ਫ਼ਰੀਦਕੋਟ: ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਜ਼ਿਲ੍ਹੇ ਦੇ ਸਾਰੇ 85 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਇਸ ਹੁਕਮ ਅਨੁਸਾਰ, ਸਕੂਲਾਂ ਨੂੰ ਆਪਣੇ ਆਲੇ ਦੁਆਲੇ ਦੀਆਂ ਦੁਕਾਨਾਂ ਵਿੱਚ ਨਸ਼ਿਆਂ ਦੀ ਵਿਕਰੀ ਦੀ ਜਾਂਚ ਕਰਨ ਲਈ ਵਿਦਿਆਰਥੀਆਂ ਦੀਆਂ ਟੀਮਾਂ ਬਣਾਉਣੀਆਂ ਪੈਣਗੀਆਂ। ਇਸ ਦੌਰਾਨ ਡਰੱਗ ਮੌਨੀਟਰ ਤੈਅ ਕੀਤੇ ਜਾਣਗੇ ਅਤੇ ਅਧਿਆਪਕ ਨੋਡਲ ਅਧਿਕਾਰੀ ਵਾਲੀ ਡਿਊਟੀ ਨਿਭਾਉਣਗੇ।
ਬਣੇਗੀ 10 ਵਿਦਿਆਰਥੀਆਂ ਦੀ ਇੱਕ ਟੀਮ
ਡੀਈਓ ਵੱਲੋਂ ਜਾਰੀ ਵਿਸਤ੍ਰਿਤ ਦਿਸ਼ਾ-ਨਿਰਦੇਸ਼ਾਂ ਵਿੱਚ, ਹਰੇਕ ਸਕੂਲ ਨੂੰ 9ਵੀਂ ਤੋਂ 12ਵੀਂ ਜਮਾਤ ਦੇ 10 ਵਿਦਿਆਰਥੀਆਂ ਦੀ ਇੱਕ ਟੀਮ ਬਣਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਟੀਮ ਦੀ ਨਿਗਰਾਨੀ ਲਈ ਇੱਕ ਅਧਿਆਪਕ ਨੂੰ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਜਾਵੇਗਾ। ਟੀਮ ਦਾ ਮੁੱਖ ਕੰਮ ਸਕੂਲ ਦੇ ਆਲੇ-ਦੁਆਲੇ ਦੀਆਂ ਦੁਕਾਨਾਂ ਦਾ ਨਿਰੀਖਣ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉੱਥੇ ਕੋਈ ਵੀ ਨਸ਼ੀਲਾ ਪਦਾਰਥ ਨਹੀਂ ਵੇਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਟੀਮ ਬਣਾਉਣ ਤੋਂ ਬਾਅਦ ਵਿਦਿਆਰਥੀਆਂ ਤੇ ਅਧਿਆਪਿਕਾਂ ਦੇ ਨਾਮ ਤੇ ਮੋਬਾਈਲ ਨੰਬਰਾਂ ਦੀ ਸੂਚੀ ਡੀਸੀ ਦਫ਼ਤਰ ਨੂੰ ਸੌਂਪਣੀ ਹੋਵੇਗੀ।

ਵਿਦਿਆਰਥੀ ਰੱਖਣਗੇ ਆਪਣੇ ਸਹਿਪਾਠੀਆਂ ਉੱਤੇ ਨਿਗਰਾਨੀ, ਦੁਕਾਨਾਂ ਦੀ ਕਰਨਗੇ ਚੈਕਿੰਗ
ਡੀਸੀ ਮੁਤਾਬਕ, ਇਸ ਕਦਮ ਦਾ ਉਦੇਸ਼ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨਾ ਹੈ। ਟੀਮਾਂ ਦੁਕਾਨਾਂ ਦੀ ਜਾਂਚ ਕਰਨਗੀਆਂ ਕਿ ਉੱਥੇ ਕੋਈ ਨਸ਼ੀਲੇ ਪਦਾਰਥ ਦੀ ਵਿਕਰੀ ਤਾਂ ਨਹੀਂ ਹੋ ਰਹੀ। ਇਸ ਦੇ ਨਾਲ ਹੀ ਬੱਚਿਆਂ ਨੂੰ ਨਸ਼ੇ ਦੀ ਆਦਤ ਤੋਂ ਬਚਾਉਣਾ ਹੈ।
ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਸਖ਼ਤ ਕਾਰਵਾਈ ਦੀ ਚਿਤਾਵਨੀ
ਡੀਈਓ ਨੇ 4 ਅਪ੍ਰੈਲ ਨੂੰ ਪਹਿਲਾ ਪੱਤਰ ਜਾਰੀ ਕੀਤਾ ਸੀ, ਜਿਸ ਵਿੱਚ ਸਕੂਲਾਂ ਤੋਂ 10 ਵਿਦਿਆਰਥੀਆਂ ਦੇ ਨਾਮ ਅਤੇ ਇੱਕ ਨੋਡਲ ਅਫਸਰ ਮੰਗਿਆ ਗਿਆ ਸੀ। ਜਦੋਂ ਸਕੂਲਾਂ ਵੱਲੋਂ ਕੋਈ ਜਵਾਬ ਨਹੀਂ ਆਇਆ, ਤਾਂ 9 ਅਪ੍ਰੈਲ ਨੂੰ ਇੱਕ ਹੋਰ ਪੱਤਰ ਭੇਜਿਆ ਗਿਆ।
ਇਸ ਦੂਜੇ ਪੱਤਰ ਵਿੱਚ, ਹੁਕਮ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਇਹ ਸਥਿਤੀ ਸਕੂਲ ਪ੍ਰਸ਼ਾਸਨ ਅਤੇ ਅਧਿਆਪਕਾਂ ਲਈ ਦੁਚਿੱਤੀ ਦਾ ਕਾਰਨ ਬਣ ਗਈ ਹੈ, ਕਿਉਕਿ ਅਜਿਹੇ ਵਿੱਚ ਬੱਚਿਆਂ ਦੀ ਸੁਰੱਖਿਆ ਅਹਿਮ ਮੁੱਦਾ ਬਣ ਰਿਹਾ ਹੈ।
ਡੀਈਓ (ਸੈਕੰਡਰੀ) ਨੀਲਮ ਰਾਣੀ ਨੇ ਕਿਹਾ ਕਿ ਸਕੂਲਾਂ ਨੂੰ ਆਪਣੇ ਗਲਿਆਰੇ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਚੌਕਸ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰੱਖਣਾ ਅਤੇ ਨਸ਼ੇੜੀਆਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਕਰਵਾਉਣ ਲਈ ਪ੍ਰੇਰਿਤ ਕਰਨਾ ਹੈ।