ਅੰਮ੍ਰਿਤਸਰ: ਬੀਤੇ ਦਿਨੀਂ ਜੰਡਿਆਲਾ ਇਲਾਕੇ ਵਿੱਚ ਇੱਕ ਦੁਕਾਨ 'ਤੇ ਤਿੰਨ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਫਿਰੌਤੀ ਲੈਣ ਦੇ ਮਕਸਦ ਨਾਲ ਕੀਤੀ ਗਈ ਸੀ। ਜਿਸ ਤੋਂ ਬਾਅਦ ਜੰਡਿਆਲਾ ਪੁਲਿਸ ਦੇ ਵੱਲੋਂ ਦੋ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਤੀਜੇ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਜੰਡਿਆਲਾ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤੀਜਾ ਹਮਲਾਵਰ ਅੱਜ ਉੱਕਤ ਰਸਤੇ ਤੋਂ ਨਿਕਲ ਰਿਹਾ ਹੈ।
ਜਦੋਂ ਪੁਲਿਸ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋਂ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ ਗਈ। ਜਿਸ ਕਾਰਨ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਪਹਿਲਾਂ ਤਾਂ ਹਵਾ 'ਚ ਫਾਇਰ ਕੀਤੇ ਉਸ ਤੋਂ ਬਾਅਦ ਵੀ ਮੁਲਜ਼ਮ ਨਹੀਂ ਰੁਕਿਆ ਤਾਂ ਪੁਲਿਸ ਨੇ ਫਾਇਰ ਕੀਤਾ ਅਤੇ ਉਹ ਬਦਮਾਸ਼ ਦੀ ਲੱਤ ਵਿੱਚ ਵੱਜਿਆ। ਗੋਲੀ ਲੱਗਣ ਕਾਰਨ ਬਦਮਾਸ਼ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ,ਜਿਸ ਨੂੰ ਤੁਰੰਤ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਮੁਲਜ਼ਮ ਦੀ ਪਹਿਚਾਣ ਬਲਜੀਤ ਸਿੰਘ ਉਰਫ ਬਿੱਲਾ ਵਜੋਂ ਹੋਈ ਹੈ ਜੋ ਪਿੰਡ ਮੈਨੀਏ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ। ...ਹਰਚੰਦ ਸਿੰਘ,ਐੱਸਐੱਚਓ
ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜੰਡਿਆਲਾ ਪੁਲਿਸ ਸਟੇਸ਼ਨ ਦੇ ਐਸਐਚਓ ਹਰਚੰਦ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਇਨ੍ਹਾਂ ਬਦਮਾਸ਼ਾਂ ਵੱਲੋਂ ਸਤਿਗੁਰੂ ਕਲੈਕਸ਼ਨ ਦੁਕਾਨ ਦੇ ਉੱਪਰ ਅੰਨੇਵਾਹ ਫਾਇਰਿੰਗ ਕੀਤੀ ਗਈ ਸੀ। ਜਿਸ ਦੇ ਵਿੱਚ ਇੱਕ ਲੜਕੀ ਗੰਭੀਰ ਰੂਪ ਦੇ ਨਾਲ ਜ਼ਖ਼ਮੀ ਹੋ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਸੀ। ਇਸੇ ਤਹਿਤ ਅੱਜ ਜਦੋਂ ਅਸੀਂ ਨਾਕਾ ਲਗਾਇਆ ਸੀ ਤਾਂ ਉਸ ਦੌਰਾਨ ਫਰਾਰ ਤੀਜਾ ਹਮਲਾਵਰ,ਨਾਕੇ ਦੇ ਕੋਲ ਪਹੁੰਚਿਆਂ ਤਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ। ਜਵਾਬੀ ਫਾਇਰਿੰਗ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਵੱਜੀ। ਐਸਐਚਓ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਲੈਕੇ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।