਹੋਵੇ, ਅਸੀਂ ਪੰਜਾਬ ਦੇ ਨਾਲ-ਨਾਲ ਨੈਸ਼ਨਲ ਮੀਡੀਆ ਉੱਤੇ ਵੀ ਇਸ ਡਿਬੇਟ ਨੂੰ ਦਿਖਾਵਾਂਗੇ ਤਾਂ ਜੋ ਪਤਾ ਲੱਗ ਸਕੇ ਕਿ ਅਸਲ ਸੱਚਾਈ ਕੀ ਹੈ। ਅਸੀਂ ਮੁੱਖ ਮੰਤਰੀ ਮਾਨ ਨੂੰ ਇਹ ਵੀ ਪੁੱਛਾਂਗੇ ਕਿ ਜੇਕਰ ਤੁਸੀਂਂ ਪੰਜਾਬ ਦੇ ਪਾਣੀਆਂ ਦੇ ਰਾਖੇ ਹੋ ਤਾਂ ਫਿਰ ਆਪ ਸੁਪਰੀਮੋ ਦੇ ਸ਼ਬਦ ਕੁਝ ਹੋਰ ਕਿਉਂ ਹੁੰਦੇ ਹਨ, ਸਾਰੀਆਂ ਜਥੇਬੰਦੀਆਂ ਪੰਜਾਬ ਦੇ ਮੁੱਖ ਮੰਤਰੀ ਨਾਲ ਡਿਬੇਟ ਵਿੱਚ ਸ਼ਾਮਲ ਹੋਣਗੀਆਂ ਅਤੇ ਦੇਖਾਂਗੇ ਫਿਰ ਭਗਵੰਤ ਮਾਨ ਕਿੰਨੇ ਪਾਣੀ 'ਚ ਹੈ"।
'ਭਾਜਪਾ ਦਾ ਹੀ ਦੂਜਾ ਚਿਹਰਾ ਹੈ ਆਪ'
ਉੱਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਨੀ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਉੱਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਕਿਸਾਨਾਂ ਦੇ ਮੁੱਢਲੇ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਲਗਾਤਾਰ ਕਿਸਾਨ ਆਗੂਆਂ 'ਤੇ ਗਲਤ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਅਸੀਂ ਇਸ ਚੁਣੌਤੀ ਨੂੰ ਕਬੂਲ ਕਰਦੇ ਹੋਏ ਲਾਈਵ ਡਿਬੇਟ ਲਈ ਸਮੁੱਚੇ ਮੀਡੀਆ ਨੂੰ ਸੱਦਾ ਦੇਣ ਲਈ ਆਖ ਰਹੇ ਹਾਂ, ਜੇਕਰ ਸਿਆਸੀ ਸਮੀਕਰਨਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਭਾਜਪਾ ਦੇ ਦੂਸਰੇ ਰੂਪ ਵਿੱਚ ਹੀ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ। ਭਾਵੇਂ ਸੂਬਾ ਸਰਕਾਰ ਦੇ ਕਾਰਜ ਕਾਲ ਵਿੱਚ ਕਰੀਬ ਦੋ ਸਾਲ ਦਾ ਸਮਾਂ ਬਾਕੀ ਹੈ ਪਰ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਲੋਕ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਜੇ ਹੋਰ ਵੀ ਵਿਰੋਧ ਕੀਤਾ ਜਾਵੇਗਾ। ਇੰਨ੍ਹਾਂ ਹੀ ਨਹੀਂ 2027 ਦੀਆਂ ਚੋਣਾਂ ਵੇਲੇ ਭਾਜਪਾ ਅਤੇ ਆਪ ਦਾ ਵਿਰੋਧ ਹਰ ਪਾਸੇ ਹੋਵੇਗਾ।
ਕਾਂਗਰਸ ਨੇ ਲਈ ਚੁਟਕੀ
ਕਿਸਾਨਾਂ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਸ਼ੁਰੂ ਹੋਈ ਸ਼ਬਦੀ ਜੰਗ 'ਤੇ ਚੁਟਕੀ ਲੈਂਦੇ ਹੋਏ ਕਾਂਗਰਸ ਦੇ ਕਿਸਾਨ ਵਿੰਗ ਦੇ ਬੁਲਾਰੇ ਮਨਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਵੱਲੋਂ ਖੇਤੀ ਪ੍ਰਧਨ ਸੂਬੇ ਨੂੰ ਬਰਬਾਦ ਕਰਕੇ ਰੱਖ ਦਿੱਤਾ ਗਿਆ ਹੈ। ਕਿਸਾਨਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਸਗੋਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਕੇ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਹੈ। ਜਿਸ ਦਾ ਅਸਰ ਪੰਜਾਬ ਦੀ ਰਾਜਨੀਤੀ ਉੱਪਰ ਬਹੁਤ ਵੱਡਾ ਪਵੇਗਾ, ਕਿਉਂਕਿ ਲੋਕ ਸਭ ਤੋਂ ਵੱਡੇ ਹੁੰਦੇ ਹਨ ਅਤੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਸੂਬੇ ਵਿੱਚ ਕਿਸ ਪਾਰਟੀ ਦੀ ਸਰਕਾਰ ਲੈ ਕੇ ਆਉਣੀ ਹੈ ਪਰ ਜੋ ਹਾਲਾਤ ਬਣਦੇ ਜਾ ਰਹੇ ਹਨ ਭਗਵੰਤ ਮਾਨ ਜਿਸ ਤਰ੍ਹਾਂ ਦਿੱਲੀ ਦੇ ਹਾਕਮਾਂ ਦੇ ਆਖੇ ਲੱਗ ਫੈਸਲੇ ਲੈ ਰਿਹਾ ਹੈ ਤਾਂ ਪੰਜਾਬ ਦੇ ਲੋਕ ਇਨ੍ਹਾਂ ਨੂੰ ਬਹੁਤਾ ਚਿਰ ਬਰਦਾਸ਼ਤ ਨਹੀਂ ਕਰਨਗੇ।
ਲੋਕਾਂ ਦੀ ਕਚਿਹਰੀ 'ਚ ਹੋਵੇਗੀ ਆਪ ਦੀ ਹਾਰ :ਭਾਜਪਾ
ਕਿਸਾਨਾਂ ਅਤੇ ਮੁੱਖ ਮੰਤਰੀ ਵਿਵਿਾਦ ਵਿਚਾਲੇ ਪਾਰਲੀਮੈਂਟ ਚੋਣਾਂ ਦੌਰਾਨ ਬਠਿੰਡਾ ਤੋਂ ਭਾਜਪਾ ਉਮੀਦਵਾਰ ਰਹੇ ਸਾਬਕਾ ਆਈਏਐਸ ਪਰਮਪਾਲ ਕੌਰ ਨੇ ਕਿਹਾ ਕਿ 'ਮੁੱਖ ਮੰਤਰੀ ਪੰਜਾਬ ਦੇ ਹੱਥ ਬਹੁਤ ਕੁਝ ਹੈ ਹਰਿਆਣਾ ਵਿੱਚ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾ ਰਹੀ ਹੈ, ਜੇਕਰ ਹਰਿਆਣਾ ਕਿਸਾਨਾਂ ਨੂੰ ਐਮਐਸਪੀ ਦੇ ਰਿਹਾ ਹੈ ਤਾਂ ਪੰਜਾਬ ਕਿਉਂ ਨਹੀਂ ਦੇ ਸਕਦਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਲਾਈਵ ਚੁਣੌਤੀ ਦਿੱਤੀ ਗਈ ਹੈ, ਹੋ ਸਕਦਾ ਹੈ ਉਹ ਲਾਈਵ ਡਿਬੇਟ ਦੌਰਾਨ ਜਿੱਤ ਜਾਣ ਕਿਉਂਕਿ ਉਨ੍ਹਾਂ ਨੂੰ ਸਟੇਜਾਂ ਦਾ ਵੱਡਾ ਤਜਰਬਾ ਹੈ ਪਰ ਲੋਕ ਮੁੱਦਿਆਂ ਦੇ ਮਾਮਲੇ ਵਿੱਚ ਉਹ ਹਾਰ ਜਾਣਗੇ ਅਤੇ ਲੋਕ ਅਜਿਹੇ ਵਿਅਕਤੀਆਂ ਨੂੰ ਕਦੇ ਵੀ ਦੁਬਾਰਾ ਸੱਤਾ ਵਿੱਚ ਨਹੀਂ ਆਉਣ ਦੇਣਗੇ।
ਮੁੱਖ ਮੰਤਰੀ ਮਾਨ ਨੇ ਕਿਸਾਨਾਂ 'ਤੇ ਲਾਏ ਇਹ ਇਲਜ਼ਾਮ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਾਨ ਬੁੱਧਵਾਰ 30 ਮਈ ਨੂੰ ਬਠਿੰਡਾ ਪਹੁੰਚੇ। ਜਿੱਥੇ ਉਨ੍ਹਾਂ ਨੇ ਪੰਚਾਂ ਅਤੇ ਸਰਪੰਚਾਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ 'ਕਿਸਾਨ ਆਗੂਆਂ ਨੇ ਗੈਰ-ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕੀਤਾ ਹੈ। ਕੁਝ ਯੂਨੀਅਨ ਆਗੂਆਂ ਨੇ ਛੋਟੇ ਕਿਸਾਨਾਂ ਤੋਂ ਪੈਸੇ ਇਕੱਠੇ ਕਰਕੇ ਵੱਡੀਆਂ ਜਾਇਦਾਦਾਂ ਬਣਾਈਆਂ ਹਨ। ਯੂਨੀਅਨਾਂ ਸਿਰਫ਼ ਬੇਤੁਕੇ ਮੁੱਦਿਆਂ 'ਤੇ ਸੜਕਾਂ ਅਤੇ ਰੇਲ ਗੱਡੀਆਂ ਰੋਕ ਕੇ ਆਪਣੀਆਂ ਦੁਕਾਨਾਂ ਚਲਾ ਰਹੀਆਂ ਹਨ। ਮਾਨ ਨੇ ਸਿੱਧਾ ਦੋਸ਼ ਲਗਾਇਆ ਅਤੇ ਕਿਹਾ ਕਿ ਬਹੁਤ ਸਾਰੇ ਕਿਸਾਨ ਆਗੂਆਂ ਨੇ ਰਾਜ ਦੇ ਹੋਟਲਾਂ ਅਤੇ ਹਸਪਤਾਲਾਂ ਵਿੱਚ ਵੀ ਆਪਣਾ ਹਿੱਸਾ ਲਗਾਇਆ ਹੈ। ਕਿਸਾਨ ਯੂਨੀਅਨਾਂ ਅਤੇ ਕਿਸਾਨ ਦੋਵੇਂ ਵੱਖ-ਵੱਖ ਹਨ।ਕਿਸਾਨ ਯੂਨੀਅਨਾਂ ਸੰਘਰਸ਼ ਦੀ ਆੜ ਵਿੱਚ ਕਿਸਾਨਾਂ ਤੋਂ ਫੀਸ ਲੈਂਦੀਆਂ ਹਨ। ਇਸ ਵੇਲੇ ਬੀਬੀਐਮਬੀ ਅਤੇ ਹਰਿਆਣਾ ਨਾਲ ਪਾਣੀ ਦਾ ਵਿਵਾਦ ਹੈ, ਪਰ ਪੰਜਾਬ ਦੇ ਕਿਸੇ ਵੀ ਕਿਸਾਨ ਆਗੂ ਨੇ ਇੱਕ ਸ਼ਬਦ ਵੀ ਨਹੀਂ ਕਿਹਾ। ਕਿਸਾਨ ਯੂਨੀਅਨਾਂ ਬੇਤੁਕੇ ਮੁੱਦਿਆਂ 'ਤੇ ਸੜਕਾਂ ਅਤੇ ਰੇਲ ਗੱਡੀਆਂ ਰੋਕ ਕੇ ਆਪਣੀਆਂ ਦੁਕਾਨਾਂ ਚਲਾ ਰਹੀਆਂ ਹਨ। ਜੇਕਰ ਨਹੀਂ ਯਕੀਨ ਤਾਂ ਮੇਰੇ ਨਾਲ ਸਿੱਧੀ ਬਹਿਸ ਕਰਨ ਮੈਂ ਦੱਸਾਂਗਾ ਸਭ ਦੀ ਸੱਚਾਈ।"