ਲੁਧਿਆਣਾ: ਮਾਡਲ ਟਾਊਨ ਦੇ ਵਿੱਚ 82 ਸਾਲ ਦੇ ਡਾਕਟਰ ਆਰ ਐਸ ਨੰਦਾ (ਰਘਬੀਰ ਸਿੰਘ ਨੰਦਾ) ਜੋ ਕਿ ਇੱਕ ਪ੍ਰਸਿੱਧ ਚਮੜੀ ਰੋਗ ਮਾਹਿਰ ਹਨ, ਉਨ੍ਹਾਂ ਦੇ ਕੁਦਰਤ ਅਤੇ ਹਰਿਆਵਲ ਦੇ ਪ੍ਰਤੀ ਪਿਆਰ ਨੇ ਉਨ੍ਹਾਂ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ। ਇੱਕ ਉਜਾੜ ਜੰਗਲ ਨੂੰ ਉਨ੍ਹਾਂ ਨੇ ਇੱਕ ਖੂਬਸੂਰਤ ਡਾ. ਨੰਦਾ ਪਾਰਕ ਵਿੱਚ ਤਬਦੀਲ ਕਰ ਦਿੱਤਾ। ਜਿਸ ਵਿੱਚ ਲੋਕ ਸਵੇਰੇ ਸ਼ਾਮ ਸੈਰ ਕਰਨ ਆਉਂਦੇ ਹਨ। ਇਸ ਪਾਰਕ ਦਾ ਨਾਂ ਵੀ ਨਗਰ ਨਿਗਮ ਦੇ ਨਾਂ 'ਤੇ ਹੀ ਰੱਖ ਦਿੱਤਾ ਗਿਆ।
ਇੱਕ ਕਿਲੋਮੀਟਰ ਤੋਂ ਵਧੇਰੇ ਇਲਾਕੇ ਵਿੱਚ ਪਹਿਲਾ ਇਹ ਇਕਲੌਤਾ ਪਾਰਕ ਹੈ, ਜਿਸ ਵਿੱਚ ਪੰਛੀਆਂ ਦੇ ਰਹਿਣ ਲਈ ਆਸਰੇ, ਹਰਬਲ ਗਾਰਡਨ, ਕੈਕਟਸ ਗਾਰਡਨ, ਝਰਨਾ, ਕਿਸ਼ਤੀਆਂ ਆਦਿ ਤੋਂ ਇਲਾਵਾ ਪੰਜਾਬ ਦੇ ਪੁਰਾਤਨ ਦਰਖ਼ਤ, ਸੋਹਣੇ ਫੁੱਲ ਬੂਟੇ, ਕਲਾਕ੍ਰਿਤੀਆ ਦੀ ਭਰਮਾਰ ਹੈ।
ਮੈਂ ਸੁਪਰ ਸੀਨੀਅਰ ਹਾਂ, 83ਵੇਂ ਸਾਲ ਲੱਗ ਚੁੱਕਾ ਹੈ। ਮੈਨੂੰ ਕੁਦਰਤ ਨਾਲ ਬਹੁਤ ਪਿਆਰ ਹਾਂ। 35 ਸਾਲ ਤੋਂ ਮੇਰਾ ਇਸ ਪਾਰਕ ਨਾਲ ਨਾਤਾ ਜੁੜਿਆ। ਮੈਂ ਚਮੜੀ ਮਾਹਿਰ ਡਾਕਟਰ ਹਾਂ, ਇਸ ਦੇ ਨਾਲ ਹੀ ਕੁਦਰਤ ਨਾਲ ਵੀ ਜੁੜਿਆ ਹਾਂ। ਇਹ ਥਾਂ ਸਰਕਾਰ ਵੱਲੋਂ ਛੱਡੀ ਉਜਾੜ ਥਾਂ ਸੀ ਜਿਸ ਨੂੰ ਸੋਹਣਾ-ਸੁੱਚਜਾ ਪਾਰਕ ਬਣਾਉਣ ਬਾਰੇ ਸੋਚਿਆ। 10 ਸਾਲ ਜ਼ਮੀਨ ਨੂੰ ਪੱਧਰੀ ਕਰਨ ਉੱਤੇ ਲਾਏ। ਫਿਰ ਹੋਲੀ-ਹੋਲੀ ਬੂਟੇ-ਦਰੱਖ਼ਤਾਂ ਉੱਤੇ ਕੰਮ ਸ਼ੁਰੂ ਕੀਤਾ। 3500 ਤੋਂ ਵੱਧ ਬੂਟੇ-ਦਰੱਖ਼ਤ ਇਸ ਸਮੇਂ ਇੱਥੇ ਹਨ। ਮੈਂ ਖੁਦ ਹੀ ਸੁੱਕੇ ਦਰੱਖ਼ਤਾਂ ਨੂੰ ਕਲਾਕ੍ਰਿਤੀਆਂ ਕਰਕੇ ਆਕਰਸ਼ਿਤ ਬਣਾ ਦਿੱਤਾ।
- ਡਾ. ਆਰਐਸ ਨੰਦਾ, ਸਕਿਨ ਮਾਹਿਰ ਅਤੇ ਵਾਤਾਵਰਣ ਪ੍ਰੇਮੀ

ਪਾਰਕ ਨੂੰ ਪਿਛਲੇ 35 ਸਾਲ ਤੋਂ ਸੰਜੋ ਰਹੇ ਡਾ. ਨੰਦਾ, ਕਿਵੇਂ ਹੋਈ ਸ਼ੁਰੂਆਤ
ਡਾਕਟਰ ਆਰਐਸ ਨੰਦਾ ਨੇ ਆਪਣੀ ਜ਼ਿੰਦਗੀ ਦੇ 35 ਸਾਲ ਇਸ ਪਾਰਕ ਨੂੰ ਦਿੱਤੇ ਹਨ, ਹਾਲਾਂਕਿ ਹੁਣ ਉਹ ਕਲੀਨਿਕ ਨੂੰ ਘੱਟ ਅਤੇ ਅਤੇ ਪਾਰਕ ਨੂੰ ਜ਼ਿਆਦਾ ਸਮਾਂ ਦਿੰਦੇ ਹਨ। ਸਾਲ 1984 ਵਿੱਚ ਸਿੱਖ ਨਸਲਕੁਸ਼ੀ ਦੌਰਾਨ ਜਦੋਂ ਉਹ ਉੱਜੜ ਕੇ ਲੁਧਿਆਣਾ ਪਹੁੰਚੇ, ਤਾਂ ਉਨ੍ਹਾਂ ਨੇ ਇੱਥੇ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਨੌਕਰੀ ਸ਼ੁਰੂ ਕੀਤੀ। ਉਨ੍ਹਾਂ ਦੇ ਘਰ ਪਿੱਛੇ ਬਹੁਤ ਵੱਡਾ ਗਰੀਨ ਜ਼ੋਨ ਏਰੀਆ ਸੀ, ਜੋ ਕਿ ਉਜਾੜ ਅਤੇ ਜੰਗਲ ਸੀ। ਉਹਨਾਂ ਦਾ ਕੁਦਰਤ ਅਤੇ ਹਰਿਆਵਲ ਦੇ ਨਾਲ ਸ਼ੁਰੂ ਤੋਂ ਹੀ ਬੇਹੱਦ ਲਗਾਅ ਸੀ ਜਿਸ ਕਰਕੇ ਉਨ੍ਹਾਂ ਨੇ ਇਸ ਦੀ ਦਿਖ ਬਦਲਣ ਲਈ ਕੰਮ ਸ਼ੁਰੂ ਕੀਤਾ ਅਤੇ 35 ਸਾਲ ਇਸ ਪਾਰਕ ਨੂੰ ਦੇਣ ਤੋਂ ਬਾਅਦ ਅੱਜ ਇਸ ਪਾਰਕ ਦਾ ਨਾਂ ਉਨ੍ਹਾਂ ਦੇ ਨਾਂ ਉੱਤੇ ਹੀ ਹੈ। ਜਿਹੜੇ ਦਰੱਖਤ ਸੁੱਕ ਜਾਂਦੇ ਹਨ, ਉਨ੍ਹਾਂ ਨੂੰ ਵੀ ਉਹ ਖੂਬਸੂਰਤ ਢੰਗ ਨਾਲ ਕਲਾ ਕ੍ਰਿਤੀਆਂ ਦੇ ਵਿੱਚ ਤਬਦੀਲ ਕਰ ਦਿੰਦੇ ਹਨ, ਜੋ ਕਿ ਇਸ ਪਾਰਕ ਵਿੱਚ ਆਕਰਸ਼ਨ ਦਾ ਕੇਂਦਰ ਹੈ।
22 ਫੁੱਟ ਉੱਚੇ ਦਰੱਖ਼ਤ ਉੱਤੇ ਖੁਦ ਕੀਤੀ ਖਾਸ ਕਲਾਕਾਰੀ
ਡਾ. ਨੰਦਾ ਨੇ ਮੇਨਕਾ ਅਤੇ ਵਿਸ਼ਵਾ ਮਿੱਤਰ ਦੇ ਚਿੱਤਰ ਬਣਾਏ ਹਨ। 82 ਸਾਲ ਦੀ ਉਮਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਢਾਈ ਸਾਲ ਵਿੱਚ ਇੱਕ ਸੁੱਕੇ ਹੋਏ ਦਰੱਖਤ ਨੂੰ ਵਿਸ਼ਵਾਮਿੱਤਰ ਦਾ ਰੂਪ ਦੇਣ ਵਿੱਚ ਲਗਾ ਦਿੱਤੇ। ਖੁਦ ਪੋੜੀ ਲਾ ਕੇ 22 ਫੁੱਟ ਉੱਤੇ ਚੜ ਕੇ ਇਸ ਕਲਾਕ੍ਰਿਤੀ ਨੂੰ ਉਹ ਤਿਆਰ ਕਰਦੇ ਰਹੇ। ਡਾਕਟਰ ਨੰਦਾ ਵੱਲੋਂ ਇਹ ਪਾਰਕ ਜਪਾਨੀ ਤਕਨੀਕ ਦੇ ਨਾਲ ਬਣਾਇਆ ਗਿਆ।

ਦੁੱਖ ਵੰਡਾਉਂਦੇ ਦਰੱਖ਼ਤ
ਡਾ. ਨੰਦਾ ਵੱਲੋਂ ਪਾਰਕ ਅੰਦਰ ਇੱਕ ਦਰੱਖ਼ਤ ਨੂੰ ਅਜਿਹੀ ਰੂਪ ਰੇਖਾ ਦਿੱਤੀ ਗਈ ਹੈ ਕਿ ਉਹ ਸਿਰ ਉੱਤੇ ਹੱਥ ਰੱਖੀ ਬੈਠਾ ਹੈ ਅਤੇ ਦੁਖੀ ਹੈ, ਪਰ ਹੇਠਾ ਸਲੋਗਨ ਲਿਖਿਆ ਹੈ ਕਿ ਜੇ ਸਮਾਂ ਸੁੱਖ ਨਹੀਂ ਦੇ ਰਿਹਾ ਤਾਂ, ਦੁੱਖ ਵੀ ਨਹੀਂ ਦੇਵੇਂਗਾ। ਹਨ੍ਹੇਰੇ ਬਾਅਦ ਚਾਨਣ ਹੋਵੇਗਾ।
