ਤਰਨ ਤਾਰਨ: ਬੀਤੇ ਦਿਨੀਂ ਥਾਣਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਕਲਸੀਆਂ ਕਲਾਂ ਦਾ ਰਹਿਣ ਵਾਲਾ ਅਪਾਹਜ ਨੌਜਵਾਨ ਇਨਸਾਫ਼ ਲੈਣ ਲਈ ਪੈਟਰੋਲ ਨਾਲ ਭਰੀ ਬੋਤਲ ਲੈ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ। ਜਿਸ ਤੋਂ ਬਾਅਦ ਪਰਿਵਾਰ ਨੇ ਤਰਲੇ ਮਿੰਨਤਾਂ ਕਰਕੇ ਨੌਜਵਾਨ ਨੂੰ ਹੇਠਾਂ ਉਤਰਣ ਦੀ ਅਪੀਲ ਕੀਤੀ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਪਾਹਜ ਨੌਜਵਾਨ ਲਵਦੀਪ ਸਿੰਘ ਦੇ ਪਿਤਾ ਤਾਰਾ ਸਿੰਘ ਨੇ ਦੱਸਿਆ ਕਿ '15 ਮਈ ਨੂੰ ਸਵੇਰੇ ਅੱਠ ਵਜੇ ਗੁਆਂਢ ਵਿੱਚ ਰਹਿੰਦੇ ਕੁਝ ਵਿਅਕਤੀਆਂ ਨੇ ਘਰ ਅੰਦਰ ਦਾਖ਼ਲ ਹੋ ਕੇ ਪੂਰੇ ਪਰਿਵਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਸਾਨੂੰ ਵਜ੍ਹਾ ਨਹੀਂ ਦੱਸੀ ਗਈ ਕਿ ਆਖਿਰ ਮਾਮਲਾ ਕੀ ਹੈ ਪਰ ਕੁਝ ਲੋਕਾਂ ਨੇ ਸਾਡੇ ਪਰਿਵਾਰ ਉੱਤੇ ਹਮਲਾ ਕੀਤਾ ਅਤੇ ਸਾਡੇ ਪੁੱਤ ਨੂੰ ਜ਼ਖਮੀ ਕਰ ਦਿੱਤਾ। ਜਿਸ ਤੋਂ ਦੋ ਦਿਨ ਬਾਅਦ ਵੀ ਪੁਲਿਸ ਨੇ ਇਨਸਾਫ਼ ਨਹੀਂ ਕੀਤਾ ਅਤੇ ਅਪਾਹਜ ਪੁੱਤ ਅੱਜ ਟੈਂਕੀ 'ਤੇ ਚੜ੍ਹ ਗਿਆ ਹੈ। ਮੁਲਜ਼ਮਾਂ ਦੇ ਨਾਲ ਪਿੰਡ ਦਾ ਸਰਪੰਚ ਖੜ੍ਹਾ ਹੈ, ਇਸ ਲਈ ਪੁਲਿਸ ਸੁਣਵਾਈ ਨਹੀਂ ਕਰ ਰਹੀ। ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਮੁਹੱਈਆ ਕਰਵਾਉਣ ਦੇ ਬਾਵਜੂਦ ਭਿੱਖੀਵਿੰਡ ਪੁਲਿਸ ਨੇ ਹਮਲਾਵਰਾਂ ਖ਼ਿਲਾਫ਼ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਪੁਲਿਸ ਦੀ ਬੇਇਨਸਾਫ਼ੀ ਤੋਂ ਤੰਗ ਆ ਕੇ ਅਪਾਹਜ ਪੁੱਤਰ ਨੂੰ ਪੈਟਰੋਲ ਵਾਲੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹਨਾ ਪਿਆ ਹੈ। ਅਸੀਂ ਪੁਲਿਸ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਸਾਡੀ ਗਲਤੀ ਹੈ ਤਾਂ ਵੀ ਕਾਰਵਾਈ ਕਰੋ ਪਰ ਸਾਨੂੰ ਇਨਸਾਫ ਦਿਓ। ਸਾਨੂੰ ਘਰ ਆਕੇ ਕੁੱਟਮਾਰ ਕਰ ਕੇ ਚਲੇ ਜਾਂਦੇ ਹਨ।'
ਨਿਹੰਗਾਂ ਦੇ ਬਾਣੇ 'ਚ ਆਏ ਸੀ ਹਮਲਾਵਰ
ਨੌਜਵਾਨ ਦੀ ਮਾਤਾ ਨੇ ਕਿਹਾ ਕਿ ਸਾਡੇ ਕੋਲ ਕੁੱਟਮਾਰ ਦੀਆਂ ਤਸਵੀਰਾਂ ਵੀ ਹਨ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਨਿਹੰਗ ਸਿੰਘ ਕਿਸ ਤਰ੍ਹਾਂ ਘਰ ਵਿੱਚ ਵੱੜ ਕੇ ਕੁਟਮਾਰ ਕਰ ਰਹੇ ਹਨ ਪਰ ਪੁਲਿਸ ਪੈਸੇ ਵਾਲਿਆਂ ਦੀ ਹੀ ਸੁਣ ਰਹੀ ਹੈ, ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੈ।
ਉੱਧਰ ਮਾਮਲੇ ਸੰਬੰਧੀ ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਭਿੱਖੀਵਿੰਡ ਮਨੋਜ ਕੁਮਾਰ ਵੱਲੋਂ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਮਗਰੋਂ ਨੌਜਵਾਨ ਟੈਂਕੀ ਤੋਂ ਹੇਠਾਂ ਉੱਤਰ ਆਇਆ। ਉਨ੍ਹਾਂ ਕਿਹਾ ਕਿ ਪੀੜਤ ਲਵਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਹਮਲਾਵਰਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।