ਮੋਗਾ: ਜ਼ਿਲ੍ਹੇ ਦੇ ਸਾਈਂ ਧਾਮ ਮੰਦਰ ਦੇ ਨੇੜੇ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਠਭੇੜ ਹੋਈ। ਪੁਲਿਸ ਦੀ ਜਵਾਈ ਕਾਰਵਾਈ ਦੌਰਾਨ ਇੱਕ ਬਦਮਾਸ਼ ਦੇ ਪੈਰ ’ਚ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਬੀਤੇ ਦਿਨ ਸਿਟੀ ਥਾਣਾ-1 ਦੀ ਪੁਲਿਸ ਨੇ ਤਿੰਨ ਲੋਕਾਂ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੀ ਪਛਾਣ ਗੁਰਜੰਟ ਸਿੰਘ, ਰੋਸ਼ਨ ਸਿੰਘ ਅਤੇ ਅਕਾਸ਼ ਵੱਜੋਂ ਹੋਈ ਸੀ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਤੋਂ 2 ਵਿਦੇਸ਼ੀ ਹਥਿਆਰ, 9.25 ਲੱਖ ਰੁਪਏ ਦੀ ਡਰੱਗ ਮਨੀ, 15 ਜਿੰਦੇ ਕਾਰਤੂਸ ਅਤੇ ਇੱਕ i20 ਕਾਰ ਵੀ ਬਰਾਮਦ ਸੀ।
ਰਿਕਵਰੀ ਲਈ ਲੈਕੇ ਗਈ ਸੀ ਪੁਲਿਸ
ਜ਼ਿਲ੍ਹਾ ਪੁਲਿਸ ਵੱਲੋਂ ਵਾਧੂ ਰਿਕਵਰੀ ਲਈ ਬਦਮਾਸ਼ਾਂ ਨੂੰ ਉਨ੍ਹਾਂ ਦੇ ਟਿਕਾਣਿਆਂ ’ਤੇ ਲਿਜਾਇਆ ਗਿਆ ਸੀ। ਇਸ ਦੌਰਾਨ ਇੱਕ ਬਦਮਾਸ਼ ਨੇ ਪੁਲਿਸ ਕਰਮਚਾਰੀਆਂ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਇੱਕ ਬਦਮਾਸ਼ ਨੂੰ ਗੋਲੀ ਮਾਰ ਦਿੱਤੀ ਅਤੇ ਉਹ ਜ਼ਖ਼ਮੀ ਹੋ ਗਿਆ।
ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ ਬਦਮਾਸ਼
ਐੱਸਪੀਡੀ ਬਾਲਕ੍ਰਿਸ਼ਨ ਸਿੰਗਲਾ ਮੁਤਾਬਕ, "ਤਿੰਨੇ ਬਦਮਾਸ਼ਾਂ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਹੋਰ ਵੀ ਅਹਿਮ ਸਬੂਤ ਮਿਲਣ ਦੀ ਉਮੀਦ ਸੀ, ਜਿਸ ਕਰਕੇ ਉਨ੍ਹਾਂ ਨੂੰ ਰਿਕਵਰੀ ਲਈ ਲਿਜਾਇਆ ਗਿਆ ਸੀ। ਅੱਜ ਦੀ ਰਿਕਵਰੀ ਦੌਰਾਨ ਇੱਕ ਹੋਰ ਹਥਿਆਰ ਵੀ ਬਰਾਮਦ ਹੋਇਆ ਹੈ। ਜਦੋਂ ਤਿੰਨੇ ਬਦਮਾਸ਼ਾਂ ਨੂੰ ਉਨ੍ਹਾਂ ਦੇ ਟਿਕਾਣੇ ’ਤੇ ਲਿਜਾਇਆ ਗਿਆ ਤਾਂ ਉੱਥੇ ਇੱਕ ਬਦਮਾਸ਼ ਨੇ ਅਚਾਨਕ ਪੁਲਿਸ ਕਰਮਚਾਰੀਆਂ ਨੂੰ ਧੱਕਾ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਵਾਰਨਿੰਗ ਫਾਇਰ ਕੀਤਾ, ਪਰ ਬਦਮਾਸ਼ ਨਾ ਰੁਕਿਆ। ਆਖਿਰਕਾਰ ਮੁਠਭੇੜ ਹੋਈ, ਜਿਸ ਦੌਰਾਨ ਇੱਕ ਬਦਮਾਸ਼ ਦੇ ਪੈਰ ’ਚ ਗੋਲੀ ਲੱਗੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹ ਇਲਾਜ ਅਧੀਨ ਹੈ।"
ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਤਿੰਨੇ ਬਦਮਾਸ਼ ਨਸ਼ਾ ਤਸਕਰੀ ਅਤੇ ਹਥਿਆਰਾਂ ਦੀ ਗੈਰ ਕਾਨੂੰਨੀ ਤਸਕਰੀ ਵਿੱਚ ਲੰਬੇ ਸਮੇਂ ਤੋਂ ਸ਼ਾਮਿਲ ਸਨ। ਇਨ੍ਹਾਂ ਦਾ ਸਬੰਧ ਕਈ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਨਾਲ ਵੀ ਜੋੜਿਆ ਜਾ ਰਿਹਾ ਹੈ। ਪੁਲਿਸ ਵੱਲੋਂ ਹੁਣ ਤੱਕ ਦੀ ਗ੍ਰਿਫਤਾਰੀ ਤੋਂ ਇਲਾਵਾ ਹੋਰ ਵੀ ਗੈਂਗ ਮੈਂਬਰਾਂ ਦੀ ਤਲਾਸ਼ ਜਾਰੀ ਹੈ ਅਤੇ ਸਾਰੀ ਜਾਂਚ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।