ਪਾਰਕ ਵਿੱਚ ਕੁਝ ਅਜਿਹੇ ਲੋਕ ਵੀ ਆਉਂਦੇ ਹਨ, ਜੋ ਘਰੋਂ ਲੜ-ਝਗੜ ਕੇ ਜਾਂ ਦੁਖੀ-ਪ੍ਰੇਸ਼ਾਨ ਹੋਏ ਆਉਂਦੇ ਹਨ। ਜਿਨ੍ਹਾਂ ਨੂੰ ਦੇਖ ਕੇ ਮੈ ਦਰਖ਼ਤ ਤੋਂ ਮੂਰਤੀ ਬਣਾਈ ਹੈ ਕਿ ਇਹ ਵਕਤ ਵੀ ਗੁਜ਼ਰ ਜਾਵੇਗਾ (This Time Will Also Passed), ਦੁੱਖ ਹੈ, ਤਾਂ ਸੁੱਖ ਵੀ ਆਵੇਗਾ, ਹਨ੍ਹੇਰਾ ਹੈ ਤਾਂ ਚਾਨਣ ਵੀ ਆਵੇਗਾ, ਇਹ ਸਦਾ ਰਹਿਣ ਵਾਲੀਆਂ ਚੀਜ਼ਾਂ ਨਹੀਂ।
- ਡਾ. ਆਰਐਸ ਨੰਦਾ, ਸਕਿਨ ਮਾਹਿਰ ਅਤੇ ਵਾਤਾਵਰਨ ਪ੍ਰੇਮੀ
ਜਜਪਾਨੀਆਂ ਤੋਂ ਪ੍ਰਭਾਵਿਤ ਡਾ. ਨੰਦਾ
ਡਾਕਟਰ ਨੰਦਾ ਨੇ ਸਾਡੀ ਟੀਮ ਨਾਲ ਗੱਲ ਕਰਦੇ ਕਿਹਾ ਕਿ ਉਹ ਜਪਾਨੀਆਂ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਦਾ ਕੁਦਰਤ ਪ੍ਰਤੀ ਪ੍ਰੇਮ, ਪਰਮਾਤਮਾ ਪ੍ਰਤੀ ਵਿਸ਼ਵਾਸ, ਸਮੇਂ ਦੇ ਪਾਬੰਦ ਅਤੇ ਮਿਹਨਤ ਕਰਨ ਦੀ ਲਗਨ ਦੁਨੀਆਂ ਤੋਂ ਵੱਖਰੀ ਹੈ। ਡਾ. ਨੰਦਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਉੱਥੇ ਪਾਰਕ ਵੇਖੇ ਤਾਂ ਬੜੇ ਆਕਰਸ਼ਿਤ ਹੋਏ। ਉਸੇ ਤਰਜ 'ਤੇ ਉਨ੍ਹਾਂ ਨੇ ਲੁਧਿਆਣਾ ਦੇ ਇਸ ਪਾਰਕ ਦੀ ਰੂਪ ਰੇਖਾ ਤਿਆਰ ਕੀਤੀ। ਮੈਡੀਟੇਸ਼ਨ ਲਈ ਫੱਟੇ ਲਗਾਏ ਗਏ ਹਨ, ਕਿਉਂਕਿ ਨਾ ਉਹ ਗਰਮੀਆਂ ਵਿੱਚ ਗਰਮ ਹੁੰਦੇ ਹਨ ਅਤੇ ਨਾ ਹੀ ਸਰਦੀਆਂ ਵਿੱਚ ਠੰਢੇ ਹੁੰਦੇ ਹਨ।

