ਮੁਹਾਲੀ: ਜੇਕਰ ਤੁਸੀਂ ਫਾਸਟ ਫੂਡ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਮੁਹਾਲੀ ਦੇ ਪਿੰਡ ਮਟੌਰ ਦੇ ਰਿਹਾਇਸ਼ੀ ਇਲਾਕੇ 'ਚ ਮੋਮੋਜ਼ ਅਤੇ ਸਪਰਿੰਗ ਰੋਲ ਬਣਾਉਣ ਵਾਲੀ ਫੈਕਟਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਾਥਰੂਮਾਂ ਅਤੇ ਗੰਦਗੀ 'ਚ ਮੋਮੋ,ਸਪਰਿੰਗ ਰੋਲ ਅਤੇ ਹੋਰ ਖਾਣ-ਪੀਣ ਦਾ ਸਮਾਨ ਤਿਆਰ ਕੀਤਾ ਜਾਂਦਾ ਸੀ। ਇਸ ਸਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਸੀ।
ਕਥਿਤ ਵੀਡੀਓ ਵਾਇਰਲ
ਇਹ ਮਾਮਲਾ ਸ਼ਨੀਵਾਰ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਪਿੰਡ ਵਾਸੀਆਂ ਨੇ ਫੈਕਟਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਵੀਡੀਓ ਵਿੱਚ ਕਥਿਤ ਰੂਪ ਨਾਲ ਇਹ ਦਾਅਵਾ ਵੀ ਕੀਤਾ ਗਿਆ ਕਿ ਮਟੌਰ ਫੈਕਟਰੀ ਵਿੱਚ ਇੱਕ ਫਰਿੱਜ ਦੇ ਅੰਦਰੋਂ ਇੱਕ ਕੁੱਤੇ ਦਾ ਕੱਟਿਆ ਹੋਇਆ ਸਿਰ ਮਿਲਿਆ ਹੈ। ਭਾਂਡਿਆਂ ਵਿੱਚ ਕੁਝ ਮਾਸ ਵੀ ਮਿਲਿਆ ਹੈ। ਇਸ ਫੈਕਟਰੀ ਵਿੱਚ ਮੋਮੋ ਅਤੇ ਸਪਰਿੰਗ ਰੋਲ ਬਣਾਏ ਜਾਂਦੇ ਸਨ ਅਤੇ ਕਈ ਥਾਵਾਂ 'ਤੇ ਸਪਲਾਈ ਕੀਤੇ ਜਾਂਦੇ ਸਨ। ਖ਼ਬਰਾਂ ਭਾਵੇਂ ਮੀਡੀਆ ਦੀਆਂ ਸੁਰਖੀਆਂ ਬਣੀਆਂ ਪਰ ਕਿਸੇ ਵੀ ਅਧਿਕਾਰੀ ਨੇ ਚਿਕਨ ਮੋਮਜ਼ ਜਾਂ ਨੂਡਲਜ਼ ਵਿੱਚ ਕੁੱਤੇ ਦਾ ਮੀਟ ਵਰਤੇ ਜਾਣ ਜਾਂ ਫਰਿੱਜ਼ ਵਿੱਚ ਕੁੱਤੇ ਦਾ ਸਿਰ ਮਿਲਣ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਹੈ।
ਮਾਮਲੇ ਸਬੰਧੀ ਜਾਂਚ ਅਫ਼ਸਰ ਜ਼ੋਰਾਵਰ ਸਿੰਘ ਨੇ ਕਿਹਾ ਕਿ, ਮੋਮਜ਼ ਅਤੇ ਸਪਰਿੰਗ ਰੋਲ ਵਾਲੀ ਫੈਕਟਰੀ ਸੀ, ਜਿਸ ਸਬੰਧੀ ਸਾਨੂੰ ਸ਼ਿਕਾਇਤ ਮਿਲੀ ਸੀ। ਜਿਸ ਤੋਂ ਬਾਅਦ ਅਸੀਂ ਬੀਤੇ ਦਿਨ ਜਾਂਚ ਕੀਤੀ ਤਾਂ ਮੋਮਜ਼ ਅਤੇ ਸਪਰਿੰਗ ਰੋਲ ਬਣਾਉਣ ਵਾਲੀ ਸਬਜ਼ੀ ਤੋਂ ਕਾਫ਼ੀ ਬਦਬੂ ਆ ਰਹੀ ਸੀ। ਜਿਸ ਨੂੰ ਕਿ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਟੀਮ ਵੱਲੋਂ ਚਿਕਨ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ, ਜਿਸ 'ਚ ਚਿਕਨ ਕੱਟਿਆ ਜਾ ਰਿਹਾ ਸੀ ਅਤੇ ਉਸ ਦੇ ਸੈਂਪਲ ਵਿਭਾਗ ਦੀ ਟੀਮ ਨੇ ਲੈ ਲਏ ਹਨ।'
ਵਾਇਰਲ ਵੀਡੀਓ ਵਿੱਚ ਵਿਖਾਈ ਦੇ ਰਹੀ ਸੀ ਗੰਦਗੀ
ਵਾਇਰਲ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਸੀ ਕਿ ਮੋਮੋਜ਼ ਲਈ ਗੰਦੀ ਗੋਭੀ ਰੱਖੀ ਗਈ ਸੀ। ਇਸ ਤੋਂ ਇਲਾਵਾ ਬਾਥਰੂਮ ਵਿੱਚ ਸਮਾਨ ਰੱਖਿਆ ਹੋਇਆ ਸੀ। ਲੋਕਾਂ ਅਨੁਸਾਰ ਇਹ ਕੰਪਨੀ ਪਿਛਲੇ ਦੋ ਸਾਲਾਂ ਤੋਂ ਮੁਹਾਲੀ ਵਿੱਚ ਚੱਲ ਰਹੀ ਸੀ, ਜਿੱਥੇ ਨੇਪਾਲੀ ਮੂਲ ਦੇ ਅੱਠ ਤੋਂ ਦਸ ਵਿਅਕਤੀ ਕੰਮ ਕਰਦੇ ਸਨ। ਇਸ ਸਬੰਧੀ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਬਣੇ ਸਪਰਿੰਗ ਰੋਲ, ਨੂਡਲਜ਼ ਅਤੇ ਮੋਮੋਜ਼ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਨੂੰ ਸਪਲਾਈ ਕੀਤੇ ਜਾਂਦੇ ਸਨ।
ਫੈਕਟਰੀ ਦਾ ਮਾਲਕ ਫਰਾਰ
ਫੈਕਟਰੀ ਦਾ ਮਾਲਕ ਅਤੇ ਬਾਕੀ ਸਾਰੇ ਲੋਕ ਫਿਲਹਾਲ ਫਰਾਰ ਦੱਸੇ ਜਾਂਦੇ ਹਨ। ਪ੍ਰਸ਼ਾਸਨ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਪੂਰੀ ਘਟਨਾਕ੍ਰਮ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਤਾਂ ਜ਼ਰੂਰ ਆਇਆ ਪਰ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਮੁਹਾਲੀ ਦੇ ਪਿੰਡ ਮਟੌਰ ਤੋਂ ਵਿੱਚ ਜਦੋਂ ਸੰਬੰਧਿਤ ਅਫਸਰ ਮੌਕੇ ਉੱਤੇ ਪੁੱਜੇ ਤਾਂ ਇਸ ਦੌਰਾਨ ਕੁਝ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਤੋਂ ਬਾਅਦ ਕੁਝ ਦੁਕਾਨਾਂ ਤੋਂ ਮੀਟ ਦੇ ਸੈਂਪਲ ਵੀ ਭਰੇ ਅਤੇ ਕੁਝ ਦੁਕਾਨਦਾਰਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।