ਤਲਵੰਡੀ ਸਾਬੋ : ਖਾਲਸਾ ਸਾਜਨਾ ਦਿਵਸ ਵਿਸਾਖੀ ਜੋੜ ਮੇਲੇ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਏ ਅਤੇ ਕਈ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਸੰਗਤ ਲਈ ਗੁਰੂ ਘਰ ਵਿੱਚ ਲਾਏ ਛਾਇਆਮਾਨ ਦੇ ਪੋਲਾਂ ’ਚ ਕਰੰਟ ਆ ਗਿਆ ਤਾਂ ਉਥੇ ਖੜ੍ਹੇ ਨੌਜਵਾਨ ਇਸ ਨਾਲ ਝੁਲਸ ਗਏ ਜਿਨਾਂਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਇਸ ਮੌਕੇ ਕਰੰਟ ਨਾਲ ਜ਼ਖ਼ਮੀ ਪਏ ਵਿਅਕਤੀ ਨੇ ਦੱਸਿਆ ਕਿ ਮੇਲੇ ’ਚ ਲੋਹੇ ਦੇ ਖੰਭਿਆਂ ’ਤੇ ਪੱਖੇ ਲਾਏ ਹੋਏ ਹਨ ਕਿ ਇਸੇ ਦੌਰਾਨ ਇੱਕ ਖੰਭੇ ’ਚ ਕਰੰਟ ਆ ਗਿਆ। ਮੌਕੇ ’ਤੇ ਕਾਫੀ ਭਗਦੜ ਮੱਚ ਗਈ, ਜਿਸ ਦੀ ਚਪੇਟ ’ਚ ਤਿੰਨ ਸ਼ਰਧਾਲੂ ਆ ਗਏ। ਤਿੰਨਾਂ ਨੂੰ ਤੁਰੰਤ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਇੱਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਦੋ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ਼ ਹਨ।
ਹਸਪਤਾਲ ’ਚ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਸਾਡੇ ਕੋਲ ਕਰੰਟ ਨਾਲ ਪੀੜਤ ਤਿੰਨ ਵਿਅਕਤੀ ਆਏ ਸਨ। ਜਿਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਭਿੰਦਰ ਸਿੰਘ ਵਾਸੀ ਪਿੰਡ ਸੂਰਤੀਆ ਜ਼ਿਲ੍ਹਾ ਸਿਰਸਾ ਹਰਿਆਣਾ ਵਜੋਂ ਹੋਈ ਹੈ। ਜਦ ਕਿ ਜ਼ਖ਼ਮੀਆਂ ਦੀ ਪਛਾਣ ਸਤਪਾਲ ਸਿੰਘ ਅਤੇ ਕੁਲਵੀਰ ਸਿੰਘ ਵਾਸੀ ਪਿੰਡ ਜਖੇਪਲ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਅੱਜ ਵਿਸਾਖੀ ਦੇ ਪਵਿਤੱਰ ਦਿਹਾੜੇ ਮੌਕੇ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਤਲਵੰਡੀ ਸਾਬੋ ਅਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਹਨ। ਅਜਿਹੇ ਵਿੱਚ ਇਸ ਹਾਦਸੇ ਨੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾ ਦਿੱਤੀ ਹੈ।