ਇਸ ਤੋਂ ਇਲਾਵਾ ਜਪਾਨੀਆਂ ਦੇ ਪਾਰਕ ਵਿੱਚ ਪਾਣੀ ਦੇ ਝਰਨੇ ਨਾਲੇ ਨਦੀਆਂ ਅਤੇ ਪਹਾੜ ਜ਼ਰੂਰ ਹੁੰਦੇ ਹਨ ਹਾਲਾਂਕਿ ਇੱਥੇ ਉਹ ਮੌਜੂਦ ਨਹੀਂ ਸਨ, ਪਰ ਉਨ੍ਹਾਂ ਨੇ ਬਨਾਵਟੀ ਤੌਰ ਉੱਤੇ ਇਹ ਸਭ ਬਣਾਇਆ ਹੈ। ਬਹੁਤ ਦਰੱਖਤਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਜਦੋਂ ਕੋਰੋਨਾ ਦਾ ਦੌਰ ਚੱਲ ਰਿਹਾ ਸੀ, ਉਦੋਂ ਉਨ੍ਹਾਂ ਨੇ ਮੂਰਤੀਆਂ ਨੂੰ ਇੰਨਾ ਟਾਈਮ ਦਿੱਤਾ ਕਿ ਅੱਜ ਇਸ ਪਾਰਕ ਦਾ ਨਕਸ਼ਾ ਬਦਲ ਚੁੱਕਾ ਹੈ ਅਤੇ ਪੂਰੇ ਲੁਧਿਆਣਾ ਵਿੱਚ ਸਭ ਤੋਂ ਖੂਬਸੂਰਤ ਪਾਰਕਾਂ ਦੇ ਵਿੱਚੋਂ ਇਹ ਇੱਕ ਹੈ।
ਜਦੋਂ ਡਾ. ਨੰਦਾ ਨੇ ਸ਼ੁਰੂਆਤ ਕੀਤੀ, ਉਸ ਸਮੇਂ ਇਹ ਜੰਗਲ ਸੀ। ਇਨ੍ਹਾਂ ਨੇ ਜਾਪਾਨੀ ਪਾਰਕ ਦੇਖੇ ਹੋਏ ਸੀ ਅਤੇ ਉਹੀ ਉਨ੍ਹਾਂ ਦੇ ਦਿਮਾਗ ਵਿੱਚ ਸੀ, ਬਸ ਉਸੇ ਇੱਥੇ ਉਲੀਕ ਦਿੱਤਾ। ਲੋਕ ਇੱਥੇ ਆਉਂਦੇ ਬਹੁਤ ਖੁਸ਼ ਹੁੰਦੇ। ਪ੍ਰੀ-ਵੈਡਿੰਗ ਵੀ ਇੱਥੇ ਪਰਿਵਾਰ ਸ਼ੂਟ ਕਰਦੇ ਹਨ, ਸੈਲਫੀਆਂ ਲੈਂਦੇ ਹਨ। ਲੋਕ ਕਹਿੰਦੇ ਹਨ ਕਿ ਉੰਨਾ ਮਜ਼ਾ ਮਨਾਲੀ ਜਾ ਕੇ ਨਹੀਂ ਆਉਂਦਾ, ਜਿੰਨਾ ਇਸ ਪਾਰਕ ਵਿੱਚ ਹੈ। ਡਾ. ਨੰਦਾ ਨੇ ਜੰਮੂ ਤੱਕ ਜਾ ਕੇ ਬੂਟਾ ਲਿਆ ਕੇ ਇੱਥੇ ਪਾਰਕ ਵਿੱਚ ਲਾਏ ਹਨ। ਕੈਕਟਸ ਗਾਰਡਨ ਵਿੱਚ 55 ਸਾਲ ਪੁਰਾਣੇ ਨਟਸ ਲੱਗੇ ਹੋਏ ਹਨ। ਲੁਧਿਆਣਾ ਵਿੱਚ ਸਾਰੀਆਂ ਪਾਰਕਾਂ ਚੋਂ ਡਾ. ਨੰਦਾ ਪਾਰਕ ਦੂਜੇ ਨੰਬਰ ਉੱਤੇ ਆਈ।
- ਹਰਜੀਤ ਸਿੰਘ, ਡਾਕਟਰ ਨੰਦਾ ਦੇ ਦੋਸਤ
3500 ਤੋਂ ਵੱਧ ਦਰੱਖਤਾਂ ਬੂਟਿਆਂ ਵਾਲਾ ਪਾਰਕ
