ਅੰਮ੍ਰਿਤਸਰ: ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਦੌਰਾਨ ਪੁਸਿਲ ਵੱਲੋਂ ਬਦਮਾਸ਼ਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਹੀ ਤਹਿਤ ਅਜਨਾਲਾ ਪੁਲਿਸ ਨੇ ਵੀ ਵੱਡੀ ਕਾਰਵਾਈ ਕਰਦਿਆਂ ਅਜਨਾਲਾ ਵਿਖੇ ਗੈਂਗਸਟਰ ਹੈਪੀ ਪਾਸੀਆ ਦੇ ਦੋ ਗੁਰਗਿਆਂ ਨੂੰ ਐਨਕਾਉਂਟਰ ਕਰਕੇ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਅਜਨਾਲਾ ਦੇ ਇਲਾਕੇ ਰਮਦਾਸ ਨੇੜੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਦਾ ਐਨਕਾਊਂਟਰ ਕੀਤਾ ਗਿਆ।
ਗਿਰਫਤ 'ਚੋਂ ਭੱਜਣ ਦੀ ਕੀਤੀ ਕੋਸ਼ਿਸ਼
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਉੱਤੇ ਲੈਣ ਉਪਰੰਤ ਅੱਜ ਇੱਕ ਨੌਜਵਾਨ ਪਲਵਿੰਦਰ ਸਿੰਘ ਨੂੰ ਹੈਰੋਇਨ ਅਤੇ ਹਥਿਆਰਾਂ ਦੀ ਰਿਕਵਰੀ ਲਈ ਰਮਦਾਸ ਨੇੜੇ ਲਿਜਾਇਆ ਗਿਆ ਸੀ ਤਾਂ ਉਸ ਨੇ ਜ਼ਮੀਨ ਵਿੱਚ ਦੱਬੇ ਪਿਸਤੌਲ ਨਾਲ ਪੁਲਿਸ ਉੱਪਰ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਰੋਕਣ ਵਾਸਤੇ ਜਵਾਬੀ ਫਾਇਰਿੰਗ 'ਤੇ ਇਕ ਗੋਲੀ ਉਸ ਦੀ ਲੱਤ ਵਿਚ ਲੱਗੀ। ਪੁਲਿਸ ਵੱਲੋਂ ਜ਼ਖਮੀ ਨੌਜਵਾਨ ਪਲਵਿੰਦਰ ਸਿੰਘ ਨੂੰ ਰਮਦਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਨੇ ਕੀਤਾ ਬਦਮਾਸ਼ਾਂ ਨੂੰ ਅਗਾਹ
ਪੁਲਿਸ ਇਨ੍ਹਾਂ ਖਿਲਾਫ ਅਗਲੀ ਕਾਰਵਾਈ ਲਈ ਪੁਛਗਿੱਛ ਕਰ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਡੀਐਸਪੀ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਇਨ੍ਹਾਂ ਖਿਲਾਫ ਪਹਿਲਾਂ ਕਿਹੜੇ ਮਾਮਲੇ ਦਰਜ ਹਨ ਇਸ ਦੇ ਵੀ ਖੁਲਾਸੇ ਹੋਣਗੇ। ਪੁਲਿਸ ਅਧਿਕਾਰੀਆਂ ਇਹ ਵੀ ਦੱਸਿਆ ਕਿ ਜੋ ਵੀ ਕੋਈ ਕਾਨੂੰਨ ਹੱਥ 'ਚ ਲੈਕੇ ਪੰਜਾਬ ਦੇ ਹਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।