ਡਾਕਟਰ ਨੰਦਾ ਵੱਲੋਂ ਪਾਰਕ ਵਿੱਚ ਪਸ਼ੂ ਪੰਛੀਆਂ ਲਈ ਵਿਸ਼ੇਸ਼ ਤੌਰ ਉੱਤੇ ਪਾਣੀ ਅਤੇ ਦਾਣਿਆਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। ਉਹ ਖੁਦ ਆ ਕੇ ਸਵੇਰੇ ਪਾਣੀ ਦਿੰਦੇ ਹਨ ਅਤੇ ਦਾਣੇ ਪਾਉਂਦੇ ਹਨ। ਜਿਸ ਨਾਲ ਉਨ੍ਹਾਂ ਨੂੰ ਬਹੁਤ ਸਕੂਨ ਮਿਲਦਾ ਹੈ। ਪਾਰਕ ਵਿੱਚ ਵੱਖ-ਵੱਖ 50 ਕਿਸਮਾਂ ਦੇ ਹਰਬਲ ਬੂਟੇ ਹਨ, ਜੋ ਕਿ ਹਵਾ ਅਤੇ ਆਕਸੀਜਨ ਨੂੰ ਸ਼ੁੱਧ ਕਰਦੇ ਹਨ। ਇਸ ਤੋਂ ਇਲਾਵਾ ਅਨੰਤਮੂਲ, ਅਸ਼ਵਗੰਧਾ, ਸ਼ਤਾਵਰੀ, ਯਸ਼, ਇਨਸੂਲੀਨ, ਪਿਪਲੀ ਆਦਿ ਕਈ ਦਰੱਖ਼ਤ ਸ਼ਾਮਲ ਹਨ। 200 ਤੋਂ ਵੱਧ ਕਿਸਮਾਂ ਦੇ ਕੈਕਟਸ ਵੀ ਪਾਰਕ ਵਿੱਚ ਮੌਜੂਦ ਹਨ। ਕੁੱਲ੍ਹ 3500 ਤੋਂ ਵੱਧ ਪੌਦੇ-ਦਰੱਖ਼ਤ ਇੱਥੇ ਮੌਜੂਦ ਹਨ।
ਨਗਰ ਨਿਗਮ ਵੱਲੋਂ ਦੋ ਮਾਲੀ ਵੀ ਦਿੱਤੇ ਗਏ, ਨਾਲ ਖੁਦ ਵੀ ਕਰਦੇ ਕੰਮ
ਡਾਕਟਰ ਨੰਦਾ ਵੱਲੋਂ ਆਪਣੀ ਪੂਰੀ ਜੀਵਨੀ ਉੱਤੇ ਇੱਕ ਕਿਤਾਬ ਵੀ ਲਿਖੀ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੇ ਕੁਦਰਤ ਪ੍ਰਤੀ ਪ੍ਰੇਮ ਨੂੰ ਵੀ ਜ਼ਾਹਿਰ ਕੀਤਾ ਹੈ। ਉਹ ਦੱਸਦੇ ਹਨ ਕਿ ਪਾਰਕ ਵਿੱਚ ਲੱਗਿਆ ਇੱਕ ਇੱਕ ਬੂਟਾ-ਦਰੱਖ਼ਤ ਉਨ੍ਹਾਂ ਨੂੰ ਆਪਣੇ ਬੱਚਿਆਂ ਵਰਗਾ ਲੱਗਦਾ ਹੈ। ਪਾਰਕ ਦੀ ਦੇਖਭਾਲ ਦੋ ਮਾਲੀ ਕਰਦੇ ਹਨ, ਜਿਨ੍ਹਾਂ ਨੂੰ ਤਨਖਾਹ ਨਗਰ ਨਿਗਮ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ, ਪਰ ਉਹ ਆਪਣੇ ਦਸਵੰਧ ਵਿੱਚੋਂ ਵੀ ਪਾਰਕ ਨੂੰ ਵੱਡਾ ਹਿੱਸਾ ਦਿੰਦੇ ਹਨ, ਤਾਂ ਜੋ ਲੋਕਾਂ ਲਈ ਇੱਕ ਸ਼ੁੱਧ ਵਾਤਾਵਰਣ ਸਿਰਜਿਆ ਜਾ ਸਕੇ।
ਮੈਂ ਪਿਛਲੇ 15 ਸਾਲ ਤੋਂ ਇਸ ਪਾਰਕ ਵਿੱਚ ਆ ਰਿਹਾ ਹਾਂ, ਉਦੋਂ ਤੋਂ ਹੀ ਡਾ. ਨੰਦਾ ਨੂੰ ਮਾਲੀਆਂ ਦੇ ਨਾਲ ਮਾਲੀ ਵਾਂਗ ਕਰਦੇ ਦੇਖਿਆ। ਇਹ ਪਾਰਕ ਬਹੁਤ ਵਧੀਆ ਹੈ ਅਤੇ ਡਾ. ਨੰਦਾ ਨੇ ਇੱਥੇ ਬਹੁਤ ਮਿਹਨਤ ਕੀਤੀ ਹੈ। ਇੱਥੇ ਆ ਕੇ ਪੂਰਾ ਸੁਕੂਨ ਮਿਲਦਾ ਹੈ।
- ਪਾਰਕ ਘੁੰਮਣ ਆਉਣ ਵਾਲੇ
ਡਾ. ਨੰਦਾ ਦੇ ਸਾਥੀ ਹਰਜੀਤ ਸਿੰਘ ਦੱਸਦੇ ਹਨ ਕਿ ਨੰਦਾ ਦਾ ਕੁਦਰਤ ਪ੍ਰਤੀ ਪ੍ਰੇਮ ਵੇਖਦਿਆਂ ਹੀ ਬਣਦਾ ਹੈ। ਉਨ੍ਹਾਂ ਵਰਗਾ ਇਨਸਾਨ ਜ਼ਿੰਦਗੀ ਵਿੱਚ ਨਹੀਂ ਵੇਖਿਆ ਜੋ ਇੰਨਾ ਖੁਸ਼ ਦਿਲ ਅਤੇ ਇੰਨਾ ਪਿਆਰ ਮੁਹੱਬਤ ਦੇਣ ਵਾਲਾ ਹਮੇਸ਼ਾ ਕੁਦਰਤ ਦੇ ਨਾਲ ਜੁੜੇ ਰਹਿਣ ਵਾਲੇ ਇਨਸਾਨ ਹਨ ਡਾਕਟਰ ਨੰਦਾ । ਉਨ੍ਹਾਂ ਕਿਹਾ ਕਿ ਇਸ ਪਾਰਕ ਲਈ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ ਹੈ। ਉੱਥੇ ਹੀ, ਪਾਰਕ ਵਿੱਚ ਘੁੰਮਣ ਆਉਣ ਵਾਲੇ ਲੋਕ ਵੀ ਡਾਕਟਰ ਨੰਦਾ ਦੀਆਂ ਸਿਫਤਾਂ ਕਰਦੇ ਹਨ ਅਤੇ ਕਹਿੰਦੇ ਨੇ ਕਿ ਅਜਿਹਾ ਪਾਰਕ ਉਨ੍ਹਾਂ ਨੇ ਕਿਤੇ ਨਹੀਂ ਵੇਖਿਆ, ਜਿੱਥੇ ਸ਼ਾਂਤ ਅਤੇ ਸੁੰਦਰ ਮਾਹੌਲ ਹੋਵੇ।